ਸ੍ਰੀ ਦਰਬਾਰ ਸਾਹਿਬ ਵਿੱਚ ਬੀਤੇ ਦਿਨ ਵਾਪਰੀ ਮੰਦਭਾਗੀ ਘਟਨਾ ਦਾ ਦੋਸ਼ੀ ਤਾਂ ਮਾਰਿਆ ਗਿਆ ਪਰ ਹੁਣ ਉਸ ਦੀ ਪਛਾਣ ਕਰ ਸਕਣਾ ਇੱਕ ਚੁਣੌਤੀ ਬਣ ਗਿਆ ਹੈ।ਪੁਲਿਸ ਨੇ ਸੀਸੀਟੀਵੀ ਕੈਮਰਿਆਂ ‘ਚੋਂ ਦੋਸ਼ੀ ਦੀ ਫੋਟੋ ਕਢਵਾ ਲਈ ਹੈ ਅਤੇ ਉਸ ਦੀ ਪਛਾਣ ਦੱਸਣ ਵਾਲੇ ਨੂੰ ਪੁਲਿਸ ਵੱਲੋਂ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ।
ਜੇਕਰ ਕਿਸੇ ਵੀ ਵਿਅਕਤੀ ਨੂੰ ਉਸ ਬਾਰੇ ਕੁਝ ਪਤਾ ਹੈ ਤਾਂ ਉਹ ਪੁਲਿਸ ਨੂੰ 9780006140 ‘ਤੇ ਸੰਪਰਕ ਕਰ ਸਕਦਾ ਹੈ। ਦੋਸ਼ੀ ਦੀ ਪਛਾਣ ਦੱਸਣ ਵਾਲੇ ਨੂੰ ਬਟਾਲਾ ਪੁਲਿਸ ਵੱਲੋਂ ਇੱਕ ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ।
ਪੰਜਾਬ ਦੇ ਡੀਜੀਪੀ ਸਿਧਾਰਥ ਚੱਟੋਪਾਧਿਆਏ ਨੇ ਅੰਮ੍ਰਿਤਸਰ ਤੇ ਕਪੂਰਥਲਾ ਵਿੱਚ ਵਾਪਰੀਆਂ ਇਨ੍ਹਾਂ ਘਟਨਾਵਾਂ ਦਾ ਸਖਤ ਨੋਟਿਸ ਲਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਭਾਈਚਾਰਕ ਸਾਂਝ ਨੂੰ ਭੰਗ ਕਰਨ ਦੀ ਕਿਸੇ ਵੀ ਕੋਸ਼ਿਸ਼ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਪੰਜਾਬ ਵਿੱਚ ਅਮਨ-ਕਾਨੂੰਨ ਨੂੰ ਵਿਗਾੜਨ ਵਾਲੇ ਸਾਰੇ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਸ੍ਰੀ ਦਰਬਾਰ ਸਾਹਿਬ ਵਾਪਰੀ ਘਟਨਾ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਧਾਰਾ 295-ਏ, 307 ਆਈ.ਪੀ.ਸੀ. ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਜਦੋਂ ਇਹ ਘਟਨਾ ਵਾਪਰੀ, ਉਸ ਵੇਲੇ ਡਿਊਟੀ ‘ਤੇ ਮੌਜੂਦ ਸੇਵਾਦਾਰ ਨੇ ਆਪਣੇ ਬਿਆਨ ਵਿੱਚ ਦੱਸਿਆ ਕਿ ਸ਼ਾਮ ਕਰੀਬ 5.45 ਵਜੇ ਇੱਕ ਪੀਲੇ ਰੰਗ ਦਾ ਪਟਕਾ ਸਿਰ ‘ਤੇ ਬੰਨ੍ਹੀ ਮੋਨਾ ਨੌਜਵਾਨ ਉਥੇ ਆਇਆ। ਉਹ ਜੰਗਲਾ ਟੱਪ ਕੇ ਅੰਦਰ ਆ ਗਿਆ।
ਵੀਡੀਓ ਲਈ ਕਲਿੱਕ ਕਰੋ -:
Vegetable Soup Recipe | ਵੈਜ਼ੀਟੇਬਲ ਸੂਪ ਬਨਾਉਣ ਦਾ ਆਸਾਨ ਤਰੀਕਾ | Healthy Veg Soup | Health Diet
ਸੇਵਾਦਾਰ ਨੇ ਅੱਗੇ ਦੱਸਿਆ ਕਿ ਉਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਹਮਣੇ ਪਈ ਸ੍ਰੀ ਸਾਹਿਬ ਜੀ ਨੂੰ ਮਾਰ ਦੇਣ ਦੀ ਨੀਅਤ ਨਾਲ ਚੁੱਕ ਲਿਆ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਪਰ ਪਏ ਰੁਮਾਲਾ ਸਾਹਿਬ ਜੀ ਨੂੰ ਪੈਰ ਲਾਇਆ। ਉਸ ਨੂੰ ਉਸੇ ਵੇਲੇ ਸਾਥੀ ਸੇਵਾਦਾਰਾਂ ਦੀ ਮਦਦ ਨਾਲ ਕਾਬੂ ਕਰਕੇ ਜੰਗਲੇ ਤੋਂ ਬਾਹਰ ਕਰ ਦਿੱਤਾ ਗਿਆ, ਜਿਸ ਨੂੰ ਦਰਸ਼ਨ ਕਰ ਰਹੀਆਂ ਸੰਗਤਾਂ ਨੇ ਫੜ ਲਿਆ ਤੇ ਬਾਹਰ ਲੈ ਗਈਆਂ।
ਇਹ ਵੀ ਪੜ੍ਹੋ : ਕਪੂਰਥਲਾ: ਪਿੰਡ ਨਿਜ਼ਾਮਪੁਰ ‘ਚ ਬੇਅਦਬੀ ਕਰਨ ਵਾਲੇ ਦਾ ਵੀ ਸੰਗਤਾਂ ਨੇ ਲਾਇਆ ਸੋਧਾ
ਰਿਪੋਰਟਾਂ ਮੁਤਾਬਕ ਦੋਸ਼ੀ ਸਵੇਰੇ 11 ਵਜੇ ਸ੍ਰੀ ਦਰਬਾਰ ਸਾਹਿਬ ਪਹੁੰਚ ਗਿਆ ਸੀ ਤੇ ਉਹ ਇਕੱਲਾ ਸੀ, ਫਿਲਹਾਲ ਪੁਲਿਸ ਵੱਲੋਂ ਜਾਂਚ ਜਾਰੀ ਹੈ। ਪੰਜਾਬ ਸਰਕਾਰ ਨੇ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਲਈ ਐੱਸ.ਆਈ.ਟੀ. ਦਾ ਗਠਨ ਕੀਤਾ ਹੈ, ਜਿਸ ਦੀ ਰਿਪੋਰਟ ਦੋ ਦਿਨਾਂ ਦੇ ਅੰਦਰ ਸੌਂਪਣ ਦੇ ਹੁਕਮ ਦਿੱਤੇ ਗਏ ਹਨ।