ਸੰਯੁਕਤ ਕਿਸਾਨ ਮੋਰਚੇ ਦੇ ਦੇਸ਼ ਵਿਆਪੀ ਭਾਰਤ ਬੰਦ ਦੇ ਸੱਦੇ ਤੇ ਅੱਜ ਫਿਰੋਜ਼ਪੁਰ-ਫਾਜ਼ਿਲਕਾ ਮੁੱਖ ਮਾਰਗ ਗੋਲੂ ਕਾ ਮੋੜ ਵਿਖੇ ਵੱਖ- ਵੱਖ ਕਿਸਾਨ ਜਥੇਬੰਦੀਆਂ ਵਲੋਂ ਚੱਕਾ ਜਾਮ ਕਰਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਦੀ ਅਗਵਾਈ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਦੇਸ ਰਾਜ ਬਾਜੇ ਕੇ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਿਲ੍ਹਾ ਆਗੂ ਗੁਰਮੀਤ ਸਿੰਘ ਮੋਠਾਂ ਵਾਲਾ, ਕੁਲ ਹਿੰਦ ਕਿਸਾਨ ਸਭਾ ਦੇ ਜਿਲ੍ਹਾ ਪ੍ਰਧਾਨ ਭਗਵਾਨ ਦਾਸ ਬਹਾਦਰ ਕੇ, ਚਰਨਜੀਤ ਸਿੰਘ ਛਾਂਗਾ ਰਾਏ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜਿਲ੍ਹਾ ਪ੍ਰਧਾਨ ਗੁਰਮੀਤ ਘੋੜੇ ਚੱਕ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਬਲਾਕ ਪ੍ਰਧਾਨ ਜਸਬੀਰ ਸਿੰਘ ਕੋਹਰ ਸਿੰਘ ਵਾਲਾ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਿਲ੍ਹਾ ਸਲਾਹਕਾਰ ਸੁਰਜੀਤ ਸਿੰਘ ਅਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜਿਲ੍ਹਾ ਆਗੂ ਅਸ਼ੋਕ ਜੰਡ ਵਾਲਾ ਨੇ ਕੀਤੀ।
ਇਹ ਵੀ ਪੜ੍ਹੋ : ਪੰਜਾਬ ਦੀਆਂ ਸੜਕਾਂ ‘ਤੇ ਉਤਰੇ ਕਿਸਾਨ, ਟਰਾਲੀ-ਟਰੈਕਟਰ ਖੜ੍ਹੇ ਕਰ ਹਾਈਵੇਅ-ਰੇਲ ਮਾਰਗ ਕੀਤੇ ਜਾਮ
ਇਸ ਮੌਕੇ ਇਲਾਕੇ ਭਰ ‘ਚੋਂ ਕਿਸਾਨ ਜਥੇਬੰਦੀਆਂ ਤੋਂ ਇਲਾਵਾ ਹੋਰ ਵੀ ਭਰਾਤਰੀ ਜਥੇਬੰਦੀਆਂ ਦੇ ਹਜ਼ਾਰਾਂ ਲੋਕਾਂ ਨੇ ਹਿੱਸਾ ਲਿਆ। ਇਸ ਮੌਕੇ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਦੇਸ਼ ਦੀ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਇਸ਼ਾਰੇ ਤੇ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਸਾਡੇ ਕਿਸਾਨਾਂ ਤੇ ਜ਼ਬਰਦਸਤੀ ਥੋਪਣ ਤੇ ਅੜੀ ਹੋਈ ਹੈ ਪਰ ਸੰਯੁਕਤ ਕਿਸਾਨ ਮੋਰਚਾ ਵੀ ਕਾਲੇ ਕਾਨੂੰਨਾਂ ਰੱਦ ਕਰਵਾਉਣ ਲਈ ਸੰਘਰਸ਼ ਕਰ ਰਿਹਾ ਹੈ ਅਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਤੱਕ ਇਹ ਸੰਘਰਸ਼ ਜਾਰੀ ਰਹੇਗਾ। ਕਿਸਾਨ ਆਗੂਆਂ ਨੇ ਅੱਗੇ ਕਿਹਾ ਕਿ ਇਹਨਾਂ ਕਾਲੇ ਕਾਨੂੰਨਾਂ ਦੇ ਲਾਗੂ ਹੋਣ ਨਾਲ ਦੇਸ਼ ਅਤੇ ਪੰਜਾਬ ਦੀ ਕਿਸਾਨੀ ਅਤੇ ਖੇਤੀ ਸਿਧੇ ਤੌਰ ਤੇ ਦੇਸ਼ ਦੇ 1 ਫੀਸਦੀ ਉੱਚ ਸਰਮਾਏਦਾਰਾਂ ਕੋਲ ਚਲੀ ਜਾਵੇਗੀ ਅਤੇ ਆਮ ਕਿਸਾਨ-ਮਜ਼ਦੂਰ ਬਰਬਾਦ ਹੋ ਜਾਵੇਗਾ।
ਉਹਨਾਂ ਅੱਗੇ ਕਿਹਾ ਕਿ ਪਿਛਲੇ 10 ਮਹੀਨਿਆਂ ਤੋਂ ਦੇਸ਼ ਵਿਚ ਚਲ ਰਿਹਾ ਸੰਘਰਸ਼ ਸਾਡੇ ਆਉਣ ਵਾਲੇ ਭਵਿੱਖ ਨੂੰ ਬਚਾਉਣ ਦਾ ਸੰਘਰਸ਼ ਹੈ ਅਤੇ ਅਸੀਂ ਭਵਿੱਖ ਬਚਾਉਣ ਲਈ ਹਰ ਕੁਰਬਾਨੀ ਦੇਣ ਤੋਂ ਪਿੱਛੇ ਨਹੀਂ ਹਟਾਂਗੇ। ਇਸ ਰੋਸ ਪ੍ਰਦਰਸ਼ਨ ਨੂੰ ਹੋਰਨਾਂ ਤੋਂ ਇਲਾਵਾ ਸਰਬ ਭਾਰਤ ਨੌਜਵਾਨ ਸਭਾ ਦੇ ਜਿਲ੍ਹਾ ਪ੍ਰਧਾਨ ਕੇਵਲ ਛਾਂਗਾ ਰਾਏ, ਪਿਆਰਾ ਸਿੰਘ ਮੇਘਾ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਸੁਰਜੀਤ ਸਿੰਘ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਆਗੂ ਜੈਲ ਸਿੰਘ ਚੱਪਾ ਅੜਿਕੀ, ਤਿਲਕ ਰਾਜ ਸਾਬਕਾ ਸਰਪੰਚ ਗੋਲੂ ਕਾ, ਡੇਰਾ ਭਜਨਗੜ੍ਹ ਯੂਥ ਕਲੱਬ ਦੇ ਸਮੂਹ ਮੈਂਬਰ, ਬਲਕਾਰ ਜੋਸਨ ਪ੍ਰਧਾਨ ਦੁਕਾਨ ਦਾਰ ਯੂਨੀਅਨ ਗੋਲੂ ਕਾ ਮੋੜ, ਜਗਦੀਸ਼ ਥਿੰਦ ਨੰਬਰਦਾਰ ਗੋਲੂ ਕਾ, ਸੋਮ ਪ੍ਰਕਾਸ਼ ਪੰਧੂ, ਪ੍ਰਵੀਨ ਰਾਣੀ ਬਾਜੇ ਕੇ, ਕਾਮਰੇਡ ਸਤਨਾਮ ਬਾਜੇ ਕੇ, ਬਚਿੱਤਰ ਸਿੰਘ ਅਤੇ ਸ਼ਮਿੰਦਰ ਸਿੰਘ ਝੰਡੂ ਵਾਲਾ, ਬਖਸ਼ਿਸ਼ ਸਿੰਘ ਮਿਸ਼ਰੀਵਾਲਾ, ਅਰਸ਼ਦੀਪ ਲਖਮੀਰ ਪੁਰਾ, ਦਲਜੀਤ ਸਾਜਨ ਸਰਪੰਚ ਕੁਟੀ, ਪਵਨ ਕੁਮਾਰ ਗੋਲੂ ਕਾ, ਸੁਖਜਿੰਦਰ ਬਰਾਡ਼, ਸਵਰਨ ਸਿੰਘ ਮੋਠਾਂ ਵਾਲਾ, ਮਨੀਸ਼ ਕੁਮਾਰ ਜੰਡ ਵਾਲਾ, ਗੁਰਭੇਜ ਲੋਹੜਾ ਨਵਾਬ, ਦੀਪੂ ਅਬਰੋਲ ਇਕਾਈ ਆਗੂ ਕਾਦੀਆਂ ਆਦਿ ਨੇ ਸੰਬੋਧਨ ਕੀਤਾ। ਇਸ ਪ੍ਰਦਰਸ਼ਨ ਲਈ ਡੇਰਾ ਭਜਨਗੜ੍ਹ, ਬਹਾਦਰ ਕੇ ਅਤੇ ਝੰਡੂਵਾਲਾ ਵਲੋਂ ਅਤੁੱਟ ਲੰਗਰ ਦਾ ਪ੍ਰਬੰਧ ਕੀਤਾ ਗਿਆ।