Rakhi Bumper 2020: ਚੰਡੀਗੜ੍ਹ, 6 ਜੁਲਾਈ: ਪੰਜਾਬ ਸਰਕਾਰ ਵੱਲੋਂ ਵਿਸਾਖੀ ਬੰਪਰ-2020 ਦੀਆਂ ਵਿਕੀਆਂ ਟਿਕਟਾਂ ਦੇ ਖਰੀਦਦਾਰ ਨੂੰ ਪੈਸੇ ਵਾਪਸ ਕੀਤੇ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਬੁਲਾਰੇ ਨੇ ਦੱਸਿਆ ਕਿ ਡਾਇਰੈਕਟੋਰੇਟ ਆਫ ਪੰਜਾਬ ਸਟੇਟ ਲਾਟਰੀਜ਼ ਵਲੋਂ ਕਰੋਨਾ ਮਹਾਂਮਾਰੀ ਦੇ ਚੱਲਦਿਆਂ ਪੰਜਾਬ ਵਿੱਚ ਲਗਾਏ ਗਏ ਲਾਕ ਡਾਊਨ/ਕਰਫਿਊ ਕਾਰਨ ਪੰਜਾਬ ਸਟੇਟ ਵਿਸਾਖੀ ਬੰਪਰ-2020 ਦਾ ਡਰਾਅ 12 ਅਪ੍ਰੈਲ 2020 ਨੂੰ ਰੱਦ ਕਰ ਦਿਤਾ ਗਿਆ ਸੀ। ਬੁਲਾਰੇ ਅਨੁਸਾਰ ਇਸ ਸਬੰਧੀ ਪੰਜਾਬ ਲਾਟਰੀ ਵਿਭਾਗ ਵੱਲੋਂ ਲਾਟਰੀ ਡਰਾਅ ਦੇ ਰੱਦ ਕੀਤੇ ਪਬਲਿਕ ਨੋਟਿਸ ਵਿਚ ਹੀ ਸੂਚਿਤ ਕਰ ਦਿੱਤਾ ਗਿਆ ਸੀ ਕਿ ਟਿਕਟ ਖਰੀਦਦਾਰ ਵਿਸਾਖੀ ਬੰਪਰ-2020 ਦੀਆਂ ਟਿਕਟਾਂ ਦੇ ਪੈਸੇ ਸਬੰਧਤ ਸੈਲਰ/ਸਬ ਏਜੰਟਾਂ/ਡਾਕਘਰ ਤੋਂ ਪ੍ਰਾਪਤ ਕਰ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਲਾਟਰੀ ਵਿਭਾਗ ਵੱਲੋਂ ਟਿਕਟਾਂ ਦੀ ਵਿਕਰੀ ਦੋ ਏਜੰਟਾਂ ਅਤੇ ਪੰਜਾਬ ਦੇ ਡਾਕ ਘਰਾਂ ਰਾਹੀਂ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੇ ਪੰਜਾਬ ਰਾਜ ਵਿਸਾਖੀ ਬੰਪਰ-2020 ਦੀ ਟਿਕਟ ਖਰੀਦੀ ਹੈ ਤਾਂ ਉਹ ਸਬੰਧਤ ਵਿਕਰੇਤਾ ਤੋਂ ਜਾਂ ਸਰਕਾਰ ਵੱਲੋਂ ਨਿਯੁਕਤ ਕੀਤੇ ਏਜੰਟ ਮੈਸ: ਸਕਿੱਲ ਲੋਟੋ ਸਲਿਊਸ਼ਨਜ ਪ੍ਰਾਈਵੇਟ ਲਿਮਟਿਡ ਲੁਧਿਆਣਾ ਅਤੇ ਮੈਸ: ਐਮ.ਐਨ.ਸੀ. ਪ੍ਰਾਪਰਟੀ ਡਿਵੈਲਪਰ ਪ੍ਰਾਈਵੇਟ ਲਿਮਟਿਡ ਲੁਧਿਆਣਾ ਤੋਂ ਟਿਕਟ ਵਾਪਸ ਕਰਕੇ ਪੈਸੇ ਪ੍ਰਾਪਤ ਕਰ ਸਕਦਾ ਹੈ। ਕਾਬਿਲੇਗੌਰ ਹੈ ਕਿ ਲਾਟਰੀ ਵਿਭਾਗ ਕਿਸੇ ਵੀ ਬੰਪਰ ਦੀਆਂ ਟਿਕਟਾਂ ਸਿੱਧੇ ਤੌਰ ‘ਤੇ ਖੁਦ ਮਾਰਕੀਟ ਵਿੱਚ ਨਹੀਂ ਵੇਚਦਾ। ਪੰਜਾਬ ਦੇ ਲਾਟਰੀ ਵਿਭਾਗ ਵੱਲੋਂ ਰੱਖੜੀ ਤਿਓਹਾਰ ਦੇ ਮੌਕੇ ‘ਤੇ ਰਾਖੀ ਬੰਪਰ-2020 ਦੀਆਂ ਟਿਕਟਾਂ ਦੀ ਵਿਕਰੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦਾ ਡਰਾਅ 20 ਅਗਸਤ 2020 ਨੂੰ ਕੱਢਿਆ ਜਾਵੇਗਾ ਅਤੇ ਹਰ ਸਾਲ ਦੀ ਤਰ੍ਹਾਂ ਡੇਢ ਕਰੋੜ ਰੁਪਏ ਦਾ ਪਹਿਲਾ ਇਨਾਮ ਵਿਕੀਆਂ ਹੋਈਆਂ ਟਿਕਟਾਂ ਵਿਚੋਂ ਹੀ ਕੱਢਿਆ ਜਾਵੇਗਾ। ਇਕ ਟਿਕਟ ਦੀ ਕੀਮਤ 250 ਰੁਪਏ ਰੱਖੀ ਗਈ ਹੈ। ਜ਼ਿਕਰਯੋਗ ਹੈ ਕਿ ਪੰਜਾਬ ਰਾਜ ਦੇ ਲਾਟਰੀ ਬੰਪਰਾਂ ਦੀ ਲੋਕਪ੍ਰਿਅਤਾ ਨੂੰ ਵੇਖਦੇ ਹੋਏ ਇਸ ਬੰਪਰ ਦੀ ਕਾਫੀ ਮੰਗ ਹੈ।