Police arrested the youth: ਮੋਹਾਲੀ : ਸੋਹਾਣਾ ਥਾਣਾ ਅਧੀਨ ਪੈਂਦੇ ਪਿੰਡ ਸੁਖਗੜ੍ਹ ‘ਚ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਇੱਕ ਨੌਜਵਾਨ ਨੂੰ 10 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਨੌਜਵਾਨ ਦੀ ਪਛਾਣ ਡੇਵਿਡ ਲਾਹੌਰੀਆ ਨਿਵਾਸੀ ਅੰਬਾਲਾ ਵਜੋਂ ਹੋਈ ਹੈ ਜੋ ਕੋ ਮੋਹਾਲੀ ਆਪਣੇ ਗਾਹਕ ਨੂੰ ਹੈਰੋਇਨ ਦੀ ਸਪਲਾਈ ਦੇਣ ਲਈ ਆਇਆ ਸੀ। ਦੋਸ਼ੀ ਡੇਵਿਡ ਲਹੌਰੀਆ ਖਿਲਾਫ ਥਾਣਾ ਸੋਹਾਣਾ ‘ਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਦੋਸ਼ੀ ਲਾਹੌਰੀਆ ਨੂੰ ਕੋਰਟ ‘ਚ ਪੇਸ਼ ਕੀਤਾ ਗਿਆ ਜਿਥੇ ਅਦਾਲਤ ਨੇ ਉਸ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ।
ਜਾਣਕਾਰੀ ਦਿੰਦਿਆਂ ਸਬ-ਇੰਸਪੈਕਟਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਗਸ਼ਤ ‘ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇੱਕ ਨੌਜਵਾਨ ਆਰਟਿਕਾ ਗੱਡੀ ‘ਚ ਇੱਕ ਦਿਨ ਛੱਡ ਕੇ ਆਪਣੇ ਗਾਹਕਾਂ ਨੂੰ ਹੈਰੋਇਨ ਦੀ ਸਪਲਾਈ ਦੇਣ ਆਉਂਦਾ ਹੈ। ਪੁਲਿਸ ਨੇ ਸੂਚਨਾ ਦੇ ਆਧਾਰ ‘ਤੇ ਪਿੰਡ ਸੁਖਗੜ੍ਹ ਕੋਲ ਨਾਕਾਬੰਦੀ ਕਰ ਲਈ। ਪੁਲਿਸ ਨਾਕਾਬੰਦੀ ਦੇਖ ਕੇ ਡੇਵਿਡ ਲਾਹੌਰੀਆ ਆਰਟਿਕਾ ਗੱਡੀ ਤੋਂ ਉਤਰ ਕੇ ਭੱਜਣ ਲੱਗਾ ਜਿਸ ਨੂੰ ਪੁਲਿਸ ਮੁਲਾਜ਼ਮਾਂ ਦੀ ਮਦਦ ਨਾਲ ਫੜ ਲਿਆ ਗਿਆ ਪਰ ਆਰਟਿਕਾ ਗੱਡੀ ਚਾਲਕ ਮੌਕੇ ਦਾ ਫਾਇਦਾ ਚੁੱਕ ਕੇ ਫਰਾਰ ਹੋਣ ‘ਚ ਸਫਲ ਰਿਹਾ। ਪੁਲਿਸ ਨੇ ਹੁਣ ਡੇਵਿਡ ਦੀ ਭਾਲ ਕੀਤੀ ਤਾਂ ਉਸ ਦੀ ਜੇਬ ਤੋਂ 10 ਗ੍ਰਾਮ ਹੈਰੋਇਨ ਬਰਾਮਦ ਹੋਈ।