ਲੁਧਿਆਣਾ ਵਿਚ ਇੱਕ ਬੰਦੇ ਨੇ ਆਪਣੀ ਪ੍ਰੇਮਿਕਾ ਨਾਲ ਵਿਆਹ ਕਰਵਾਉਣ ਲਈ ਸਾਵਧਾਨ ਇੰਡੀਆ ਦੇ ਕਿਸੇ ਐਪੀਸੋਡ ਵਾਂਗ ਸੋਚੀ ਸਮਝੀ ਸਾਜ਼ਿਸ਼ ਤਹਿਤ ਆਪਣੀ ਪਤਨੀ ਦਾ ਕਤਲ ਕਰਵਾ ਦਿੱਤਾ। ਪੁਲਿਸ ਨੇ ਸੋਮਵਾਰ ਨੂੰ ਇਸ ਮਾਮਲੇ ਦਾ ਖੁਲਾਸਾ ਕੀਤਾ ਤੇ ਦੋਸ਼ੀ ਅਨੋਖ ਕੁਮਾਰ ਦੀ ਪ੍ਰੇਮਿਕਾ ਸਣੇ ਚਾਰ ਸੁਪਾਰੀ ਕਿੱਲਰਾਂ ਨੂੰ ਗ੍ਰਿਫਤਾਰ ਕਰ ਲਿਆ। ਹਾਲਾਂਕਿ ਇੱਕ ਦੋਸ਼ੀ ਅਜੇ ਵੀ ਫਰਾਰ ਹੈ।
ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਮੁਤਾਬਕ ਡੇਹਲੋਂ ਨੇੜੇ ਬੀ-ਮੈਕਸ ਮਾਲ ਨੇੜੇ ਐਤਵਾਰ ਨੂੰ ਵਾਪਰੀ ਕਥਿਤ ਲੁੱਟ-ਖੋਹ ਅਤੇ ਕਤਲ ਦੀ ਵਾਰਦਾਤ ਸੋਚੀ-ਸਮਝੀ ਸਾਜ਼ਿਸ਼ ਸਾਬਤ ਹੋਈ। ਦੋਸ਼ੀ ਅਨੋਖ ਕੁਮਾਰ ਦੀ ਪਤਨੀ ਲਿਪਸੀ ਨੂੰ ਪਤਾ ਲੱਗਾ ਸੀ ਕਿ ਉਸ ਦੇ ਪਤੀ ਦਾ ਵਿਆਹ ਤੋਂ ਬਾਅਦ ਵੀ ਇੱਕ ਕੁੜੀ ਨਾਲ ਅਫੇਅਰ ਚੱਲ ਰਿਹਾ ਸੀ। ਅਨੋਖ ਆਪਣੀ ਪ੍ਰੇਮਿਕਾ ਪ੍ਰਤੀਕਸ਼ਾ ਨਾਲ ਵਿਆਹ ਕਰਨਾ ਚਾਹੁੰਦਾ ਸੀ। ਲਿਪਸੀ ਇਸ ਦੇ ਖਿਲਾਫ ਸੀ। ਇਸ ਤੋਂ ਬਾਅਦ ਅਨੋਖ ਕੁਮਾਰ ਨੇ ਆਪਣੀ ਪ੍ਰੇਮਿਕਾ ਨਾਲ ਮਿਲ ਕੇ ਲਿਪਸੀ ਦੇ ਕਤਲ ਦੀ ਸਾਜ਼ਿਸ਼ ਰਚੀ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਦੋਸ਼ੀ ਅਨੋਖ ਕੁਮਾਰ ਮਿੱਤਲ ਨੇ ਆਪਣੀ ਪਤਨੀ ਲਿਪਸੀ ਮਿੱਤਲ ਦੇ ਕਤਲ ਦੀ ਯੋਜਨਾ ਬਣਾਈ ਸੀ। ਸ਼ਨੀਵਾਰ ਰਾਤ ਕਰੀਬ 11 ਵਜੇ ਉਸ ਨੇ ਆਪਣੀ ਪਤਨੀ ਨਾਲ ਡਿਨਰ ਕੀਤਾ, ਫਿਰ ਡੀਜੇ ‘ਤੇ ਡਾਂਸ ਤੋਂ ਬਾਅਦ ਕਾਰ ‘ਚ ਘੁੰਮਣ ਨਿਕਲਿਆ। ਮਾਲ ਤੋਂ ਸਿਰਫ 200 ਮੀਟਰ ਦੀ ਦੂਰੀ ‘ਤੇ ਉਸ ਨੇ ਬਾਥਰੂਮ ਜਾਣ ਦੇ ਬਹਾਨੇ ਕਾਰ ਰੋਕ ਲਈ। ਇਹ ਉਹੀ ਥਾਂ ਸੀ ਜਿੱਥੇ ਸੁਪਾਰੀ ਮਾਰਨ ਵਾਲੇ ਪਹਿਲਾਂ ਹੀ ਉਨ੍ਹਾਂ ਦੀ ਉਡੀਕ ਕਰ ਰਹੇ ਸਨ।
ਯੋਜਨਾ ਤਹਿਤ ਬਦਮਾਸ਼ਾਂ ਨੇ ਪਹਿਲਾਂ ਅਨੋਖ ‘ਤੇ ਹਮਲਾ ਕੀਤਾ, ਜਿਸ ਨਾਲ ਇਹ ਲੁੱਟ ਦੀ ਵਾਰਦਾਤ ਸਾਬਤ ਹੋਵੇ। ਜਦੋਂ ਲਿਪਸੀ ਆਪਣੇ ਪਤੀ ਨੂੰ ਬਚਾਉਣ ਆਈ ਤਾਂ ਬਦਮਾਸ਼ਾਂ ਨੇ ਉਸ ‘ਤੇ ਜਾਨਲੇਵਾ ਹਮਲਾ ਕਰ ਦਿੱਤਾ। ਅਨੋਖ ਨੂੰ ਮਾਮੂਲੀ ਸੱਟਾਂ ਲੱਗੀਆਂ, ਜਦਕਿ ਲਿਪਸੀ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਦੀ ਅਗਵਾਈ ‘ਚ ਜਾਂਚ ਟੀਮ ਨੇ ਕੁਝ ਘੰਟਿਆਂ ‘ਚ ਹੀ ਮਾਮਲੇ ਦੀ ਤਹਿ ਤੱਕ ਪਹੁੰਚ ਕੇ ਦੋਸ਼ੀ ਪਤੀ ਅਨੋਖ ਨੂੰ ਗ੍ਰਿਫਤਾਰ ਕਰ ਲਿਆ। ਸਖ਼ਤੀ ਨਾਲ ਪੁੱਛਗਿੱਛ ਦੌਰਾਨ ਅਨੋਖ ਨੇ ਆਪਣਾ ਜੁਰਮ ਕਬੂਲ ਕਰ ਲਿਆ। ਉਸ ਨੇ ਮੰਨਿਆ ਕਿ ਉਸ ਨੇ ਬਦਮਾਸ਼ਾਂ ਨੂੰ ਸੁਪਾਰੀ ਦੇ ਕੇ ਆਪਣੀ ਪਤਨੀ ਦਾ ਕਤਲ ਕਰਵਾਇਆ ਅਤੇ ਇਸ ਨੂੰ ਲੁੱਟ ਦੀ ਵਾਰਦਾਤ ਦਾ ਰੂਪ ਦਿੱਤਾ ਤਾਂ ਜੋ ਕਿਸੇ ਨੂੰ ਉਸ ‘ਤੇ ਸ਼ੱਕ ਨਾ ਹੋ ਸਕੇ।
ਫੜੇ ਗਏ ਮੁਲਜ਼ਮਾਂ ਵਿੱਚ ਦੋਸ਼ੀ ਅਨੋਖ ਕੁਮਾਰ ਮਿੱਤਲ (35) ਅਤੇ ਉਸ ਦੀ 24 ਸਾਲਾ ਪ੍ਰੇਮਿਕਾ ਪ੍ਰਤੀਕਸ਼ਾ, ਵਾਸੀ ਜਮਾਲਪੁਰ, ਅੰਮ੍ਰਿਤਪਾਲ ਸਿੰਘ ਉਰਫ਼ ਬੱਲੀ (26) ਵਾਸੀ ਸਾਹਨੇਵਾਲ, ਗੁਰਦੀਪ ਸਿੰਘ ਉਰਫ਼ ਮੈਨੀ (25), ਸੋਨੂੰ ਸਿੰਘ (24) ਅਤੇ ਸਾਗਰਦੀਪ ਸਿੰਘ ਉਰਫ਼ ਤੇਜੀ (30) ਵਾਸੀ ਢੰਡਰੀਆਂ ਸ਼ਾਮਲ ਹਨ। ਸੁਪਾਰੀ ਲੈਣ ਵਾਲਾ ਗੁਰਪ੍ਰੀਤ ਸਿੰਘ ਵਾਸੀ ਢੰਡਾਰੀ ਫਰਾਰ ਹੈ।
ਪੰਜ ਲੱਖ ਵਿੱਚ ਤੈਅ ਹੋਇਆ ਸੀ ਮਾਮਲਾ
ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਮੁਤਾਬਕ ਦੋਸ਼ੀ ਅਨੋਖ ਕੁਮਾਰ ਮਿੱਤਲ ਨੇ ਆਪਣੀ ਪਤਨੀ ਦੇ ਕਤਲ ਦਾ ਸੌਦਾ 5 ਲੱਖ ਰੁਪਏ ਵਿੱਚ ਤੈਅ ਕੀਤਾ ਸੀ। ਢਾਈ ਲੱਖ ਰੁਪਏ ਅਡਵਾਂਸ ਦਿੱਤੇ ਗਏ ਸਨ, ਜਦੋਂ ਕਿ ਕਤਲ ਤੋਂ ਬਾਅਦ ਢਾਈ ਲੱਖ ਰੁਪਏ ਦੇਣ ਦਾ ਫੈਸਲਾ ਕੀਤਾ ਗਿਆ ਸੀ।
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਔਰਤ ਲਿਪਸੀ ਦੇ ਰਿਸ਼ਤੇਦਾਰ ਮਾਨਸਾ ਤੋਂ ਲੁਧਿਆਣਾ ਪਹੁੰਚ ਗਏ ਸਨ। ਉਨ੍ਹਾਂ ਬਦਮਾਸ਼ਾਂ ਨੂੰ ਫੜਨ ਲਈ ਪੁਲਿਸ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਲਿਪਸੀ ਦਾ ਪਤੀ ਅਨੋਖ ਵੀ ਧਰਨੇ ਵਿੱਚ ਬੈਠਾ ਸੀ ਅਤੇ ਪੁਲਿਸ ਖ਼ਿਲਾਫ਼ ਨਾਅਰੇਬਾਜ਼ੀ ਕਰ ਰਿਹਾ ਸੀ। ਇਸ ਦੌਰਾਨ ਪੁਲਿਸ ਅਨੋਖ ਨੂੰ ਮੈਡੀਕਲ ਕਰਵਾਉਣ ਦੇ ਬਹਾਨੇ ਸਿਵਲ ਹਸਪਤਾਲ ਲੈ ਗਈ। ਇੱਥੇ ਮੈਡੀਕਲ ਕਰਵਾਇਆ ਅਤੇ ਪੁੱਛਗਿੱਛ ਕੀਤੀ।
ਇਹ ਵੀ ਪੜ੍ਹੋ : ਨੌਜਵਾਨਾਂ ਲਈ ਖੁਸ਼ਖਬਰੀ, ਹੁਣ ਬਿਜਲੀ ਵਿਭਾਗ ‘ਚ ਨਿਕਲੀਆਂ ਬੰਪਰ ਭਰਤੀਆਂ, ਔਰਤਾਂ ਵੀ ਕਰ ਸਕਦੀਆਂ Apply
ਸੁਪਾਰੀ ਦੇਣ ਵਾਲੇ ਅਨੋਖ ਦੀ ਪਤਨੀ ਲਿਪਸੀ ‘ਤੇ ਹਮਲਾ ਕਰਨ ਤੋਂ ਬਾਅਦ ਉਸ ਦੇ ਸਾਰੇ ਗਹਿਣੇ ਲਾਹ ਕੇ ਕਾਰ ਲੈ ਕੇ ਫਰਾਰ ਹੋ ਗਏ। ਘਟਨਾ ਤੋਂ ਬਾਅਦ ਲਿਪਸੀ ਇਕ ਘੰਟੇ ਤੱਕ ਸੜਕ ‘ਤੇ ਦਰਦ ਨਾਲ ਤੜਫਦੀ ਰਹੀ ਪਰ ਕਿਸੇ ਨੇ ਉਸ ਦੀ ਮਦਦ ਨਹੀਂ ਕੀਤੀ। ਇੱਕ ਢਾਬਾ ਮਾਲਕ ਨੇ ਉਸ ਦੀ ਚੀਕ ਸੁਣ ਕੇ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਣ ‘ਤੇ ਪੁਲਿਸ ਨੇ ਪਹੁੰਚ ਕੇ ਔਰਤ ਨੂੰ ਹਸਪਤਾਲ ਪਹੁੰਚਾਇਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਬਦਮਾਸ਼ਾਂ ਨੇ ਉਸ ਦੀ ਗਰਦਨ ਅਤੇ ਬਾਹਾਂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਵੀਡੀਓ ਲਈ ਕਲਿੱਕ ਕਰੋ -:
