ਅਮਰੀਕਾ ‘ਚ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਹੇ ਭਾਰਤੀਆਂ ਦਾ ਤੀਜਾ ਜੱਥਾ 16 ਫਰਵਰੀ ਨੂੰ ਰਾਤ 10 ਵਜੇ ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਰਿਆ। ਅਮਰੀਕੀ ਹਵਾਈ ਸੈਨਾ ਦੇ ਸੀ-17 ਏ ਗਲੋਬਮਾਸਟਰ ਜਹਾਜ਼ ਵਿੱਚ 112 ਲੋਕ ਆਏ ਹਨ। ਇਨ੍ਹਾਂ ਵਿੱਚ ਹਰਿਆਣਾ ਦੇ 44 ਅਤੇ ਪੰਜਾਬ ਦੇ 33 ਲੋਕ ਸ਼ਾਮਲ ਹਨ। ਇਸ ਵਾਰ ਵੀ ਇਨ੍ਹਾਂ ਸਾਰਿਆਂ ਨੂੰ ਹੱਥਕੜੀਆਂ ਲਾ ਕੇ ਭੇਜਿਆ ਗਿਆ।ਕਰੀਬ 6 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਇਹ ਲੋਕ ਏਅਰਪੋਰਟ ਤੋਂ ਬਾਹਰ ਆਏ। ਪੁਲਿਸ ਅਧਿਕਾਰੀ ਹਰਿਆਣਾ ਦੇ ਲੋਕਾਂ ਲਈ ਵੋਲਵੋ ਬੱਸ ਲੈ ਕੇ ਪੁੱਜੇ।
ਅੰਮ੍ਰਿਤਸਰ ਦੇ ਡੀਸੀ ਸਾਕਸ਼ੀ ਸਾਹਨੀ ਵੀ ਏਅਰਪੋਰਟ ਪਹੁੰਚੇ। ਉਨ੍ਹਾਂ ਕਿਹਾ ਕਿ ਸਾਰੇ ਲੋਕ ਸਰੀਰਕ ਤੌਰ ‘ਤੇ ਤੰਦਰੁਸਤ ਹਨ। ਡਿਪੋਰਟ ਕੀਤੇ ਗਏ ਲੋਕਾਂ ਵਿਚ ਕੁਝ ਬੱਚੇ ਵੀ ਸ਼ਾਮਲ ਹਨ। ਬੱਚਿਆਂ ਨੂੰ ਡਾਇਪਰ ਦੇ ਨਾਲ ਦੁੱਧ ਮੁਹੱਈਆ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਦੇਸ਼ ਦੇ 18 ਹਜ਼ਾਰ ਲੋਕਾਂ ਨੂੰ ਭਾਰਤ ਭੇਜਿਆ ਜਾਵੇਗਾ, ਜਿਨ੍ਹਾਂ ‘ਚੋਂ ਕਰੀਬ 5 ਹਜ਼ਾਰ ਲੋਕ ਹਰਿਆਣਾ ਦੇ ਹਨ। ਹੁਣ ਤੱਕ ਕੁੱਲ 335 ਭਾਰਤੀਆਂ ਨੂੰ ਡਿਪੋਰਟ ਕੀਤਾ ਜਾ ਚੁੱਕਾ ਹੈ।
ਦੱਸ ਦੇਈਏ ਕਿ ਸ਼ਨੀਵਾਰ ਰਾਤ 11:30 ਵਜੇ 116 ਭਾਰਤੀਆਂ ਦੇ ਦੂਜੇ ਜੱਥੇ ਨੂੰ ਲੈ ਕੇ ਅਮਰੀਕੀ ਜਹਾਜ਼ ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਰਿ ਸੀ। ਔਰਤਾਂ ਅਤੇ ਬੱਚਿਆਂ ਨੂੰ ਛੱਡ ਕੇ ਸਾਰੇ ਮਰਦਾਂ ਨੂੰ ਹੱਥਾਂ ਵਿੱਚ ਹਥਕੜੀਆਂ ਅਤੇ ਪੈਰਾਂ ਵਿੱਚ ਬੇੜੀਆਂ ਪਾ ਕੇ ਜਹਾਜ਼ ਵਿੱਚ ਬਿਠਾਇਆ ਗਿਆ ਸੀ। ਏਅਰਪੋਰਟ ‘ਤੇ ਹੀ ਉਨ੍ਹਾਂ ਦੇ ਪਰਿਵਾਰ ਨਾਲ ਮੁਲਾਕਾਤ ਕਰਾਈ ਗਈ। ਕਰੀਬ 5 ਘੰਟੇ ਦੀ ਵੈਰੀਫਿਕੇਸ਼ਨ ਤੋਂ ਬਾਅਦ ਪੁਲਿਸ ਦੀਆਂ ਗੱਡੀਆਂ ਵਿਚ ਸਾਰੀਆਂ ਨੂੰ ਘਰ ਛੱਡਿਆ ਗਿਆ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦੀ ਪਹਿਲਕਦਮੀ, ਆਸ਼ੀਰਵਾਦ ਸਕੀਮ ਲਈ ਆਨਲਾਈਨ ਪੋਰਟਲ ਕੀਤਾ ਸ਼ੁਰੂ
ਇਸ ਤੋਂ ਪਹਿਲਾਂ 5 ਫਰਵਰੀ ਨੂੰ 104 ਪ੍ਰਵਾਸੀ ਭਾਰਤੀਆਂ ਨੂੰ ਜਬਰੀ ਵਾਪਸ ਭੇਜਿਆ ਗਿਆ ਸੀ। ਇਨ੍ਹਾਂ ਵਿੱਚ ਬੱਚਿਆਂ ਨੂੰ ਛੱਡ ਕੇ ਔਰਤਾਂ ਅਤੇ ਮਰਦਾਂ ਨੂੰ ਹੱਥਕੜੀਆਂ ਅਤੇ ਜ਼ੰਜੀਰਾਂ ਪਾ ਕੇ ਲਿਆਂਦਾ ਗਿਆ ਸੀ। ਇਸ ਤਰ੍ਹਾਂ ਹੁਣ ਤੱਕ 332 ਗੈਰ-ਕਾਨੂੰਨੀ ਪ੍ਰਵਾਸੀ ਭਾਰਤੀਆਂ ਨੂੰ ਭਾਰਤ ਭੇਜਿਆ ਜਾ ਚੁੱਕਾ ਹੈ।
ਵੀਡੀਓ ਲਈ ਕਲਿੱਕ ਕਰੋ -:
