ਲੁਟੇਰਿਆਂ ਦੇ ਹੌਂਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਉਹ ਦਿਨ-ਦਿਹਾੜੇ ਵੀ ਵਾਰਦਾਤਾਂ ਕਰਨ ਤੋਂ ਨਹੀਂ ਡਰਦੇ। ਇਥੋਂ ਤੱਕ ਕਿ ਘਰਾਂ ਵਿਚ ਵੜ ਕੇ ਲੁੱਟਾਂ ਕਰਨ ਦੇ ਮਾਮਲੇ ਵੀ ਵਧਦੇ ਜਾ ਰਹੇ ਹਨ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਜਲੰਧਰ ਦੇ ਪੌਸ਼ ਇਲਾਕੇ ਸ੍ਰੀ ਗੁਰੂ ਗੋਬਿੰਦ ਸਿੰਘ ਐਵੇਨਿਊ ‘ਚ, ਜਿਥੇ ਸ਼ੁੱਕਰਵਾਰ ਦੁਪਹਿਰ ਨੂੰ ਇਕ ਲੁਟੇਰਾ ਘਰ ਦਾ ਦਰਵਾਜ਼ਾ ਖੁੱਲ੍ਹਾ ਦੇਖ ਕੇ ਅੰਦਰ ਦਾਖਲ ਹੋ ਗਿਆ।
ਘਰ ਦੀਆਂ ਔਰਤਾਂ ਨੇ ਜਦੋਂ ਉਸ ਨੂੰ ਦੇਖਿਆ ਤਾਂ ਉਨ੍ਹਾਂ ਨੇ ਰੌਲਾ ਪਾਇਆ। ਜਦੋਂ ਔਰਤਾਂ ਬਾਹਰ ਗੇਟ ਵੱਲ ਭੱਜੀਆਂ ਤਾਂ ਲੁਟੇਰੇ ਨੇ ਪਿੱਛਿਓਂ ਇੱਕ ਔਰਤ ਨੂੰ ਫੜ ਕੇ ਗੇਟ ਦੇ ਕੋਲ ਖੜ੍ਹਾ ਕਰ ਦਿੱਤਾ ਅਤੇ ਉਸ ਦੇ ਹੱਥ ‘ਤੇ ਤੇਜ਼ਧਾਰ ਹਥਿਆਰ (ਦਾਤਰ) ਨਾਲ ਵਾਰ ਕਰ ਦਿੱਤਾ। ਇਸ ਕਾਰਨ 65 ਸਾਲਾ ਨੀਲਮ ਗੁਪਤਾ ਦੇ ਹੱਥ ‘ਤੇ ਕੱਟ ਲੱਗ ਗਿਆ। ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ।
ਦਿਨ-ਦਿਹਾੜੇ ਘਰ ਅੰਦਰ ਵੜ ਕੇ ਹੋਈ ਇਸ ਘਟਨਾ ਤੋਂ ਬਾਅਦ ਕਾਲੋਨੀ ਵਿੱਚ ਦਹਿਸ਼ਤ ਦਾ ਮਾਹੌਲ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਲੰਮਾ ਪਿੰਡ ਦੇ ਰਹਿਣ ਵਾਲੇ ਰਾਜਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਰਾਮਾਮੰਡੀ ਥਾਣਾ ਇੰਚਾਰਜ ਪਰਮਿੰਦਰ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਇਹ ਵੀ ਪੜ੍ਹੋ : ਸੰਸਦ ‘ਚ ਗਰਜੇ ਸਾਬਕਾ CM ਚਰਨਜੀਤ ਚੰਨੀ, ਚੁੱਕਿਆ ਕਿਸਾਨਾਂ, ਮਜ਼ਦੂਰਾਂ ਤੇ ਪਰਾਲੀ ਦਾ ਮੁੱਦਾ
ਦੱਸ ਦੇਈਏ ਕਿ ਇੱਥੇ ਨਗਰ ਸੁਧਾਰ ਟਰੱਸਟ ਦੀ ਜ਼ਮੀਨ ’ਤੇ ਛੇ ਕਾਲੋਨੀਆਂ ਬਣਾਈਆਂ ਗਈਆਂ ਹਨ। ਵੱਖ-ਵੱਖ ਰੈਜ਼ੀਡੈਂਟਸ ਬਾਡੀ ਦੇ ਨੁਮਾਇੰਦਿਆਂ ਨੇ ਪੁਲਿਸ ਤੋਂ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਹੈ। ਏ.ਸੀ.ਪੀ ਸੈਂਟਰਲ ਨਿਰਮਲ ਸਿੰਘ ਨੇ ਦੱਸਿਆ ਕਿ ਲੁਟੇਰੇ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਲੁੱਟੇ ਗਏ ਮੋਬਾਇਲ ਸਮੇਤ ਹਥਿਆਰ ਵੀ ਬਰਾਮਦ ਕੀਤੇ ਗਏ ਹਨ।
ਵੀਡੀਓ ਲਈ ਕਲਿੱਕ ਕਰੋ -:
