smartschool corona cabinet minister: ਵੈਸੇ ਤਾਂ ਮੰਤਰੀਆਂ ਵੱਲੋਂ ਕੋਰੋਨਾ ਤੋਂ ਬਚਾਅ ਲਈ ਸਰਕਾਰ ਦੇ ਖੂਬ ਕਸੀਦੇ ਪੜ੍ਹੇ ਜਾਂਦੇ ਹਨ ਅਤੇ ਹਰ ਨਾਗਰਿਕ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਮਾਮੂਲੀ ਲੱਛਣ ਦਿਸਣ ‘ਤੇ ਵੀ ਟੈਸਟ ਕਰਵਾਓ। ਇਸ ਦੇ ਨਾਲ ਸੋਸ਼ਲ ਡਿਸਟੈਂਸਿੰਗ ਦਾ ਵੀ ਪਾਲਣ ਕਰੋ। ਹੁਣ ਸਵਾਲ ਉਦੋਂ ਉੱਠਦਾ ਹੈ ਕਿ ਦੂਜਿਆਂ ਨੂੰ ਸਲਾਹ ਦੇਣ ਦੇ ਨਾਲ ਮੰਤਰੀਆਂ ਵੱਲੋਂ ਖੁਦ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਅਜਿਹਾ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਪੰਜਾਬ ਦਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਮਿਲੀ ਹੈ।
ਇਹ ਮਾਮਲਾ ਸਾਹਮਣੇ ਆਉਂਦਿਆਂ ਹੀ ਸਿਹਤ ਵਿਭਾਗ ਲਈ ਵੱਡੀ ਚਿੰਤਾ ਪੈਦਾ ਹੋ ਗਈ। ਦੱਸ ਦੇਈਏ ਕਿ 74ਵੇਂ ਆਜ਼ਾਦੀ ਦਿਹਾੜੇ ਦੇ ਮੌਕੇ ‘ਤੇ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵੱਲੋਂ ਮਾਨਸਾ ‘ਚ ਝੰਡਾ ਲਹਿਰਾਇਆ ਗਿਆ ਅਤੇ ਇੱਥੇ ਕੋਟੜਾ ਪਿੰਡ ਦੇ ਇਕ ਸਮਾਰਟ ਸਕੂਲ ਦਾ ਉਦਘਾਟਨ ਕੀਤਾ ਗਿਆ, ਜਿੱਥੇ ਸਕੂਲ ਦੇ 100 ਦੇ ਕਰੀਬ ਵਿਦਿਆਰਥੀ ਸਨ, ਜਿਨ੍ਹਾਂ ਨੂੰ ਮੰਤਰੀ ਜੀ ਨੇ ਸਨਮਾਨਿਤ ਕੀਤਾ। ਇਸ ਕਾਰਨ ਉਨ੍ਹਾਂ ਬੱਚਿਆਂ ਵਿੱਚ ਵੀ ਸਹਿਮ ਦਾ ਮਾਹੌਲ ਹੈ।
ਇਸ ਤੋਂ ਇਲਾਵਾ ਉਦਘਾਟਨੀ ਸਮਾਰੋਹ ਤੋਂ ਬਾਅਦ ਮੰਤਰੀ ਜੀ ਹਲਕਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਦੇ ਘਰ ਪਹੁੰਚੇ, ਜਿੱਥੇ ਕਈ ਕਾਂਗਰਸੀ ਵਰਕਰਾਂ ਨੂੰ ਮਿਲੇ। ਸਿਹਤ ਵਿਭਾਗ ਇਨ੍ਹਾਂ ਸਾਰੇ ਵਿਅਕਤੀਆਂ ਦਾ ਪਤਾ ਲਾਇਆ ਜਾ ਰਿਹਾ ਹੈ। ਮੰਤਰੀ ਦੇ ਇਸ ਦੌਰੇ ‘ਤੇ ਵਿਰੋਧੀ ਪਾਰਟੀਆਂ ਨੇ ਸਵਾਲ ਚੁੱਕੇ ਹਨ ਕਿ ਜਦੋਂ ਉਨ੍ਹਾਂ ਦੀ ਸਿਹਤ ਪਹਿਲਾਂ ਹੀ ਖ਼ਰਾਬ ਸੀ ਤਾਂ ਉਨ੍ਹਾਂ ਨੇ ਪਹਿਲਾਂ ਆਪਣਾ ਕੋਰੋਨਾ ਟੈਸਟ ਕਰਵਾਉਣਾ ਸੀ।ਹੁਣ ਮੰਤਰੀ ਜੀ ਦੇ ਸੰਪਰਕ ‘ਚ ਆਉਣ ਵਾਲੇ ਵਿਅਕਤੀਆਂ ਨੂੰ ਉਨ੍ਹਾਂ ਦੇ ਘਰਾਂ ‘ਚ ਇਕਾਂਤਵਾਸ ਕਰ ਦਿੱਤਾ ਹੈ ਅਤੇ ਉਨ੍ਹਾਂ ਸਾਰੇ ਵਿਅਕਤੀਆਂ ਲਈ ਸੈਂਪਲਿੰਗ ਕੀਤੀ ਜਾਵੇਗੀ ।