ਬਾਲੀਵੁੱਡ ਐਕਟਰ ਸੰਜੇ ਦੱਤ ਜਲਦ ਹੀ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੇ ਘਰ ਪਹੁੰਚ ਰਹੇ ਹਨ। ਉਹ ਮੂਸਵਾਲਾ ਦੇ ਪਿਤਾ ਬਲਕੌਰ ਸਿੰਘ ਤੇ ਮਾਤਾ ਚਰਣ ਕੌਰ ਨਾਲ ਮਿਲ ਕੇ ਦੁੱਖ ਸਾਂਝਾ ਕਰਨਗੇ।
ਸੰਜੇ ਦੱਤ ਦੇ ਆਉਣ ਦਾ ਪਤਾ ਲੱਗਦੇ ਹੀ ਪਿੰਡ ਮੂਸੇ ਵਿੱਚ ਸਖਤ ਸੁਰੱਖਿਆ ਕੀਤੀ ਗਈ ਹੈ। ਪੁਲਿਸ ਦੇ ਸੀਨੀਅਰ ਅਫਸਰਾਂ ਦੀ ਅਗਵਾਈ ਵਿੱਚ ਫੋਰਸ ਤਾਇਨਾਤ ਕੀਤੀ ਗਈ ਹੈ। ਮੂਸੇਵਾਲਾ ਨੇ ਖੁਦ ‘ਤੇ ਆਰਮਸ ਐਕਟ ਦਾ ਕੇਸ ਦਰਜ ਹੋਣ ਤੋਂ ਬਾਅਦ ਸੰਜੇ ਦੱਤ ਨਾਲ ਤੁਲਨਾ ਕਰਦੇ ਹੋਏ ਸੰਜੂ ਗੀਤ ਗਾਇਆ ਸੀ, ਜਿਸ ਮਗਰੋਂ ਉਹ ਵਿਵਾਦਾਂ ਵਿੱਚ ਫਸ ਗਏ ਸਨ।
ਮੂਸੇਵਾਲਾ ‘ਤੇ ਪੰਜਾਬ ਪੁਲਿਸ ਨੇ ਆਰਮਸ ਐਕਟ ਦਾ ਕੇਸ ਦਰਜ ਕੀਤਾ ਸੀ। ਇਸ ਮਗਰੋਂ ਉਨ੍ਹਾਂ ਨੇ ‘ਗਭਰੂ ‘ਤੇ ਕੇਸ ਜਿਹੜਾ ਸੰਜੇ ਦੱਤ ‘ਤੇ’ ਗਾਇਆ ਸੀ। ਹਾਲਾਂਕਿ ਇਸ ਕੇਸ ਵਿੱਚ ਵਕੀਲਾਂ ਨੂੰ ਗਲਤ ਬੋਲਣ ਦੇ ਦੋਸ਼ ਵਿੱਚ ਵੀ ਉਨ੍ਹਾਂ ‘ਤੇ ਕੇਸ ਦਰਜ ਹੋਇਆ ਸੀ। ਦੂਜੇ ਪਾਸੇ ਸੋਸ਼ਲ ਮੀਡੀਆ ‘ਤੇ ਵੀ ਖੂਬ ਬਹਿਸ ਹੋਈ ਕਿ ਮੂਸੇਵਾਲਾ ਜਾਣ-ਬੁੱਝ ਵਿਵਾਦਿਤ ਗੀਤ ਗਾ ਰਹੇ ਹਨ।
ਜ਼ਿਕਰਯੋਗ ਹੈ ਕਿ ਮੂਸੇਵਾਲਾ ਦਾ ਐਤਵਾਰ ਸ਼ਾਮ ਲਗਭਗ ਸਾਢੇ 5 ਵਜੇ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਕਤਲ ਕਰ ਦਿੱਤਾ ਗਿਆ ਸੀ। ਉਸ ਵੇਲੇ ਉਹ ਥਾਰ ਜੀਪ ਵਿੱਚ ਸਵਾਰ ਹੋ ਕੇ ਰਿਸ਼ਤੇਦਾਰ ਦੇ ਘਰ ਜਾ ਰਹੇ ਸਨ। ਉਨ੍ਹਾਂ ‘ਤੇ ਕੋਰੋਲਾ ਤੇ ਬੋਲੇਰੋ ਸਵਾਰ ਸ਼ਾਰਪ ਸ਼ੂਟਰਸ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਸਨ। ਇਸ ਮਗਰੋਂ ਉਨ੍ਹਾਂ ਦੀ ਮੌਤ ਹੋ ਗਈ। ਇਸ ਦੀ ਜ਼ਿੰਮੇਵਾਰੀ ਗੈਂਗਸਟਰ ਲਾਰੈਂਸ ਦੇ ਗੈਂਗ ਨੇ ਲਈ ਹੈ। ਉਨ੍ਹਾਂ ਕਿਹਾ ਕਿ ਮੋਹਾਲੀ ਵਿੱਚ ਵਿੱਕੀ ਮਿੱਡੂਖੇੜਾ ਦੇ ਕਤਲ ਦਾ ਬਦਲਾ ਲੈਣ ਲਈ ਮੂਸੇਵਾਲਾ ਦਾ ਕਤਲ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: