ਪਟਿਆਲਾ ਵਿਚ ਬੀਤੀ 13 ਮਾਰਚ ਨੂੰ ਹੋਈ ਕਰਨਲ ਬਾਠ ਤੇ ਉਸ ਦੇ ਪੁੱਤਰ ਦੀ ਕੁੱਟਮਾਰ ਦਾ ਮਾਮਲਾ ਭਖਦਾ ਜਾ ਰਿਹਾ ਹੈ। ਦੇਰ ਸ਼ਾਮ ਇਸ ਮਾਮਲੇ ਵਿਚ ਇੱਕ ਨਵੀਂ ਐੱਫ.ਆਈ.ਆਰ. ਦਰਜ ਕੀਤੀ ਗਈ। ਥਾਣਾ ਸਿਵਲ ਲਾਈਨ ਵਿਚ ਦੋਸ਼ੀ ਪੁਲਿਸ ਮੁਲਾਜ਼ਮਾਂ ਖਿਲਾਫ ਬਾਈ ਨੇਮ ਕੇਸ ਦਰਜ ਹੋਇਆ। ਮਾਮਲੇ ਦੀ ਜਾਂਚ ਲਈ ਐੱਸ.ਆਈ.ਟੀ. ਦਾ ਗਠਨ ਵੀ ਕੀਤਾ ਗਿਆ ਹੈ। ਮਾਮਲੇ ਦੀ ਜਾਂਚ SPS ਪਰਮਾਰ ਦੀ ਅਗਵਾਈ ਵਿਚ ਹੋਵੇਗੀ। ਕਰਨਲ ਦੇ ਪਰਿਵਾਰ ਨੂੰ ਸੁਰੱਖਿਆ ਵੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਮਾਮਲੇ ਵਿਚ ਸ਼ਾਮਲ ਪੁਲਿਸ ਵਾਲਿਆਂ ਦੀ ਜ਼ਿਲ੍ਹੇ ਤੋਂ ਬਾਅਦ ਟਰਾਂਸਫਰ ਕਰ ਦਿੱਤੀ ਗਈ ਹੈ।
ਦੂਜੇ ਪਾਸੇ ਪੰਜਾਬ ਸਰਕਾਰ ਨੇ ਇਸ ਮਾਮਲੇ ਵਿਚ ਨਿਆਇਕ ਜਾਂਚ ਦੇ ਹੁਕਮ ਦਿੱਤੇ ਹਨ, ਜਿਸ ਦੇ ਲਈ IAS ਪਰਮਵੀਰ ਸਿੰਘ ਨੂੰ ਜਾਂਚ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ। ਇਸ ਮਾਮਲੇ ਵਿਚ 3 ਹਫ਼ਤਿਆਂ ‘ਚ ਜਾਂਚ ਪੂਰੀ ਕਰਕੇ ਰਿਪੋਰਟ ਸੌਂਪਣ ਦੀਆਂ ਹਿਦਾਇਤਾਂ ਦਿੱਤੀਆਂ ਗਈਆਂ ਹਨ।
ਕਰਨਲ ਬਾਠ ਦੀ ਪਤਨੀ ਜਸਵਿੰਦਰ ਕੌਰ ਬਾਠ ਨੇ ਸ਼ੁੱਕਰਵਾਰ ਨੂੰ ਚੰਡੀਗੜ੍ਹ ‘ਚ ਸਾਬਕਾ ਅਧਿਕਾਰੀਆਂ ਨਾਲ ਪ੍ਰੈੱਸ ਕਾਨਫਰੰਸ ਕਰਦਿਆਂ ਦੱਸਿਆ ਕਿ ਉਸ ਦਾ ਪਤੀ ਪੁਸ਼ਪਿੰਦਰ ਸਿੰਘ ਬਾਠ ਇਸ ਸਮੇਂ ਭਾਰਤੀ ਫੌਜ ਵਿੱਚ ਕਰਨਲ ਹੈ। 13 ਮਾਰਚ ਦੀ ਰਾਤ ਨੂੰ ਉਸ ਦਾ ਪਤੀ ਆਪਣੇ ਲੜਕੇ ਅੰਗਦ ਸਿੰਘ ਨਾਲ ਸ਼ਹਿਰ ਗਿਆ ਹੋਇਆ ਸੀ। ਇਸੇ ਦੌਰਾਨ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਨੇੜੇ ਸਥਿਤ ਢਾਬੇ ਨੇੜੇ ਕੁਝ ਪੁਲਿਸ ਮੁਲਾਜ਼ਮਾਂ ਨੇ ਉਸ ਦੇ ਪਤੀ ਅਤੇ ਪੁੱਤਰ ਨਾਲ ਕੁੱਟਮਾਰ ਕੀਤੀ। ਪੁਸ਼ਪਿੰਦਰ ਸਿੰਘ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਫੌਜ ਵਿੱਚ ਕਰਨਲ ਹੈ, ਇਸ ਦੇ ਬਾਵਜੂਦ ਉਨ੍ਹਾਂ ਨੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਉਸ ਦੇ ਪਤੀ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਸ ਦਾ ਖੱਬਾ ਹੱਥ ਵੀ ਫਰੈਕਚਰ ਹੋ ਗਿਆ। ਪੁੱਤਰ ਅੰਗਦ ਸਿੰਘ ਦੇ ਸਿਰ ‘ਤੇ ਡੂੰਘਾ ਜ਼ਖ਼ਮ ਹੋ ਗਿਆ, ਜਿਸ ਕਾਰਨ ਦੋਵਾਂ ਨੂੰ ਹਸਪਤਾਲ ਦਾਖ਼ਲ ਕਰਵਾਉਣਾ ਪਿਆ।
ਇਹ ਵੀ ਪੜ੍ਹੋ : ਅੱਜ ਤੋਂ ਹੋਵੇਗਾ IPL-2025 ਦਾ ਆਗਾਜ਼, KKR ਤੇ RCB ਦੇ ਵਿਚਕਾਰ ਹੋਵੇਗਾ ਪਹਿਲਾ ਮੈਚ
ਪ੍ਰੈਸ ਕਾਨਫਰੰਸ ਦੌਰਾਨ ਕਰਨਲ ਦੀ ਪਤਨੀ ਸਮੇਤ ਉਥੇ ਮੌਜੂਦ ਸਾਬਕਾ ਫੌਜੀ ਅਧਿਕਾਰੀਆਂ ਨੇ ਡੀਸੀ ਨੂੰ ਪੰਜਾਬ ਦੇ ਮੁੱਖ ਸਕੱਤਰ ਦੇ ਨਾਂ ਇਕ ਮੰਗ ਪੱਤਰ ਸੌਂਪਿਆ ਹੈ, ਇਸਵਿਚ ਸੀਬੀਆਈ ਜਾਂਚ ਕਰਵਾਉਣ ਤੇ ਮਾਮਲੇ ਨਾਲ ਜੁੜੇ ਪੁਲਿਸ ਅਧਿਕਾਰੀਆਂ ਨੂੰ ਸਸਪੈਂਡ ਕਰਨ ਸਣੇ ਹੋਰ ਮੰਗਾਂ ਲਿਖੀਆਂ ਗਈਆਂ ਹਨ।
ਵੀਡੀਓ ਲਈ ਕਲਿੱਕ ਕਰੋ -:
