ਆਪ੍ਰੇਸ਼ਨ ਸਿੰਦੂਰ ਦੌਰਾਨ ਫੌਜ ਦੀ ਮਦਦ ਕਰਨ ਲਈ, ਪੰਜਾਬ ਦੇ ਫਿਰੋਜ਼ਪੁਰ ਦੇ 10 ਸਾਲਾ ਸ਼ਰਵਣ ਸਿੰਘ ਨੂੰ ਰਾਸ਼ਟਰੀ ਬਾਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸ਼ੁੱਕਰਵਾਰ ਨੂੰ ਇਹ ਪੁਰਸਕਾਰ ਦਿੱਤਾ। ਜਿਕਰਯੋਗ ਹੈ ਕਿ ਵੀਰ ਬਾਲ ਦਿਵਸ ਦੇ ਮੌਕੇ ‘ਤੇ, ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸ਼ੁੱਕਰਵਾਰ ਨੂੰ 18 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਚੁਣੇ ਗਏ 20 ਬੱਚਿਆਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਪ੍ਰਦਾਨ ਕੀਤਾ। ਸ਼ਰਵਣ ਸਿੰਘ ਇਸ ਸਾਲ ਇਹ ਪੁਰਸਕਾਰ ਹਾਸਿਲ ਕਰਨ ਵਾਲਾ ਪੰਜਾਬ ਤੋ ਇਕਲੌਤਾ ਬੱਚਾ ਹੈ।

ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਪ੍ਰਾਪਤ ਕਰਨ ਮਗਰੋਂ ਸ਼ਰਵਣ ਸਿੰਘ ਨੇ ਕਿਹਾ ਕਿ ਜਦੋਂ ਪਾਕਿਸਤਾਨ ਵਿਰੁੱਧ ਆਪ੍ਰੇਸ਼ਨ ਸਿੰਦੂਰ ਸ਼ੁਰੂ ਹੋਇਆ, ਤਾਂ ਫੌਜੀ ਸਾਡੇ ਪਿੰਡ ਆਏ, ਮੈਂ ਸੋਚਿਆ ਕਿ ਮੈਨੂੰ ਉਨ੍ਹਾਂ ਦੀ ਸੇਵਾ ਕਰਨੀ ਚਾਹੀਦੀ ਹੈ।ਮੈਂ ਉਨ੍ਹਾਂ ਲਈ ਰੋਜ਼ ਦੁੱਧ, ਚਾਹ, ਲੱਸੀ ਤੇ ਬਰਫ਼ ਲੈ ਕੇ ਜਾਂਦਾ ਸੀ। ਮੈਨੂੰ ਸਨਮਾਨਿਤ ਹੋ ਕੇ ਬਹੁਤ ਵਧੀਆ ਮਹਿਸੂਸ ਹੋਇਆ ਹੈ। ਮੈਂ ਕਦੇ ਇਸ ਬਾਰੇ ਸੁਪਨੇ ‘ਚ ਵੀ ਨਹੀਂ ਸੋਚਿਆ ਸੀ।
ਦੱਸ ਦੇਈਏ ਕਿ ਭਾਰਤ ਨੇ ਆਪ੍ਰੇਸ਼ਨ ਸਿੰਦੂਰ ਦੇ ਨਾਮ ‘ਤੇ ਪਾਕਿਸਤਾਨ ‘ਤੇ ਹਵਾਈ ਹਮਲੇ ਕੀਤੇ ਸਨ। ਇਸ ਦੇ ਜਵਾਬ ਵਿੱਚ, ਪਾਕਿਸਤਾਨ ਨੇ ਵੀ ਪੰਜਾਬ ਵਿੱਚ ਸਰਹੱਦ ‘ਤੇ ਹਮਲੇ ਸ਼ੁਰੂ ਕਰ ਦਿੱਤੇ ਸਨ। ਉਨ੍ਹਾਂ ਨੂੰ ਨਾਕਾਮ ਕਰਨ ਲਈ ਭਾਰਤੀ ਫੌਜ ਨੂੰ ਉੱਥੇ ਤਾਇਨਾਤ ਕੀਤਾ ਗਿਆ ਸੀ। ਜੰਗ ਦੀ ਸਥਿਤੀ ਦੇ ਵਿਚਕਾਰ 10 ਸਾਲਾਂ ਸ਼ਰਵਣ ਨੇ ਸਰਹੱਦ ‘ਤੇ ਤਾਇਨਾਤ ਸੈਨਿਕਾਂ ਨੂੰ ਘਰੋਂ ਦੁੱਧ, ਰੋਟੀ ਅਤੇ ਲੱਸੀ ਪਹੁੰਚਾਈ। ਉਹ ਮਮਦੋਟ ਦੇ ਸਿਟੀ ਹਾਰਟ ਸਕੂਲ ਵਿਚ ਪੜ੍ਹਦਾ ਹੈ।
ਸ਼ਰਵਨ ਸਿੰਘ ਦੇ ਜਜਬੇ ਨੂੰ ਦੇਖਦੇ ਹੋਏ ਭਾਰਤੀ ਫੌਜ ਵੱਲੋਂ ਵੀ ਉਸ ਨੂੰ ਕਈ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ ਸੀ। ਫਿਰੋਜ਼ਪੁਰ ਵਿਖੇ ਇੱਕ ਸਮਾਗਮ ਦੌਰਾਨ ਪੱਛਮੀ ਕਮਾਂਡ ਦੇ ਜਨਰਲ ਅਫਸਰ ਕਮਾਂਡਿੰਗ-ਇਨ-ਚੀਫ਼ ਲੈਫਟੀਨੈਂਟ ਜਨਰਲ ਮਨੋਜ ਕੁਮਾਰ ਕਟਿਆਰ ਨੇ ਵੀ ਸ਼ਰਵਣ ਸਿੰਘ ਨੂੰ ਸਨਮਾਨਿਤ ਕੀਤਾ ਸੀ। ਭਾਰਤੀ ਫੌਜ ਦੀ ਗੋਲਡਨ ਐਰੋ ਡਿਵੀਜ਼ਨ ਵੱਲੋਂ ਸ਼ਰਵਣ ਸਿੰਘ ਦੀ ਪੜ੍ਹਾਈ ਦਾ ਸਾਰਾ ਖਰਚਾ ਚੁੱਕਣ ਦਾ ਵਾਅਦਾ ਕੀਤਾ ਗਿਆ ਸੀ। ਭਾਰਤੀ ਫੌਜ ਵੱਲੋਂ ਸ਼ਰਵਣ ਸਿੰਘ ਦੇ ਦਾਖਲੇ ਤੋਂ ਲੈ ਕੇ ਹਰ ਸਕੂਲੀ ਲੋੜ ਪੂਰੀ ਕਰਨ ਦੀ ਵੀ ਗੱਲ ਕਹੀ ਗਈ ਸੀ।
ਵੀਡੀਓ ਲਈ ਕਲਿੱਕ ਕਰੋ -:
























