shri hemkunt sahib ji start way out: ਸਿੱਖਾਂ ਦੇ ਪਵਿੱਤਰ ਸਥਾਨ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਨੂੰ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖੁਸ਼ਖ਼ਬਰੀ ਹੈ। ਜਾਣਕਾਰੀ ਮੁਤਾਬਕ ਸ੍ਰੀ ਹੇਮਕੁੰਟ ਸਾਹਿਬ ਦੀ ਪਵਿੱਤਰ ਯਾਤਰਾ ਸ਼ੁਰੂ ਹੋਣ ਜਾ ਰਹੀ ਹੈ ਅਤੇ ਗੁਰਦੁਆਰਾ ਸਾਹਿਬ ‘ਚ ਪਹਿਲੀ ਅਰਦਾਸ 4 ਸਤੰਬਰ 2020 ਨੂੰ ਹੋਵੇਗੀ। ਦੱਸ ਦੇਈਏ ਕਿ ਇਹ ਯਾਤਰਾ ਹਰ ਸਾਲ ਮਈ ਤੋਂ ਅਕਤੂਬਰ ਮਹੀਨੇ ਤੱਕ ਹੁੰਦੀ ਸੀ ਪਰ ਕੋਰੋਨਾ ਦੇ ਕਾਰਨ ਇਸ ਵਾਰ ਯਾਤਰਾ ਸਮੇਂ ਸਿਰ ਸ਼ੁਰੂ ਨਹੀਂ ਹੋ ਸਕੀ ਸੀ। ਇਸ ਤੋਂ ਬਾਅਦ ਬੀਤੇ ਦਿਨ ਭਾਵ ਬੁੱਧਵਾਰ ਨੂੰ ਉਤਰਾਂਖੰਡ ਸਰਕਾਰ ਅਤੇ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੀ ਗੱਲਬਾਤ ‘ਚ ਯਾਤਰਾ ‘ਤੇ ਸਹਿਮਤੀ ਬਣੀ। ਇਸ ਤੋਂ ਬਾਅਦ ਉਤਰਾਂਖੰਡ ਸਰਕਾਰ ਨੇ ਯਾਤਰਾ ਦੀ ਆਗਿਆ ਦੇ ਦਿੱਤੀ ਹੈ।
ਦੱਸਣਯੋਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਯਾਤਰਾ ਲਈ ਸਾਰੇ ਇੰਤਜ਼ਾਮ ਪੂਰੇ ਕਰ ਲਏ ਹਨ। ਇਸ ਬਾਬਤ ਚਮੋਲੀ ਦੇ ਜ਼ਿਲ੍ਹਾ ਮੈਜਿਸਟ੍ਰੇਟ ਸਵਾਤੀ ਐੱਸ. ਭਦੌਰੀਆ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਿੱਖਾਂ ਦੇ ਪਵਿੱਤਰ ਸਥਾਨ ਸ੍ਰੀ ਹੇਮਕੁੰਟ ਸਾਹਿਬ ਅਤੇ ਲੋਕਪਾਲ ਲਕਸ਼ਮਣ ਮੰਦਰ 4 ਸਤੰਬਰ ਨੂੰ ਸਵੇਰੇ 4 ਵਜੇ ਸ਼ਰਧਾਲੂਆਂ ਲਈ ਖੋਲ੍ਹੇ ਜਾਣਗੇ।
ਨਿਯਮਾਂ ਦਾ ਰੱਖਣਾ ਹੋਵੇਗਾ ਧਿਆਨ- ਹੁਣ ਪ੍ਰਸ਼ਾਸਨ ਨੇ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਖੋਲ੍ਹਣ ਜਾ ਰਹੀ ਹੈ। ਇਸ ਦੌਰਾਨ ਸਰਕਾਰ ਵਲੋਂ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਨਾ ਹੋਵੇਗਾ। ਜਿਵੇਂ ਕਿ ਜੋ ਸ਼ਰਧਾਲੂ ਦਰਸ਼ਨ ਕਰਨ ਲਈ ਜਾਂਦਾ ਹੈ, ਉਸ ਕੋਲ 72 ਘੰਟੇ ਪਹਿਲਾਂ ਕੋਰੋਨਾ ਟੈਸਟ ਰਿਪੋਰਟ ਹੋਵੇ। ਇਸ ਤੋਂ ਇਲਾਵਾ ਸ਼ਰਧਾਲੂਆਂ ਨੂੰ ਉੱਤਰਾਖੰਡ ਸਰਕਾਰ ਦੀ ਵੈੱਬਸਾਈਟ ਤੋਂ ਈ-ਪਾਸ ਲੈ ਕੇ ਹੀ ਯਾਤਰਾ ਕਰਨੀ ਹੋਵੇਗੀ। ਯਾਤਰਾ ਦੌਰਾਨ ਮਾਸਕ ਲਾਉਣਾ ਜ਼ਰੂਰੀ ਹੋਵੇਗੀ ਅਤੇ ਸਮਾਜਿਕ ਦੂਰੀ ਦੀ ਪਾਲਣਾ ਕਰਨੀ ਜ਼ਰੂਰੀ ਹੋਵੇਗਾ। ਤੀਰਥ ਯਾਤਰਾ ‘ਤੇ ਆਉਣ ਵਾਲੇ ਸ਼ਰਧਾਲੂਆਂ ਦੀ ਥਰਮਲ ਸਕ੍ਰੀਨਿੰਗ ਵੀ ਕਰਵਾਈ ਜਾਵੇਗੀ।ਗੁਰਦੁਆਰਾ ਸ੍ਰੀ ਗੋਵਿੰਦ ਘਾਟ ਦੇ ਮੈਨੇਜਰ ਸੇਵਾ ਸਿੰਘ ਨੇ ਦੱਸਿਆ ਹੈ ਕਿ ਸਰਕਾਰ ਵੱਲੋਂ ਮਨਜ਼ੂਰੀ ਲਈ ਇੰਤਜ਼ਾਰ ਕੀਤਾ ਦਾ ਰਿਹਾ ਸੀ। ਯਾਤਰਾ ਦਾ ਰਸਤਾ ਪੂਰੀ ਤਰ੍ਹਾਂ ਨਾਲ ਤਿਆਰ ਹੈ। ਇਸ ਵਾਰ ਘੋੜੇ ਅਤੇ ਖੱਚਰਾਂ ਵਾਲਿਆਂ ਦੀ ਕਮੀ ਹੈ। ਉਨ੍ਹਾਂ ਨੇ ਸਪੱਸ਼ਟ ਕਰਦੇ ਹੋਏ ਕਿਹਾ ਹੈ ਕਿ ਜੇਕਰ ਕੋਈ ਗਲਤ ਰਿਪੋਰਟ ਲੈ ਕੇ ਯਾਤਰਾ ‘ਤੇ ਆਵੇਗਾ ਤਾਂ ਉਸ ਨੂੰ ਸਰਕਾਰ ਵੱਲੋਂ ਉਸੇ ਸਮੇਂ ਕੁਆਰੰਟਾਈਨ ਕੀਤਾ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਸ੍ਰੀ ਹੇਮਕੁੰਟ ਸਾਹਿਬ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਤੋਂ ਪਹਿਲਾਂ ਦਾ ਤਪਸਥਾਨ ਮੰਨਿਆ ਜਾਂਦਾ ਹੈ। ਸਿੱਖਾਂ ਦਾ ਇਹ ਪਵਿੱਤਰ ਸਥਾਨ ਉਤਰਾਂਖੰਡ ਦੇ ਚਮੌਲੀ ਜ਼ਿਲ੍ਹੇ ‘ਚ ਹੈ। ਇਸ ਦੀ ਉਚਾਈ 15,200 ਫੁੱਟ ਹੈ। ਇੱਥੇ 6 ਮਹੀਨੇ ਤੱਕ ਬਰਫ ਜੰਮੀ ਰਹਿੰਦੀ ਹੈ। ਇੱਥੇ ਪਵਿੱਤਰ ਯਾਤਰਾ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਲਗਭਗ ਡੇਢ ਮਹੀਨੇ ਤੱਕ ਫੌਜ ਦੇ ਜਵਾਨ ਬਰਫ ਹਟਾ ਕੇ ਰਸਤਾ ਬਣਾਉਂਦੇ ਹਨ।