ਪੰਜਾਬ ਵਿੱਚ ਅੱਜ (14 ਦਸੰਬਰ) ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਵੋਟਿੰਗ ਹੋ ਰਹੀ ਹੈ। ਵੋਟਿੰਗ ਸਵੇਰੇ 8 ਵਜੇ ਸ਼ੁਰੂ ਹੋਈ ਅਤੇ ਸ਼ਾਮ 4 ਵਜੇ ਤੱਕ ਜਾਰੀ ਰਹੇਗੀ। ਵੋਟਿੰਗ ਈਵੀਐਮ ਮਸ਼ੀਨਾਂ ਦੀ ਬਜਾਏ ਬੈਲਟ ਪੇਪਰਾਂ ਦੀ ਵਰਤੋਂ ਕਰਕੇ ਕੀਤੀ ਜਾ ਰਹੀ ਹੈ। ਚੋਣ ਨਤੀਜੇ 17 ਦਸੰਬਰ ਨੂੰ ਐਲਾਨੇ ਜਾਣਗੇ। ਇਸ ਦੌਰਾਨ ਲੋਕ ਆਪਣੇ ਵੋਟ ਦੇ ਅਧਿਕਾਰ ਦੀ ਉਤਸ਼ਾਹ ਨਾਲ ਵਰਤੋਂ ਕਰਦੇ ਨਜਰ ਆ ਰਹੇ ਹਨ। ਜਲਾਲਾਬਾਦ ਵਿਚ ਜਿਥੇ ਲਾੜਾ ਘੋੜੀ ਚੜ੍ਹਣ ਤੋਂ ਪਹਿਲਾਂ ਬਰਾਤ ਸਣੇ ਵੋਟ ਪਾਉਣ ਆਇਆ, ਉਥੇ ਇੱਕ 92 ਸਾਲ ਦੀ ਬਜੁਰਗ ਔਰਤ ਨੇ ਵੀ ਆਪਣਾ ਫਰਜ ਨਿਭਾਇਆ। ਦੁਪਹਿਰ 12 ਵਜੇ ਤੱਕ 19.1 ਫੀਸਦੀ ਵੋਟਿੰਗ ਹੋਈ।

ਜਲਾਲਾਬਾਦ ਵਿਧਾਨ ਸਭਾ ਹਲਕੇ ਦੇ ਬਲਾਕ ਕਮੇਟੀ ਜ਼ੋਨ ਖੁੜੰਜ ਵਿਚ ਸਥਿਤ ਚੱਕ ਸਦੀਆਂ ਪੋਲਿੰਗ ਸਟੇਸ਼ਨ ਦੇ ਬਾਹਰ ਵਿਆਹ ਦੀ ਬਰਾਤ ਰੁਕੀ। ਬਾਰਤੀਆਂ ਨੇ ਭੰਗੜਾ ਪਾਇਆ, ਬੈਂਡ-ਵਾਜੇ ਬਜਾਏ। ਇਸ ਤੋਂ ਬਾਅਦ ਲਾੜੇ ਨੇ ਘੋੜੀ ‘ਤੇ ਚੜ੍ਹਣ ਤੋਂ ਪਹਿਲਾਂ ਵੋਟ ਪਾਇਆ ਅਤੇ ਫਿਰ ਲਾੜੀ ਦੇ ਘਰ ਲਈ ਬਰਾਤ ਰਵਾਨਾ ਹੋਈ। ਲਾੜੇ ਨੇ ਕਿਹਾ ਕਿ ਵੋਟ ਦੇਣਾ ਸਾਡਾ ਹੱਕ ਹੀ ਨਹੀਂ ਫਰਜ ਵੀ ਹੈ, ਇਸ ਲਈ ਉਸ ਨੇ ਫੇਰਿਆਂ ਤੋਂ ਪਹਿਲਾਂ ਵੋਟਿੰਗ ਦਾ ਫਰਜ ਨਿਭਾਇਆ। ਉਥੇ ਹੀ ਪਟਿਆਲਾ ਬਲਾਕ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿੱਚ 92 ਸਾਲਾ ਔਰਤ ਨੇ ਆਪਣੀ ਵੋਟ ਪਾਈ।
ਇਹ ਵੀ ਪੜ੍ਹੋ : ਬੈਲਟ ਪੇਪਰਾਂ ਦੀ ਤਸਵੀਰਾਂ ਸਾਂਝੀ ਕਰ ਕੇ ਕਸੂਤੇ ਫਸੇ AAP ਉਮੀਦਵਾਰ, ਸ਼੍ਰੋਮਣੀ ਅਕਾਲੀ ਦਲ ਨੇ ਚੁੱਕੇ ਵੱਡੇ ਸਵਾਲ
ਦੂਜੇ ਪਾਸੇ ਐਤਵਾਰ ਨੂੰ ਵੋਟਿੰਗ ਸ਼ੁਰੂ ਹੁੰਦੇ ਹੀ ਅੰਮ੍ਰਿਤਸਰ ਦੇ ਖਾਸਾ ਅਤੇ ਖੁਰਮਣੀਆਂ ਵਿੱਚ ਬਲਾਕ ਕਮੇਟੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਰੱਦ ਕਰ ਦਿੱਤੀਆਂ ਗਈਆਂ। ਇੱਥੇ ‘ਆਪ’ ਉਮੀਦਵਾਰ ਦਾ ਚੋਣ ਨਿਸ਼ਾਨ ਗਲਤ ਛਾਪਿਆ ਗਿਆ ਸੀ। ਇਸ ਮੁੱਦੇ ਦਾ ਪਤਾ ਲੱਗਣ ‘ਤੇ ਚੋਣ ਕਮਿਸ਼ਨ ਨੇ ਇਸ ਮੁੱਦੇ ਨੂੰ ਹੱਲ ਕਰਨ ਦੇ ਆਦੇਸ਼ ਜਾਰੀ ਕੀਤੇ।
ਵੀਡੀਓ ਲਈ ਕਲਿੱਕ ਕਰੋ -:
























