ਅੰਮ੍ਰਿਤਸਰ ਵਿੱਚ ਇੱਕ ਨਵੀਂ ਵਿਆਹੀ ਕੁੜੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਉਸ ਨੇ ਆਪਣੇ ਘਰ ਵਿੱਚ ਇਹ ਭਿਆਨਕ ਕਦਮ ਚੁੱਕਿਆ। ਮ੍ਰਿਤਕਾ ਦੀ ਪਛਾਣ 22 ਸਾਲਾ ਅਨਮੋਲ ਵਜੋਂ ਹੋਈ ਹੈ, ਜੋ ਸੁਲਤਾਨ ਵਿੰਡ ਰੋਡ ਇਲਾਕੇ ਦੇ ਮੰਦਰ ਵਾਲਾ ਬਾਜ਼ਾਰ ਦੀ ਰਹਿਣ ਵਾਲੀ ਹੈ। ਅਨਮੋਲ ਦਾ ਵਿਆਹ ਸਿਰਫ਼ 10 ਮਹੀਨੇ ਪਹਿਲਾਂ ਹੋਇਆ ਸੀ। ਉਸ ਨੇ ਆਪਣੇ ਵਿਆਹ ਦਾ ਚੂੜਾ ਵੀ ਅਜੇ ਨਹੀਂ ਉਤਾਰਿਆ ਸੀ। ਉਸਨੇ ਘਰ ਵਿੱਚ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਲਿਆ। ਵੀਰਵਾਰ ਨੂੰ ਉਸਦੀ ਲਾਸ਼ ਉਸ ਦੇ ਕਮਰੇ ਵਿੱਚ ਫਾਹੇ ਨਾਲ ਲਟਕਦੀ ਮਿਲੀ, ਜਿਸ ਨਾਲ ਪਰਿਵਾਰ ਵਿੱਚ ਚੀਕ-ਚਿਹਾੜਾ ਮਚ ਗਿਆ।
ਮ੍ਰਿਤਕਾ ਦੇ ਪਿਤਾ ਮਨਮੋਹਨ ਸਿੰਘ ਨੇ ਦੱਸਿਆ ਕਿ ਉਸਦੇ ਵਿਆਹ ਤੋਂ ਬਾਅਦ ਤੋਂ ਹੀ ਅਨਮੋਲ ਦੀ ਨਣਾਨ, ਸੱਸ ਅਤੇ ਸਹੁਰਾ ਉਸ ਨੂੰ ਲਗਾਤਾਰ ਤੰਗ-ਪ੍ਰੇਸ਼ਾਨ ਕਰ ਰਹੇ ਸਨ। ਵੀਰਵਾਰ ਨੂੰ ਉਨ੍ਹਾਂ ਨੂੰ ਇਹ ਦੱਸਿਆ ਗਿਆ ਕਿ ਉਨ੍ਹਾਂ ਦੀ ਧੀ ਦੀ ਸਿਹਤ ਠੀਕ ਨਹੀਂ ਹੈ, ਪਰ ਜਦੋਂ ਉਹ ਸੁਲਤਾਨ ਵਿੰਡ ਰੋਡ ਘਰ ਪਹੁੰਚੇ ਤਾਂ ਉਨ੍ਹਾਂ ਨੂੰ ਅਨਮੋਲ ਲਟਕੀ ਹੋਈ ਮਿਲੀ ਤੇ ਉਸ ਦੀ ਮੌਤ ਹੋ ਚੁੱਕੀ ਸੀ।
ਮ੍ਰਿਤਕਾ ਦੇ ਪਿਤਾ ਮਨਮੋਹਨ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਧੀ ਦਾ ਵਿਆਹ ਸਿਰਫ਼ 10 ਮਹੀਨੇ ਹੀ ਹੋਇਆ ਸੀ। ਵਿਆਹ ਰਿਸ਼ਤੇਦਾਰੀ ਵਿਚ ਹੋਣ ਦੇ ਬਾਵਜੂਦ ਉਸਦੀ ਸੱਸ, ਸਹੁਰਾ ਅਤੇ ਨਣਾਨ ਉਸ ਨੂੰ ਲਗਾਤਾਰ ਤੰਗ-ਪ੍ਰੇਸ਼ਾਨ ਕਰਦੇ ਸਨ। ਪਰਿਵਾਰ ਉਸ ਨੂੰ ਗਰਭਵਤੀ ਨਾ ਹੋਣ ‘ਤੇ ਮਿਹਣੇ ਮਾਰਦਾ ਸੀ। ਪਿਤਾ ਦਾ ਦੋਸ਼ ਹੈ ਕਿ ਉਸ ਦਾ ਸਹੁਰਾ ਉਸ ਦੀ ਧੀ ‘ਤੇ ਬੁਰੀ ਨਜ਼ਰ ਰੱਖਦਾ ਸੀ ਜਦੋਂ ਉਸਨੇ ਸ਼ਿਕਾਇਤ ਕੀਤੀ ਤਾਂ ਉਸਦੇ ਪਤੀ ਨੇ ਉਸ ਨੂੰ ਥੱਪੜ ਮਾਰੇ।
ਇਹ ਵੀ ਪੜ੍ਹੋ : ਬਿੱਲ ਨਾ ਦੇਣ ‘ਤੇ ਨਹੀਂ ਰੋਕ ਸਕਦੇ ਮ੍ਰਿਤਕ ਦੇਹ! CM ਮਾਨ ਨੇ ਨਿੱਜੀ ਹਸਪਤਾਲਾਂ ਨੂੰ ਜਾਰੀ ਕੀਤੇ ਸਖਤ ਹੁਕਮ
ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ, ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਪੋਸਟਮਾਰਟਮ ਲਈ ਭੇਜ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪਰਿਵਾਰ ਦੇ ਦੋਸ਼ਾਂ ਦੇ ਆਧਾਰ ‘ਤੇ ਸਹੁਰਿਆਂ ਵਿਰੁੱਧ ਕਾਰਵਾਈ ਕਰਨ ਦੀ ਪ੍ਰਕਿਰਿਆ ਜਾਰੀ ਹੈ। ਨਵ-ਵਿਆਹੀ ਔਰਤ ਦੀ ਖੁਦਕੁਸ਼ੀ ਨਾਲ ਪੂਰੇ ਇਲਾਕੇ ਵਿੱਚ ਸੋਗ ਅਤੇ ਰੋਹ ਦਾ ਮਾਹੌਲ ਹੈ। ਪੁਲਿਸ ਪੋਸਟਮਾਰਟਮ ਰਿਪੋਰਟ ਅਤੇ ਜਾਂਚ ਦੇ ਆਧਾਰ ‘ਤੇ ਅਗਲੀ ਕਾਨੂੰਨੀ ਕਾਰਵਾਈ ਕਰੇਗੀ।
ਵੀਡੀਓ ਲਈ ਕਲਿੱਕ ਕਰੋ -:
























