ਅੱਜ ਅਮਰੀਕਾ ਤੋਂ ਗੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਲੈ ਕੇ ਅਮਰੀਕਾ ਦੀ ਦੂਜੀ ਉਡਾਣ ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਰੇਗੀ। ਇਸ ਨੂੰ ਲੈ ਕੇ ਸਿਆਸਤ ਕਾਫੀ ਭਖ਼ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਸ਼ੁੱਕਰਵਾਰ ਨੂੰ ਇਸ ਸਬੰਧੀ ਸਖ਼ਤ ਇਤਰਾਜ਼ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਜਹਾਜ਼ ਨੂੰ ਅੰਮ੍ਰਿਤਸਰ ਹਵਾਈ ਅੱਡੇ ‘ਤੇ ਨਹੀਂ ਸਗੋਂ ਹਿੰਡਨ ਜਾਂ ਕਿਸੇ ਹੋਰ ਹਵਾਈ ਅੱਡੇ ‘ਤੇ ਉਤਰਨਾ ਚਾਹੀਦਾ ਹੈ। ਇਹ ਸਾਜ਼ਿਸ਼ ਤਹਿਤ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ।
ਉਨ੍ਹਾਂ ਦੇ ਇਸ ਬਿਆਨ ਦਾ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਸਮਰਥਨ ਕੀਤਾ ਹੈ। ਸੰਸਦ ਮੈਂਬਰ ਨੇ ਕਿਹਾ ਕਿ ਇਹ ਜਹਾਜ਼ ਪੰਜਾਬ ਵਿੱਚ ਕਿਉਂ ਉਤਰ ਰਹੇ ਹਨ? ਤੁਸੀਂ (ਕੇਂਦਰ ਸਰਕਾਰ) ਕਿਸ ਤਰ੍ਹਾਂ ਦਾ ਸੰਦੇਸ਼ ਦੇਣ ਦੀ ਕੋਸ਼ਿਸ਼ ਕਰ ਰਹੇ ਹੋ? ਕੀ ਤੁਸੀਂ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਅਮਰੀਕਾ ਆਉਣ ਵਾਲਾ ਹਰ ਗੈਰ-ਕਾਨੂੰਨੀ ਪ੍ਰਵਾਸੀ ਪੰਜਾਬ ਦਾ ਹੈ? ਪੰਜਾਬ ਦੇ ਮੁੱਖ ਮੰਤਰੀ ਇਸ ਹੱਦ ਤੱਕ ਬਿਲਕੁਲ ਸਹੀ ਹਨ।
ਉਨ੍ਹਾਂ ਕਿਹਾ ਕਿ ਜਹਾਜ਼ ਵਿੱਚ ਗੁਜਰਾਤ ਅਤੇ ਹਰਿਆਣਾ ਦੇ ਲੋਕ ਵੀ ਸਨ। ਤੁਸੀਂ ਇਸ ਜਹਾਜ਼ ਨੂੰ ਦਿੱਲੀ ਜਾਂ ਹੋਰ ਕਿਤੇ ਵੀ ਉਤਾਰ ਸਕਦੇ ਸੀ। ਹਰ ਵਾਰ ਅੰਮ੍ਰਿਤਸਰ ਵਿੱਚ ਕਿਉਂ?…ਦਿੱਲੀ ਇਹ ਨਹੀਂ ਸਮਝਦੀ ਕਿ ਪੰਜਾਬ ਬੇਇੱਜ਼ਤੀ ਸਹਿਜੇ ਹੀ ਬਰਦਾਸ਼ਤ ਨਹੀਂ ਕਰਦਾ ਅਤੇ ਜਦੋਂ ਦਿੱਲੀ ਪੰਜਾਬ ਦੀ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕਰਦੀ ਹੈ ਤਾਂ ਉਸ ਨੂੰ ਹਮੇਸ਼ਾ ਕੀਮਤ ਚੁਕਾਉਣੀ ਪੈਂਦੀ ਹੈ।
ਦੂਜੇ ਪਾਸੇ ਭਾਜਪਾ ਨੇਤਾ ਤਰੁਣ ਚੁੱਘ ਨੇ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਦੇ ਬਿਆਨਾਂ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਤਰੁਣ ਚੁੱਘ ਨੇ ਕਿਹਾ ਕਿ ਭਗਵੰਤ ਮਾਨ ਅਤੇ ਮਨੀਸ਼ ਤਿਵਾੜੀ ਪੰਜਾਬ ਅਤੇ ਦੇਸ਼ ਦੇ ਲੋਕਾਂ ਨੂੰ ਦੱਸਣ ਕਿ ਪੰਜਾਬ ਦੇ ਮਾਸੂਮ ਬੱਚੇ ਉੱਥੇ ਗੈਰ-ਕਾਨੂੰਨੀ ਤਰੀਕੇ ਨਾਲ ਕਿਉਂ ਗਏ, ਕਿਵੇਂ ਗਏ, ਕਿਸਨੇ ਭੇਜੇ? ਉਨ੍ਹਾਂ ਕਿਹਾ ਕਿ ਕਿਹੜੇ ਏਜੰਟਾਂ ਦੇ ਹੱਥੋਂ ਉਨ੍ਹਾਂ ਦੀ ਜ਼ਿੰਦਗੀ ਬਰਬਾਦ ਹੋਈ? ਕਾਂਗਰਸ ਸਰਕਾਰ ਨੂੰ 5 ਸਾਲ ਹੋ ਗਏ ਹਨ ਅਤੇ ਆਪ ਪਾਰਟੀ ਨੂੰ 3 ਸਾਲ ਹੋ ਗਏ ਹਨ, ਦੱਸੋ ਇਹਨਾਂ ਏਜੰਟਾਂ ਖਿਲਾਫ ਕੀ ਕੰਮ ਕੀਤਾ? ਉਨ੍ਹਾਂ ਏਜੰਟਾਂ ਨੂੰ ਲੱਭਣ ਦੀ ਬਜਾਏ ਬੇਲੋੜੀ ਬਿਆਨਬਾਜ਼ੀ ਕਰ ਰਹੇ ਹਨ।
ਇਹ ਵੀ ਪੜ੍ਹੋ : ਇੱਕ ਨਹੀਂ, ਅਮਰੀਕਾ ਤੋਂ ਆ ਰਹੇ 2 ਜਹਾਜ਼, ਸਭ ਤੋਂ ਵੱਧ ਪੰਜਾਬੀ ਡਿਪੋਰਟ, ਲਿਸਟ ਆਈ ਸਾਹਮਣੇ
ਦੱਸ ਦੇਈਏ ਕਿ ਸ਼ੁ੍ੱਕਰਵਾਰ ਨੂੰ ਅੰਮ੍ਰਿਤਸਰ ਪਹੁੰਚੇ CM ਮਾਨ ਨੇ ਕਿਹਾ ਕਿ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਭਾਰਤੀਆਂ ਨੂੰ ਲੈ ਕੇ ਜਾ ਰਹੇ ਜਹਾਜ਼ ਨੂੰ ਅੰਮ੍ਰਿਤਸਰ ‘ਚ ਉਤਾਰਨਾ ਭਾਰਤ ਸਰਕਾਰ ਦੀ ਵਿਸ਼ਵ ਪੱਧਰ ‘ਤੇ ਪੰਜਾਬ ਦੇ ਅਕਸ ਨੂੰ ਖਰਾਬ ਕਰਨ ਦੀ ਸੋਚੀ ਸਮਝੀ ਸਾਜ਼ਿਸ਼ ਹੈ। ਮੁੱਖ ਮੰਤਰੀ ਨੇ ਕਿਹਾ ਕਿ ਵਿਦੇਸ਼ ਮੰਤਰਾਲੇ ਦੀ ਇਹ ਨੈਤਿਕ ਜ਼ਿੰਮੇਵਾਰੀ ਹੈ ਕਿ ਉਹ ਸਪੱਸ਼ਟ ਕਰੇ ਕਿ ਪੰਜਾਬ ਖਾਸ ਕਰਕੇ ਅੰਮ੍ਰਿਤਸਰ ਨੂੰ ਕਿਉਂ ਚੁਣਿਆ ਗਿਆ। ਉਨ੍ਹਾਂ ਕਿਹਾ ਕਿ ਗੁਆਂਢੀ ਦੁਸ਼ਮਣ ਦੇਸ਼ ਅੰਮ੍ਰਿਤਸਰ ਤੋਂ 40 ਕਿਲੋਮੀਟਰ ਦੂਰ ਹੋਣ ਦੇ ਬਾਵਜੂਦ ਇੱਥੇ ਅਮਰੀਕੀ ਫੌਜ ਦਾ ਜਹਾਜ਼ ਉਤਾਰਿਆ ਜਾ ਰਿਹਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜਦੋਂ ਸੂਬਾ ਸਰਕਾਰ ਇੱਥੇ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਕਰਨ ਦੀ ਮੰਗ ਕਰਦੀ ਹੈ ਤਾਂ ਕਈ ਫਜ਼ੂਲ ਕਾਰਨਾਂ ਕਰਕੇ ਇਸ ਮੰਗ ਨੂੰ ਠੁਕਰਾ ਦਿੱਤਾ ਜਾਂਦਾ ਹੈ।
ਵੀਡੀਓ ਲਈ ਕਲਿੱਕ ਕਰੋ -:
