ਚੰਡੀਗੜ੍ਹ : ਆਉਣ ਵਾਲੇ ਗਣਤੰਤਰ ਦਿਵਸ-2025 ਦੇ ਮੱਦੇਨਜ਼ਰ ਸੁਰੱਖਿਆ ਦੇ ਪੁਖਤਾ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਪੰਜਾਬ ਪੁਲਿਸ ਨੇ ਵੀਰਵਾਰ ਨੂੰ ਸੂਬੇ ਭਰ ਦੇ ਸਾਰੇ ਰੇਲਵੇ ਸਟੇਸ਼ਨਾਂ ਅਤੇ ਆਲੇ-ਦੁਆਲੇ ਇੱਕ ਵਿਸ਼ੇਸ਼ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ (CASO)ਚਲਾਈ।
ਇਹ ਆਪ੍ਰੇਸ਼ਨ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸਾਰੇ 28 ਪੁਲਿਸ ਜ਼ਿਲ੍ਹਿਆਂ ਵਿੱਚ ਦੁਪਹਿਰ 1 ਵਜੇ ਤੋਂ 3 ਵਜੇ ਤੱਕ ਇੱਕੋ ਸਮੇਂ ਚਲਾਇਆ ਗਿਆ, ਜਿਸ ਤਹਿਤ ਰੇਲਵੇ ਸਟੇਸ਼ਨਾਂ ‘ਤੇ ਆਉਣ ਅਤੇ ਜਾਣ ਵਾਲੇ ਸ਼ੱਕੀ ਲੋਕਾਂ ਨੂੰ ਫੜਨ ਲਈ ਪੁਲਿਸ ਟੀਮਾਂ ਨੇ ਸੁੰਘਣ ਵਾਲੇ ਕੁੱਤਿਆਂ ਦੀ ਮਦਦ ਲਈ।
ਪੁਲਿਸ ਦੇ ਵਿਸ਼ੇਸ਼ ਡਾਇਰੈਕਟਰ ਜਨਰਲ (ਵਿਸ਼ੇਸ਼ ਡੀਜੀਪੀ) ਕਾਨੂੰਨ ਅਤੇ ਵਿਵਸਥਾ ਅਰਪਿਤ ਸ਼ੁਕਲਾ, ਜੋ ਇਸ ਰਾਜ ਪੱਧਰੀ ਕਾਰਵਾਈ ਦੀ ਨਿੱਜੀ ਤੌਰ ‘ਤੇ ਨਿਗਰਾਨੀ ਕਰ ਰਹੇ ਸਨ, ਨੇ ਕਿਹਾ ਕਿ ਸਾਰੇ ਸੀਪੀਜ਼/ਐਸਐਸਪੀਜ਼ ਨੂੰ ਗਜ਼ਟਿਡ ਰੈਂਕ ਦੀ ਨਿਗਰਾਨੀ ਹੇਠ ਪ੍ਰਤੀ ਰੇਲਵੇ ਸਟੇਸ਼ਨ ‘ਤੇ ਇਸ ਕਾਰਵਾਈ ਨੂੰ ਪੂਰਾ ਕਰਨ ਲਈ ਘੱਟੋ-ਘੱਟ ਦੋ ਪੁਲਿਸ ਟੀਮਾਂ ਤਾਇਨਾਤ ਕਰਨ ਲਈ ਕਿਹਾ ਗਿਆ ਸੀ। ਉਨ੍ਹਾਂ ਕਿਹਾ ਕਿ ਪੁਲਿਸ ਮੁਲਾਜ਼ਮਾਂ ਨੂੰ ਇਸ ਕਾਰਵਾਈ ਦੌਰਾਨ ਹਰੇਕ ਵਿਅਕਤੀ ਨਾਲ ਦੋਸਤਾਨਾ ਅਤੇ ਨਿਮਰਤਾ ਨਾਲ ਪੇਸ਼ ਆਉਣ ਦੀ ਸਖ਼ਤ ਹਿਦਾਇਤ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਸੂਬੇ ਦੇ ਵੱਖ-ਵੱਖ ਰੇਲਵੇ ਸਟੇਸ਼ਨਾਂ ‘ਤੇ ਸ਼ੱਕੀ ਵਿਅਕਤੀਆਂ ਦੀ ਭਾਲ ਕਰਨ ਲਈ ਸੂਬੇ ਭਰ ‘ਚ 250 ਦੇ ਕਰੀਬ ਪੁਲਿਸ ਪਾਰਟੀਆਂ ਤਾਇਨਾਤ ਕੀਤੀਆਂ ਗਈਆਂ ਹਨ, ਜਿਨ੍ਹਾਂ ‘ਚ 2300 ਤੋਂ ਵੱਧ ਪੁਲਿਸ ਮੁਲਾਜ਼ਮ ਸ਼ਾਮਲ ਹਨ, ਤਾਂ ਜੋ ਆਮ ਲੋਕਾਂ ਨੂੰ ਘੱਟ ਤੋਂ ਘੱਟ ਅਸੁਵਿਧਾ ਨੂੰ ਯਕੀਨੀ ਬਣਾਇਆ ਜਾ ਸਕੇ।
ਉਨ੍ਹਾਂ ਦੱਸਿਆ ਕਿ ਸੂਬੇ ਦੇ 169 ਰੇਲਵੇ ਸਟੇਸ਼ਨਾਂ ‘ਤੇ ਚਲਾਏ ਗਏ ਆਪਰੇਸ਼ਨ ਦੌਰਾਨ 3299 ਵਿਅਕਤੀਆਂ ਦੀ ਤਲਾਸ਼ੀ ਲਈ ਗਈ, ਜਦਕਿ 173 ਸ਼ੱਕੀ ਵਿਅਕਤੀਆਂ ਨੂੰ ਪੁੱਛਗਿੱਛ ਲਈ ਹਿਰਾਸਤ ‘ਚ ਲਿਆ ਗਿਆ।
ਇਸ ਤੋਂ ਇਲਾਵਾ ਪੁਲਿਸ ਟੀਮਾਂ ਨੂੰ ਵਾਹਨ ਐਪ ਦੀ ਵਰਤੋਂ ਕਰਕੇ ਰੇਲਵੇ ਸਟੇਸ਼ਨਾਂ ਦੇ ਆਲੇ ਦੁਆਲੇ ਖੜ੍ਹੇ ਸਾਰੇ ਵਾਹਨਾਂ ਦੀ ਚੈਕਿੰਗ ਕਰਨ ਲਈ ਵੀ ਕਿਹਾ ਗਿਆ ਸੀ, ਵਿਸ਼ੇਸ਼ ਡੀਜੀਪੀ ਨੇ ਦੱਸਿਆ ਕਿ ਟੀਮਾਂ ਨੇ ਰੇਲਵੇ ਦੇ ਆਲੇ-ਦੁਆਲੇ ਦੀਆਂ ਵੱਖ-ਵੱਖ ਪਾਰਕਿੰਗਾਂ ‘ਤੇ ਖੜ੍ਹੇ 2593 ਵਾਹਨਾਂ ਦੀ ਚੈਕਿੰਗ ਕੀਤੀ ਹੈ। ਸਟੇਸ਼ਨਾਂ ‘ਤੇ 246 ਟ੍ਰੈਫਿਕ ਚਲਾਨ ਕੀਤੇ ਗਏ ਅਤੇ 18 ਵਾਹਨ ਜ਼ਬਤ ਕੀਤੇ ਗਏ।
ਇਹ ਵੀ ਪੜ੍ਹੋ : ਫਰੀਦਕੋਟ : ਤਹਿਸੀਲਦਾਰ ਦੇ ਨਾਂ ‘ਤੇ ਰਿਸ਼ਵਤ ਦੀ ਦੂਜੀ ਕਿਸ਼ਤ ਲੈਂਦਾ ਵਸੀਕਾ ਨਵੀਸ ਰੰਗੇ ਹੱਥੀਂ ਕਾਬੂ
ਵੀਡੀਓ ਲਈ ਕਲਿੱਕ ਕਰੋ -:
