PGI beds corona case: ਚੰਡੀਗੜ੍ਹ ‘ਚ ਕੋਰੋਨਾ ਦੀ ਸਥਿਤੀ ਨੂੰ ਦੇਖਦੇ ਹੋਏ ਅਹਿਮ ਫੈਸਲਾ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਪ੍ਰਸ਼ਾਸਕ ਵੀ.ਪੀ ਸਿੰਘ ਬਦਨੌਰ ਦੇ ਆਦੇਸ਼ਾਂ ‘ਤੇ ਪੀ.ਜੀ. ਆਈ ‘ਚ 110 ਬੈੱਡ ਵਧਾਏ ਗਏ ਹਨ। ਇਸ ਦੇ ਨਾਲ ਹੀ ਆਉਣ ਵਾਲੇ ਕੁਝ ਦਿਨਾਂ ਦੌਰਾਨ ਪੀ.ਜੀ.ਆਈ ਕੋਵਿਡ-19 ਨਹਿਰੂ ਹਸਪਤਾਲ ਐਕਸਟੈਂਸ਼ਨ ‘ਚ ਮੌਜੂਦਾ ਸਮੇਂ ਦੌਰਾਨ 200 ਬੈੱਡ ਤੋਂ ਵਧਾ ਕੇ 310 ਬੈੱਡ ਕੋਰੋਨਾ ਮਰੀਜ਼ਾਂ ਲਈ ਉਪਲੱਬਧ ਹੋਣਗੇ। ਹਾਲਾਂਕਿ ਹੁਣ ਪੀ.ਜੀ.ਆਈ ‘ਚ 30 ਬੈੱਡ ਹੀ ਤਿਆਰ ਕੀਤੇ ਗਏ ਹਨ ਅਤੇ 80 ਬੈੱਡ ਤਿਆਰ ਕਰਨੇ ਬਾਕੀ ਹਨ।
ਇਸ ਸਬੰਧੀ ਪੀ.ਜੀ.ਆਈ ਦੇ ਬੁਲਾਰੇ ਡਾਕਟਰ ਅਸ਼ੋਕ ਕੁਮਾਰ ਮੁਤਾਬਕ ਨਹਿਰੂ ਐਕਸਟੈਂਸ਼ਨ ‘ਚ ਇਸ ਸਮੇਂ 152 ਕੋਵਿਡ ਪਾਜ਼ੀਟਿਵ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਮਰੀਜ਼ਾਂ ਦੀ ਵੱਧਦੀ ਗਿਣਤੀ ਨੂੰ ਦੇਖਦੇ ਹੋਏ ਕੋਵਿਡ-19 ਡੈਡੀਕੇਟਿਡ 200 ਬੈੱਡਾਂ ਦੀ ਗਿਣਤੀ 310 ਕੀਤਾ ਜਾ ਰਿਹਾ ਹੈ। ਇਨ੍ਹਾਂ ‘ਚ 40 ਮਰੀਜ਼ਾਂ ਨੂੰ ਆਈ.ਸੀ.ਯੂ ਦੀ ਜਰੂਰਤ ਹੈ ਜਦਕਿ ਆਈ.ਸੀ.ਯੂ ‘ਚ 30 ਹੀ ਬੈੱਡ ਹਨ। ਅਜਿਹੇ ‘ਚ 10 ਮਰੀਜ਼ਾਂ ਨੂੰ ਵਾਰਡ ‘ਚ ਆਕਸੀਜਨ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪੀ.ਜੀ.ਆਈ ਦੇ ਐਡਵਾਂਸ ਪੀਡੀਆਟ੍ਰਿਕ ਸੈਂਟਰ ‘ਚ 30 ਅਤੇ ਨਹਿਰੂ ਹਸਪਤਾਲ ‘ਚ 80 ਬੈੱਡ ਹੋਰ ਵਧਾ ਦਿੱਤੇ ਗਏ ਹਨ। ਇਸ ਤੋਂ ਕੋਰੋਨਾ ਦੇ ਨਾਜ਼ੁਕ ਮਰੀਜ਼ਾਂ ਨੂੰ ਤਰੁੰਤ ਬਿਹਤਰ ਇਲਾਜ ਮੁਹੱਈਆ ਕਰਵਾਇਆ ਜਾ ਸਕੇ। ਇਸ ਲਈ ਸਪੈਸ਼ਲਿਸਟ ਅਤੇ ਹੈਲਥ ਵਰਕਰਾਂ ਦੀ ਇਕ ਟੀਮ ਤਿਆਰ ਕੀਤੀ ਗਈ ਹੈ।
ਇਸ ਤੋਂ ਇਲਾਵਾ ਪ੍ਰਸ਼ਾਸਕ ਵੱਲੋਂ ਇਹ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਜਲਦੀ ਹੀ ਜੀ.ਐੱਮ.ਸੀ.ਐੱਚ-32 ਨੂੰ ਵੀ 100 ਬੈੱਡ ਵਧਾਉਣ ਲਈ ਕਿਹਾ ਗਿਆ ਸੀ ਪਰ ਜੀ.ਐੱਮ.ਸੀ ਐੱਚ-32 ‘ਚ ਹੁਣ ਬੈੱਡ ਨਹੀਂ ਵਧਾਏ ਹਨ, ਜਿੰਨੀ ਤੇਜ਼ੀ ਨਾਲ ਕੇਸ ਵੱਧ ਰਹੇ ਹਨ, ਅਜਿਹੇ ਸਮੇਂ ਮਰੀਜ਼ਾਂ ਨੂੰ ਕੁਆਰੰਟਾਈਨ ਕਰਨ ‘ਚ ਦਿੱਕਤ ਹੋਣ ਦੀ ਸੰਭਾਵਨਾ ਹੈ। ਚੰਡੀਗੜ੍ਹ ਦੇ ਸਰਕਾਰੀ ਹਸਪਤਾਲ ‘ਚ ਜੋ ਵੀ ਮਰੀਜ਼ ਆ ਰਹੇ ਹਨ, ਉਨ੍ਹਾਂ ਫਿਲਹਾਲ 5 ਦਿਨ ਦਾ ਦਵਾਈ ਲਿਖ ਕੇ ਘਰ ਭੇਜਿਆ ਜਾ ਰਿਹਾ ਹੈ। ਸ਼ਹਿਰ ‘ਚ 2-3 ਦਿਨਾਂ ਦੌਰਾਨ ਹੀ 300 ਦੇ ਨੇੜੇ ਪਾਜ਼ੀਟਿਵ ਕੇਸ ਆ ਚੁੱਕੇ ਹਨ। ਜੇਕਰ ਇਸ ਰਫਤਾਰ ਨਾਲ ਕੇਸ ਆਏ ਤਾਂ ਪੀ.ਜੀ.ਆਈ ‘ਚ ਬੈੱਡ ਨਹੀਂ ਬਚਣਗੇ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਜੀ.ਐੱਮ.ਸੀ.ਐੱਚ-32 ਨੂੰ ਕੋਵਿਡ ਡੈਡੀਕੇਟਿਡ ਹਸਪਤਾਲ ਬਣਾ ਦਿੱਤਾ ਜਾਵੇ।