ਭਾਰਤੀ ਫੌਜ ਵਿੱਚ ਭਰਤੀ ਲਈ ਆਨਲਾਈਨ ਰਜਿਸਟ੍ਰੇਸ਼ਨ 12 ਮਾਰਚ 2025 ਤੋਂ ਸ਼ੁਰੂ ਹੋਵੇਗੀ ਅਤੇ 10 ਅਪ੍ਰੈਲ 2025 ਤੱਕ ਜਾਰੀ ਰਹੇਗੀ। ਇਹ ਭਰਤੀ ਪ੍ਰਕਿਰਿਆ ਅੰਮ੍ਰਿਤਸਰ, ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹਿਆਂ ਦੇ ਸਾਰੇ ਯੋਗ ਅਣਵਿਆਹੇ ਮਰਦ ਅਤੇ ਔਰਤ ਉਮੀਦਵਾਰਾਂ ਲਈ ਹੈ ਜਿਨ੍ਹਾਂ ਦੀ ਉਮਰ ਸਾਢੇ 17 ਸਾਲ ਤੋਂ 21 ਸਾਲ ਦੇ ਵਿਚਕਾਰ ਹੈ (ਜਨਮ ਮਿਤੀ 1 ਅਕਤੂਬਰ 2004 ਤੋਂ 1 ਅਪ੍ਰੈਲ 2008 ਦੇ ਵਿਚਕਾਰ ਹੋਣੀ ਚਾਹੀਦੀ ਹੈ)।
ਉਮੀਦਵਾਰ joinindianarmy.nic.in ਵੈੱਬਸਾਈਟ ਰਾਹੀਂ ਅਪਲਾਈ ਕਰ ਸਕਦੇ ਹਨ। ਉਹ ਅਗਨੀਪਥ ਸਕੀਮ ਅਧੀਨ ਅਗਨੀਵੀਰ ਜਨਰਲ ਡਿਊਟੀ, ਅਗਨੀਵੀਰ ਕਲਰਕ ਅਤੇ ਸਟੋਰ ਕੀਪਰ ਟੈਕਨੀਕਲ, ਅਗਨੀਵੀਰ ਟੈਕਨੀਕਲ, ਅਗਨੀਵੀਰ ਟਰੇਡਸਮੈਨ (8ਵੀਂ ਅਤੇ 10ਵੀਂ ਪਾਸ) ਅਤੇ ਅਗਨੀਵੀਰ ਮਹਿਲਾ ਮਿਲਟਰੀ ਪੁਲਿਸ (AVWMP- ਕੇਵਲ ਔਰਤਾਂ) ਦੀਆਂ ਅਸਾਮੀਆਂ ਲਈ ਅਪਲਾਈ ਕਰ ਸਕਦੇ ਹਨ।

ਇਸ ਤੋਂ ਇਲਾਵਾ, ਕੋਈ ਵੀ ਰੈਗੂਲਰ ਸ਼੍ਰੇਣੀਆਂ ਜਿਵੇਂ ਕਿ ਸੋਲਜਰ ਟੈਕਨੀਕਲ ਨਰਸਿੰਗ ਅਸਿਸਟੈਂਟ, ਸਿਪਾਹੀ ਫਾਰਮਾ, ਧਾਰਮਿਕ ਅਧਿਆਪਕ, ਹੌਲਦਾਰ (ਸਰਵੇਅਰ ਆਟੋਮੇਟਿਡ ਕਾਰਟੋਗ੍ਰਾਫਰ), ਜੇਸੀਓ (ਕੇਟਰਿੰਗ) ਅਤੇ ਹੌਲਦਾਰ ਸਿੱਖਿਆ ਲਈ ਵੀ ਅਪਲਾਈ ਕਰ ਸਕਦਾ ਹੈ।
ਭਰਤੀ ਪ੍ਰਕਿਰਿਆ ਦਾ ਪਹਿਲਾ ਪੜਾਅ ਆਨਲਾਈਨ ਕਾਮਨ ਐਂਟਰੈਂਸ ਐਗਜ਼ਾਮ (ਸੀਈਈ) ਹੋਵੇਗਾ, ਜੋ ਇਸ ਵਾਰ ਪੰਜਾਬੀ ਸਮੇਤ 13 ਭਾਸ਼ਾਵਾਂ ਵਿੱਚ ਕਰਵਾਈ ਜਾ ਰਹੀ ਹੈ। ਪ੍ਰੀਖਿਆ ਵਿੱਚ ਯੋਗਤਾ ਪੂਰੀ ਕਰਨ ਵਾਲੇ ਉਮੀਦਵਾਰਾਂ ਨੂੰ ਫਿਜ਼ੀਕਲ ਰੈਲੀ ਵਿੱਚ ਹਿੱਸਾ ਲੈਣ ਦਾ ਮੌਕਾ ਮਿਲੇਗਾ। ਇਸ ਵਾਰ ਰਨ ਟੈਸਟ ਦਾ ਸਮਾਂ ਘਟਾ ਕੇ 6 ਮਿੰਟ 15 ਸਕਿੰਟ ਕਰ ਦਿੱਤਾ ਗਿਆ ਹੈ, ਜਿਸ ਨਾਲ ਉਮੀਦਵਾਰਾਂ ਨੂੰ ਕੁਝ ਰਾਹਤ ਮਿਲੇਗੀ।
ਇਹ ਵੀ ਪੜ੍ਹੋ : ਪਾ/ਕਿਸ.ਤਾਨ ‘ਚ ਪੈਸੇਂਜਰ ਟ੍ਰੇਨ ਹਾਈਜੈਕ, 100 ਤੋਂ ਵੱਧ ਯਾਤਰੀਆਂ ਨੂੰ ਬਣਾਇਆ ਗਿਆ ਬੰ/ਧ.ਕ
ਆਨਲਾਈਨ ਇਮਤਿਹਾਨ ਦੌਰਾਨ ਅਗਨੀਵੀਰ ਕਲਰਕ ਅਤੇ ਸਟੋਰਕੀਪਰ ਟੈਕਨੀਕਲ ਕੈਟਾਗਰੀ ਲਈ ਟਾਈਪਿੰਗ ਟੈਸਟ ਵੀ ਲਿਆ ਜਾਵੇਗਾ, ਜਿਸ ਵਿੱਚ ਅੰਗਰੇਜ਼ੀ ਵਿੱਚ ਘੱਟੋ-ਘੱਟ 30 ਸ਼ਬਦ ਪ੍ਰਤੀ ਮਿੰਟ ਦੀ ਟਾਈਪਿੰਗ ਸਪੀਡ ਦੀ ਲੋੜ ਹੋਵੇਗੀ।
ਸਾਰੇ ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਮੋਬਾਈਲ ਨੰਬਰ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਅਤੇ ਰਜਿਸਟ੍ਰੇਸ਼ਨ ਤੋਂ ਪਹਿਲਾਂ ਡਿਜੀਲੌਕਰ ਖਾਤਾ ਬਣਾ ਲੈਣ, ਤਾਂ ਜੋ ਲੋੜੀਂਦੇ ਦਸਤਾਵੇਜ਼ਾਂ ਨੂੰ ਅਪਲੋਡ ਕਰਨ ਵਿੱਚ ਕੋਈ ਸਮੱਸਿਆ ਨਾ ਆਵੇ। ਚਾਹਵਾਨ ਉਮੀਦਵਾਰ ਸਮੇਂ ਸਿਰ ਅਪਲਾਈ ਕਰਕੇ ਤਿਆਰੀ ਸ਼ੁਰੂ ਕਰ ਦੇਣ, ਤਾਂ ਜੋ ਉਹ ਇਸ ਸੁਨਹਿਰੀ ਮੌਕੇ ਦਾ ਲਾਭ ਉਠਾ ਸਕਣ।
ਵੀਡੀਓ ਲਈ ਕਲਿੱਕ ਕਰੋ -:
























