ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ ਆਪਣੇ ਹੀ ਮੰਤਰੀ ਵਿਜੇ ਸਿੰਗਲਾ ਨੂੰ ਬਰਖਾਸਤ ਕਰ ਦਿੱਤਾ। ਇਸ ਮਗਰੋਂ ਸੀ.ਐੱਮ. ਮਾਨ ਨੇ ਕਿਹਾ ਕਿ ਇੱਕ ਪਰਸੈਂਟ ਵੀ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜਨਤਾ ਨੇ ਬਹੁਤ ਉਮੀਦਾਂ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਹੈ। ਉਸ ਉਮੀਦ ‘ਤੇ ਖਰਾ ਉਤਰਨਾ ਸਾਡਾ ਫਰਜ਼ ਹੈ।
ਉਨ੍ਹਾਂ ਕਿਹਾ ਕਿ ਜਦੋਂ ਤੱਕ ਅਰਵਿੰਦ ਕੇਜਰੀਵਾਲ ਵਰਗੇ ਭਾਰਤ ਮਾਤਾ ਦੇ ਪੁੱਤ ਤੇ ਭਗਵੰਤ ਮਾਨ ਵਰਗੇ ਸਿਪਾਹੀ ਹਨ, ਭ੍ਰਿਸ਼ਟਾਚਾਰ ਖਿਲਾਫ਼ ਮਹਾਯੁਧ ਚੱਲਦਾ ਰਹੇਗਾ। ਮੁੱਖ ਮੰਤਰੀ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਜੀ ਨੇ ਵਚਨ ਲਿਆ ਸੀ ਕਿ ਭ੍ਰਿਸ਼ਟਾਚਾਰ ਦੇ ਸਿਸਟਮ ਨੂੰ ਜੜ ਤੋਂ ਪੁੱਟ ਸੁੱਟਾਂਗੇ, ਅਸੀਂ ਸਾਰੇ ਉਨ੍ਹਾਂ ਦੇ ਸਿਪਾਹੀ ਹਾਂ।
ਸੀ.ਐੱਮ. ਮਾਨ ਨੇ ਦੱਸਿਆ ਕਿ ਮਾਮਲਾ ਮੇਰੇ ਧਿਆਨ ਵਿੱਚ ਆਇਆ। ਇਸ ਵਿੱਚ ਮੇਰੀ ਸਰਕਾਰ ਦਾ ਇੱਕ ਮੰਤਰੀ ਉਸ ਵਿਭਾਗ ਦੇ ਹਰ ਟੈਂਡਰ ਜਾਂ ਖਰੀਦ-ਵੇਚ ਵਿੱਚ ਇੱਕ ਫੀਸਦੀ ਕਮਿਸ਼ਨ ਮੰਗ ਰਿਹਾ ਸੀ। ਇਸ ਕੇਸ ਬਾਰੇ ਸਿਰਫ਼ ਮੈਂ ਹੀ ਜਾਣਦਾ ਹਾਂ। ਵਿਰੋਧੀ ਪਾਰਟੀਆਂ ਅਤੇ ਮੀਡੀਆ ਨੂੰ ਇਸ ਦੀ ਜਾਣਕਾਰੀ ਨਹੀਂ ਹੈ। ਜੇ ਮੈਂ ਚਾਹੁੰਦਾ ਤਾਂ ਕੇਸ ਦਬਾ ਸਕਦਾ ਸੀ। ਇਸ ਨਾਲ ਲੋਕਾਂ ਦਾ ਭਰੋਸਾ ਟੁੱਟੇਗਾ। ਮੈਂ ਉਸ ਮੰਤਰੀ ਖਿਲਾਫ ਸਖਤ ਕਾਰਵਾਈ ਕਰ ਰਿਹਾ ਹਾਂ। ਉਸ ਨੂੰ ਮੰਤਰੀ ਮੰਡਲ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਪੁਲਿਸ ਨੂੰ ਉਸ ਖ਼ਿਲਾਫ਼ ਕੇਸ ਦਰਜ ਕਰਨ ਦੇ ਹੁਕਮ ਦਿੱਤੇ ਗਏ ਹਨ। ਮਾਨ ਨੇ ਕਿਹਾ ਕਿ ਮੰਤਰੀ ਨੇ ਵੀ ਆਪਣਾ ਗੁਨਾਹ ਕਬੂਲ ਕਰ ਲਿਆ ਹੈ।
ਮਾਨ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਕਹਿਣਗੀਆਂ ਕਿ ਦੋ ਮਹੀਨਿਆਂ ਵਿੱਚ ਮੇਰੀ ਸਰਕਾਰ ਦਾ ਇੱਕ ਮੰਤਰੀ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਪਾਇਆ ਗਿਆ। ਮੈਂ ਕਹਿਣਾ ਚਾਹੁੰਦਾ ਹਾਂ ਕਿ ਕਾਰਵਾਈ ਵੀ ਮੈਂ ਹੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪੁਰਾਣੇ ਮੁੱਖ ਮੰਤਰੀ ਨੂੰ ਵੀ ਕੀ ਪਤਾ ਸੀ ਕਿ ਰੇਤ ਦੀ ਨਾਜਾਇਜ਼ ਮਾਈਨਿੰਗ ‘ਚ ਕੌਣ ਸ਼ਾਮਲ ਸੀ? ਫਿਰ ਵੀ ਕੋਈ ਕਾਰਵਾਈ ਨਹੀਂ ਹੋਈ। ਮੰਤਰੀ ਨੂੰ ਬਰਖਾਸਤ ਕਰਨ ਦੇ ਨਾਲ-ਨਾਲ ਉਸ ਖਿਲਾਫ ਕੇਸ ਵੀ ਦਰਜ ਕਰ ਰਹੇ ਹਾਂ।
ਦੱਸ ਦੇਈਏ ਕਿ ਮਾਨ ਸਰਕਾਰ ਨੇ ਆਪਣੇ ਹੀ ਮੰਤਰੀ ਦੀ ਕੈਬਨਿਟ ਤੋਂ ਬਾਹਰ ਕੱਢ ਦਿੱਤਾ ਹੈ। ਇਹ ਕਾਰਵਾਈ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਹੋਣ ਕਰਕੇ ਕੀਤੀ ਗਈ ਹੈ, ਜਿਸ ਦੇ ਪੁਖਤਾ ਸਬੂਤ ਵੀ ਮਿਲੇ ਹਨ। ਵਿਜੇ ਸਿੰਗਲਾ ਮਾਨ ਸਰਕਾਰ ਦੀ ਕੈਬਨਿਟ ਵਿੱਚ ਸਿਹਤ ਮੰਤਰੀ ਸਨ।
ਮਿਲੀ ਜਾਣਕਾਰੀ ਮੁਤਾਬਕ ਵਿਜੇ ਸਿੰਗਲਾ ਅਧਿਕਾਰੀਆਂ ਤੋਂ ਠੇਕੇ ‘ਤੇ ਰਖਣ ਸੰਬੰਧੀ ਇੱਕ ਪਰਸੈਂਟ ਕਮਿਸ਼ਨ ਦੀ ਮੰਗ ਕਰ ਰਹੇ ਸਨ। ਸ਼ਿਕਾਇਤ ਮਿਲਣ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ ਬਰਖਾਸਤ ਕਰ ਦਿੱਤਾ। ਦੱਸ ਦੇਈਏ ਕਿ ਦੇਸ਼ ਦੇ ਇਤਿਹਾਸ ਵਿੱਚ ਦੂਜੀ ਵਾਰ ਕੇਸ ਮੁੱਖ ਮੰਤਰੀ ਨੇ ਸਿੱਧਾ ਆਪਣੇ ਮੰਤਰੀ ‘ਤੇ ਸਖਤ ਕਾਰਵਾਈ ਕੀਤੀ ਹੈ। ਇਸ ਤੋਂ ਪਹਿਲਾਂ ਸਾਲ 2015 ਵਿੱਚ ਦਿੱਲੀ ਵਿੱਚ ਮੁੱਖ ਮੰਤਰੀ ਕੇਜਰੀਵਾਲ ਨੇ ਆਪਣੇ ਇੱਕ ਮੰਤਰੀ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਬਰਖਾਸਤ ਕੀਤਾ ਸੀ।
ਵੀਡੀਓ ਲਈ ਕਲਿੱਕ ਕਰੋ -: