ਕਰੀਬ 11 ਮਹੀਨੇ ਪਹਿਲਾਂ ਸਟੂਡੈਂਟ ਵੀਜ਼ੇ ‘ਤੇ ਕੈਨੇਡਾ ਗਏ ਮਾਨਸਾ ਦੇ ਇਕ ਨੌਜਵਾਨ ਜਤਿਨ ਗਰਗ ਦੀ ਵਾਲੀਬਾਲ ਖੇਡਦੇ ਸਮੇਂ ਉਥੇ ਡੂੰਘੇ ਦਰਿਆ ਚ ਡੁੱਬਣ ਕਾਰਨ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਵਾਲੀਬਾਲ ਖੇਡਦੇ ਹੋਏ ਜਤਿਨ ਬਾਲ ਚੁੱਕਣ ਗਿਆ ਸੀ, ਜਿਸ ਵੇਲੇ ਉਸ ਨਾਲ ਇਹ ਮੰਦਭਾਗੀ ਘਟਨਾ ਵਾਪਰ ਗਈ। ਕਈ ਦਿਨਾਂ ਤੱਕ ਉਸ ਦਾ ਕੋਈ ਥਹੁ-ਪਤਾ ਨਹੀਂ ਲੱਗਿਆ ਤੇ ਅਖੀਰ ਉਸ ਦੀ ਮ੍ਰਿਤਕ ਦੇਹ ਕਰੀਬ ਇਕ ਹਫਤੇ ਬਾਅਦ 4 ਕਿਲੋਮੀਟਰ ਦੂਰ ਦਰਿਆ ਚੋਂ ਮਿਲੀ ਹੈ, ਜਿਸਨੂੰ ਇੱਥੇ ਮਾਨਸਾ (ਭਾਰਤ) ਲਿਆਉਣ ਦੇ ਯਤਨ ਕੀਤੇ ਜਾ ਰਹੇ ਹਨ।
ਇਹ ਮੰਗਭਾਗੀ ਖਬਰ ਜਦੋਂ ਜਤਿਨ ਦੇ ਮਾਪਿਆਂ ਕੋਲ ਪਹੁੰਚੀ ਤਾਂ ਉਹਨਾਂ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਇਸ ਘਟਨਾ ਨੂੰ ਲੈ ਕੇ ਸ਼ਹਿਰ ਮਾਨਸਾ ‘ਚ ਸੋਗ ਦਾ ਮਾਹੌਲ ਹੈ ਤੇ ਮੱਤੀ ਪਰਿਵਾਰ ‘ਚ ਮਾਤਮ ਛਾਇਆ ਹੋਇਆ ਹੈ। ਜਤਿਨ ਗਰਗ ਕੈਨੇਡਾ ਜਾਣ ਤੋਂ ਪਹਿਲਾਂ ਗੁੜਗਾਓਂ ਵਿਖੇ ਇੰਜੀਨੀਅਰ ਵਜੋਂ ਨੌਕਰੀ ਕਰਦਾ ਸੀ ਪਰ ਬਾਅਦ ‘ਚ ਉਹ ਪੜ੍ਹਾਈ ਕਰਨ ਲਈ ਕੈਨੇਡਾ ਚਲਾ ਗਿਆ ਸੀ।
ਜਾਣਕਾਰੀ ਦਿੰਦਿਆਂ ਮ੍ਰਿਤਕ ਜਤਿਨ ਗਰਗ ਦੇ ਚਾਚਾ ਭੂਸ਼ਨ ਮੱਤੀ, ਬਲਜੀਤ ਸ਼ਰਮਾ ਤੇ ਪ੍ਰਵੀਨ ਟੋਨੀ ਸ਼ਰਮਾ ਨੇ ਦੱਸਿਆ ਕਿ ਜਤਿਨ ਗਰਗ ਇੰਜੀਨੀਅਰ ਸੀ ਤੇ ਉਹ 11 ਮਹੀਨੇ ਪਹਿਲਾਂ ਹੀ ਕੈਨੇਡਾ ਸਟੂਡੈਂਟ ਵੀਜ਼ੇ ‘ਤੇ ਗਿਆ ਸੀ। ਇਸ ਅਣਹੋਣੀ ਘਟਨਾ ਦੌਰਾਨ ਜਤਿਨ ਗਰਗ ਆਪਣੇ ਸਾਥੀਆਂ ਨਾਲ ਉਥੋਂ ਦੇ ੳਵਰਲੈਂਡਰ ਪਾਰਕ ‘ਚ ਵਾਲੀਵਾਲ ਖੇਡ ਰਿਹਾ ਸੀ ਤੇ ਅਚਾਨਕ ਬਾਲ ਦਰਿਆ ਕੰਢੇ ਪਾਣੀ ‘ਚ ਡਿੱਗ ਪਈ।
ਜਤਿਨ ਨੇ ਬਾਲ ਚੁੱਕਣ ਦੀ ਕੋਸ਼ਿਸ਼ ਕੀਤੀ ਤੇ ਉਹ ਦਰਿਆ ‘ਚ ਰੁੜ ਗਿਆ। ਇਕ ਅੰਗਰੇਜ ਤੇ ਦੋਸਤਾਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਕੋਲੋਂ ਅੰਗਰੇਜ ਦੀ ਬਾਂਹ ਛੁੱਟ ਗਈ ਤੇ ਉਹ ਪਾਣੀ ‘ਚ ਰੁੜ ਗਿਆ। ਉਸਦਾ ਕਈ ਦਿਨਾਂ ਤੱਕ ਕੁਝ ਪਤਾ ਨਾ ਲੱਗਿਆ। ਕਰੀਬ ਇਕ ਹਫਤੇ ਬਾਅਦ ਜਤਿਨ ਗਰਗ ਦੀ ਮ੍ਰਿਤਕ ਦੇਹ ਕਰੀਬ 4 ਕਿਲੋਮੀਟਰ ਦੂਰ ਮੈਕਅਰਬਰ ਆਈਲੈਂਡ ਪਾਰਕ ਨੇੜਿਓਂ ਦਰਿਆ ‘ਚੋਂ ਮਿਲੀ।
ਇਹ ਵੀ ਪੜ੍ਹੋ : ਲੁਧਿਆਣਾ ‘ਚ 7 ਮਹੀਨਿਆਂ ਦੀ ਲਾਪਤਾ ਬੱਚੀ ਮਿਲੀ ਵਾਪਸ, ਹਸਪਤਾਲ ਕਰਾਇਆ ਗਿਆ ਭਰਤੀ
ਮਾਨਸਾ ਦਾ ਜੰਮਪਲ ਜਤਿਨ ਗਰਗ ਕੈਪਲੂਪਸ ਦੀ ਥਮਪਸਨ ਰਿਵਰਜ ਯੂਨੀਵਰਸਿਟੀ ਵਿਖੇ ਚੇਨ ਮੈਨੇਜਮੈਂਟ ਮਾਸਟਰ ਡਿਗਰੀ ਦੀ ਪੜ੍ਹਾਈ ਕਰ ਰਿਹਾ ਸੀ। ਉਹ ਆਪਣੀ ਯੂਨੀਵਰਸਿਟੀ ‘ਚ ਆਪਣੇ ਗਰੁੱਪ ਦੇ ਵਿਦਿਆਰਥੀਆਂ ਦਾ ਲੀਡਰ ਵੀ ਸੀ। ਉਨਾਂ ਦੱਸਿਆ ਕਿ ਜਤਿਨ ਦੀ ਲਾਸ਼ ਦਰਿਆ ‘ਚੋਂ ਮਿਲ ਗਈ ਹੈ, ਜਿਸ ਨੂੰ ਇਥੇ ਲਿਆਉਣ ਦੇ ਯਤਨ ਕੀਤੇ ਜਾ ਰਹੇ ਹਨ। ਜਤਿਨ ਗਰਗ ਮਾਨਸਾ ਦੇ ਧਰਮਪਾਲ ਮੱਤੀ ਦਾ ਪੁੱਤਰ ਸੀ,ਜੋ 2004 ਤੋਂ ਚੰਡੀਗੜ੍ਹ ਵਿਖੇ ਰਹਿ ਰਹੇ ਹਨ। ਜਤਿਨ ਗਰਗ ਦਾ ਅੰਤਿਮ ਸਸਕਾਰ ਮਾਨਸਾ ਕੀਤਾ ਜਾਵੇਗਾ। ਮਾਨਸਾ ਦੇ ਸਮਾਜਸੇਵੀਆਂ, ਸੰਸਥਾਵਾਂ ਆਦਿ ਨੇ ਜਤਿਨ ਗਰਗ ਦੀ ਮੌਤ ‘ਤੇ ਮੱਤੀ ਪਰਿਵਾਰ ਨਾਲ ਦੁੱਖ ਪ੍ਰਗਟਾਇਆ ਹੈ।
ਵੀਡੀਓ ਲਈ ਕਲਿੱਕ ਕਰੋ -:
























