ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਯਾਨੀ ਸ਼ੁੱਕਰਵਾਰ ਨੂੰ ਪੰਜਾਬ ਦੇ ਤਿੰਨ ਸਰਹੱਦੀ ਜ਼ਿਲ੍ਹਿਆਂ ਦਾ ਦੌਰਾ ਕਰਨਗੇ। ਉਹ ਇੱਥੇ ਭਾਜਪਾ ਵਰਕਰਾਂ ਵਿੱਚ ਜੋਸ਼ ਭਰਨਗੇ। ਰੱਖਿਆ ਮੰਤਰੀ ਰਾਜਨਾਥ ਸਿੰਘ ਪਠਾਨਕੋਟ ਤੋਂ ਇਲਾਵਾ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਵਿੱਚ ਵੀ ਭਾਜਪਾ ਉਮੀਦਵਾਰਾਂ ਨੂੰ ਉਤਸ਼ਾਹਿਤ ਕਰਨਗੇ। ਪ੍ਰਾਪਤ ਜਾਣਕਾਰੀ ਅਨੁਸਾਰ ਰੱਖਿਆ ਮੰਤਰੀ ਸਭ ਤੋਂ ਪਹਿਲਾਂ ਸਵੇਰੇ 11:20 ਵਜੇ ਪਠਾਨਕੋਟ ਦੇ ਸਿਵਲ ਹਵਾਈ ਅੱਡੇ ‘ਤੇ ਪੁੱਜਣਗੇ। ਇਸ ਤੋਂ ਬਾਅਦ ਉਹ ਹੈਲੀਕਾਪਟਰ ਰਾਹੀਂ ਹੁਸ਼ਿਆਰਪੁਰ ਦੇ ਤਲਵਾੜਾ ਵਿੱਚ ਜਨ ਸਭਾ ਨੂੰ ਸੰਬੋਧਨ ਕਰਨਗੇ।
ਦੁਪਹਿਰ 1.30 ਵਜੇ ਰੱਖਿਆ ਮੰਤਰੀ ਪਠਾਨਕੋਟ ਦੇ ਸਿਵਲ ਹਵਾਈ ਅੱਡੇ ਤੋਂ ਸੜਕੀ ਰਸਤੇ ਸੁਜਾਨਪੁਰ ਦੇ ਜੀ.ਐਸ.ਗਾਰਡਨ ਵਿਖੇ ਪਹੁੰਚਣਗੇ ਅਤੇ ਸੁਜਾਨਪੁਰ, ਪਠਾਨਕੋਟ ਅਤੇ ਭੋਆ ਤਿੰਨੋਂ ਵਿਧਾਨ ਸਭਾਵਾਂ ਵਿੱਚ ਭਾਜਪਾ ਉਮੀਦਵਾਰਾਂ ਦੇ ਹੱਕ ਵਿੱਚ ਵੋਟਾਂ ਮੰਗਣਗੇ ਅਤੇ ਵਰਕਰਾਂ ਵਿੱਚ ਜੋਸ਼ ਭਰਨਗੇ। ਇਸ ਤੋਂ ਬਾਅਦ ਰੱਖਿਆ ਮੰਤਰੀ ਸਿਵਲ ਏਅਰਪੋਰਟ ਪਠਾਨਕੋਟ ਤੋਂ ਹੈਲੀਕਾਪਟਰ ਰਾਹੀਂ ਗੁਰਦਾਸਪੁਰ ਲਈ ਰਵਾਨਾ ਹੋਣਗੇ। ਉਹ ਸ਼ਾਮ 5 ਵਜੇ ਪਠਾਨਕੋਟ ਸਿਵਲ ਹਵਾਈ ਅੱਡੇ ਤੋਂ ਦਿੱਲੀ ਪਰਤਣਗੇ।
ਭਾਜਪਾ ਨੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸੰਸਦ ਮੈਂਬਰ ਹੇਮਾ ਮਾਲਿਨੀ ਅਤੇ ਸੰਨੀ ਦਿਓਲ ਸਮੇਤ 30 ਨੇਤਾਵਾਂ ਦੇ ਨਾਂ ਸ਼ਾਮਲ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਸਮੇਤ ਕੇਂਦਰੀ ਮੰਤਰੀ ਅਤੇ ਪੰਜਾਬ ਦੇ ਚੋਣ ਸਹਿ ਇੰਚਾਰਜ ਮੀਨਾਕਸ਼ੀ ਲੇਖੀ, ਹਰਦੀਪ ਪੁਰੀ, ਅਨੁਰਾਗ ਠਾਕੁਰ, ਨਿਤਿਨ ਗਡਕਰੀ, ਪੀਯੂਸ਼ ਗੋਇਲ, ਗਜੇਂਦਰ ਸਿੰਘ ਸ਼ੇਖਾਵਤ, ਸਮ੍ਰਿਤੀ ਇਰਾਨੀ ਪੰਜਾਬ ਵਿੱਚ ਪਾਰਟੀ ਦਾ ਪ੍ਰਚਾਰ ਕਰਨਗੇ। ਇਨ੍ਹਾਂ ਚਿਹਰਿਆਂ ਤੋਂ ਇਲਾਵਾ ਸੰਸਦ ਮੈਂਬਰ ਅਤੇ ਅਦਾਕਾਰਾ ਹੇਮਾ ਮਾਲਿਨੀ ਅਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੰਨੀ ਦਿਓਲ ਵੀ ਪੰਜਾਬ ‘ਚ ਪਾਰਟੀ ਦਾ ਪ੍ਰਚਾਰ ਕਰਦੇ ਨਜ਼ਰ ਆਉਣਗੇ। ਕਿਸਾਨ ਅੰਦੋਲਨ ਦੌਰਾਨ ਕਿਸਾਨ ਜਥੇਬੰਦੀਆਂ ਖ਼ਿਲਾਫ਼ ਅਤੇ ਖੇਤੀ ਕਾਨੂੰਨਾਂ ਦੇ ਹੱਕ ਵਿੱਚ ਖੁੱਲ੍ਹ ਕੇ ਬੋਲਣ ਵਾਲੇ ਪੰਜਾਬ ਦੇ ਭਾਜਪਾ ਆਗੂ ਹਰਜੀਤ ਗਰੇਵਾਲ ਦਾ ਨਾਂ ਵੀ ਸੂਚੀ ਵਿੱਚ ਸ਼ਾਮਲ ਹੈ।
ਵੀਡੀਓ ਲਈ ਕਲਿੱਕ ਕਰੋ -: