ਲੁਧਿਆਣਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਭ੍ਰਿਸ਼ਟਾਚਾਰ ਵਿਚ ਡੁੱਬੇ ਕਾਂਗਰਸ ਦੇ ਸਾਰੇ ਮੰਤਰੀਆਂ ਨੁੰ ਆਖਿਆ ਕਿ ਅਗਲੀ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਬਣਨ ’ਤੇ ਉਨ੍ਹਾਂ ਦੇ ਗੁਨਾਹਾਂ ਦੀ ਪੜਤਾਲ ਲਈ ਵਿਸ਼ੇਸ਼ ਜਾਂਚ ਕਮਿਸ਼ਨ ਗਠਿਤ ਕੀਤਾ ਜਾਵੇਗਾ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਇਥੇ ਸ਼ਹਿਰ ਦੇ ਦੌਰੇ ’ਤੇ ਸਨ ਜਿਸ ਦੌਰਾਨ ਉਨ੍ਹਾਂ ਨੇ ਵੱਖ ਵੱਖ ਹਲਕਿਆਂ ਦਾ ਦੌਰਾ ਕੀਤਾ ਤੇ ਦਰੇਸੀ ਗਰਾਊਂਡ ਵਿਚ ਜੈਨ ਸਕੂਲ ਸਮੇਤ ਸ਼ੰਗਲਾਵਾਲਾ ਸ਼ਿਵਾਲਾ ਮੰਦਿਰ ਤੇ ਗਿਆਨ ਸਥਲ ਮੰਦਿਰ ਵਿਖੇ ਵੀ ਨਤਮਸਤਕ ਹੋਏ। ਉਨ੍ਹਾਂ ਨੇ ਪੱਛਮੀ ਹਲਕੇ ਵਿਚ ਵੀ ਵੱਖ ਵੱਖ ਥਾਵਾਂ ਦਾ ਦੌਰਾ ਕੀਤਾ ਤੇ ਮਾਡਲ ਟਾਊਨ ਵਿਚ ਸ੍ਰੀ ਨੀਰਜ ਸਤੀਜਾ ਵੱਲੋਂ ਕੀਤੇ ਪ੍ਰਬੰਧਾਂ ਤਹਿਤ ਉਦਯੋਗਪਤੀਆਂ ਤੇ ਡਾਕਟਰਾਂ ਦੇ ਨਾਲ-ਨਾਲ ਆਤਮ ਨਗਰ ਦੇ ਲੋਕਾਂ ਨਾਲ ਵੀ ਮੁਲਾਕਾਤ ਕੀਤੀ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਇਹ ਨਾ ਸਮਝੇ ਕਿ ਕੁਝ ਭ੍ਰਿਸ਼ਟ ਮੰਤਰੀਆਂ ਨੂੰ ਬਾਹਰ ਕਰਨ ਨਾਲ ਉਸਦੇ ਦੇ ਗੁਨਾਹ ਧੋਤੇ ਜਾਣਗੇ ਤੇ ਕੈਬਨਿਟ ਦੇ ਬਾਕੀ ਸਾਥੀ ਦੁੱਧ ਧੋਤੇ ਹੋ ਜਾਣਗੇ। ਉਨ੍ਹਾਂ ਕਿਹਾ ਕਿ ਸੱਚਾਹੀ ਇਹ ਹੈ ਕਿ ਅੱਜ ਸਾਰੀ ਕਾਂਗਰਸ ਪਾਰਟੀ ਹੀ ਭ੍ਰਿਸ਼ਟਾਚਾਰ ਵਿਚ ਡੁੱਬੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਮੰਤਰੀਆਂ ਨੇ ਹਜ਼ਾਰਾਂ ਕਰੋੜਾਂ ਰੁਪਏ ਦੇ ਸਕੈਂਡਲ ਕਰਵਾਏ ਹਨ। ਉਹਨਾਂ ਕਿਹਾ ਕਿ ਉਹ ਪੰਜਾਬੀਆਂ ਨੂੰ ਭਰੋਸਾ ਦੁਆਉਂਦੇ ਹਨ ਕਿ ਸੂਬੇ ਵਿਚ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਬਣਨ ’ਤੇ ਭ੍ਰਿਸ਼ਟਾਚਾਰ ਦੇ ਇਨ੍ਹਾਂ ਸਾਰੇ ਮਾਮਲਿਆਂ ਦੀ ਵਿਸ਼ੇਸ਼ ਕਮਿਸ਼ਨ ਤੋਂ ਜਾਂਚ ਕਰਵਾਈ ਜਾਵੇਗੀ ਅਤੇ ਜੋ ਵੀ ਪੰਜਾਬੀਆਂ ਤੇ ਸੂਬੇ ਨੂੰ ਲੁੱਟਣ ਦੇ ਦੋਸ਼ੀ ਹੋਣਗੇ, ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਪੰਜਾਬ ਦੇ ਰਾਜਪਾਲ ਨੇ 15 ਕੈਬਨਿਟ ਮੰਤਰੀਆਂ ਨੂੰ ਅਹੁਦੇ ਅਤੇ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ
ਸ. ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਅਗਲੀ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਕਾਂਗਰਸ ਰਾਜਕਾਲ ਦੌਰਾਨ ਪਿਛਲੇ ਤਿੰਨ ਮਹੀਨਿਆਂ ਵਿਚ ਲਏ ਗਏ ਸਾਰੇ ਫੈਸਲਿਆਂ ਦੀ ਸਮੀਖਿਆ ਕਰੇਗੀ। ਉਨ੍ਹਾਂ ਕਿਹਾ ਕਿ ਕਾਂਗਰਸੀਆਂ ਜਾਂ ਉਨ੍ਹਾਂ ਦੇ ਨੇੜਲਿਆਂ ਨੂੰ ਅਮੀਰ ਬਣਾਉਣ ਵੱਲ ਸੇਧਤ ਸਾਰੇ ਫੈਸਲੇ ਰੱਦ ਕੀਤੇ ਜਾਣਗੇ। ਇਕ ਸਵਾਲ ਦੇ ਜਵਾਬ ਵਿਚ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਕਾਲੀ ਦਲ ਨੇ ਤਾਂ ਸ. ਚਰਨਜੀਤ ਸਿੰਘ ਚੰਨੀ ਨੂੰ ਸੂਬੇ ਦਾ ਨਵਾਂ ਮੁੱਖ ਮੰਤਰੀ ਨਿਯੁਕਤ ਕਰਨ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਵੇਖ ਕੇ ਮਨ ਬਹੁਤ ਹੀ ਦੁਖੀ ਹੋ ਰਿਹਾ ਹੈ ਕਿ ਮੌਜੂਦਾ ਮੁੱਖ ਮੰਤਰੀ ’ਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਅਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣਾ ਪਰਛਾਵਾਂ ਭਾਰੂ ਕਰ ਲਿਆ ਹੈ।
ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਸਰਕਾਰ ਚਲਾਉਣ ਵਿਚ ਚੰਨੀ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਅਤੇ ਸਾਰੇ ਫੈਸਲੇ ਭਾਵੇਂ ਉਹ ਕੈਬਨਿਟ ਦੀ ਚੋਣ ਦਾ ਹੋਵੇ ਜਾਂ ਫਿਰ ਮੁੱਖ ਸਕੱਤਰ, ਸੂਬੇ ਦੇ ਪੁਲਿਸ ਮੁਖੀ ਜਾਂ ਐਡਵੋਕੇਟ ਜਨਰਲ ਦੀ ਚੋਣ ਦਾ, ਹੋਰ ਲੋਕਾਂ ਵੱਲੋਂ ਲਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਚੰਨੀ ਦੇ ਸਾਹਮਣੇ ਫਾਈਲਾਂ ਸਿਰਫ ਉਨ੍ਹਾਂ ਦੇ ਹਸਤਾਖ਼ਰ ਵਾਸਤੇ ਪੇਸ਼ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਸਰਵਉਚ ਅਹੁਦੇ ਦਾ ਮਾਣ ਤੇ ਸਤਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੁੰ ਮੁੱਖ ਮੰਤਰੀ ਦੇ ਅਹੁਦੇ ਦਾ ਸਨਮਾਨ ਕਰਨਾ ਚਾਹੀਦਾ ਹੈ ਤੇ ਚੰਨੀ ਨੂੰ ਉਹਨਾਂ ਨੂੰ ਮਿਲੇ ਫਤਵੇ ਅਨੁਸਾਰ ਫੈਸਲੇ ਲੈਣ ਦੇਣੇ ਚਾਹੀਦੇ ਹਨ ਨਾ ਕਿ ਉਹਨਾਂ ਨੂੰ ਰੱਬੜ ਦੀ ਮੋਹਰ ਸਮਝਣਾ ਚਾਹੀਦਾ ਹੈ।
ਸ. ਬਾਦਲ ਨੇ ਇਹ ਵੀ ਦੱਸਿਆ ਕਿ ਕਿਵੇਂ ਅਨੇਕਾਂ ਭ੍ਰਿਸ਼ਟ ਮੰਤਰੀ ਹਾਲੇ ਵੀ ਕਾਂਗਰਸ ਸਰਕਾਰ ਦੀ ਵਜ਼ਾਰਤ ਦਾ ਹਿੱਸਾ ਹਨ। ਉਨ੍ਹਾਂ ਕਿਹਾ ਕਿ ਭਾਰਤ ਭੂਸ਼ਣ ਆਸ਼ੂ ਸੂਬੇ ਦੇ ਇਤਿਹਾਸ ਵਿਚ ਸਭ ਤੋਂ ਭ੍ਰਿਸ਼ਟ ਖੁਰਾਕ ਤੇ ਸਪਲਾਈ ਮੰਤਰੀ ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਬਾਹਰੋਂ ਕਣਕ ਦੀ ਖਰੀਦ ਵਿਚ ਘੁਟਾਲੇ ਤੋਂ ਇਲਾਵਾ ਮੰਤਰੀ ਨੇ ਸੂਬੇ ਵਿਚ ਅਨਾਜ ਗਾਇਬ ਹੋ ਜਾਣ ਦੀ ਵੀ ਪ੍ਰਧਾਨਗੀ ਕੀਤੀ ਹੈ। ਇਕੱਲੇ ਲੁਧਿਆਣਾ ਵਿਚ ਆਸ਼ੂ ਸਾਰੇ ਸਰਕਾਰੀ ਟੈਂਡਰ ਲੈਣ ਲਈ ਜਾਣਿਆ ਜਾਂਦਾ ਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਦੱਸਿਆ ਕਿ ਕਿਵੇਂ ਪਾਰਟੀ ਲੁਧਿਆਣਾ ਨੁੰ ਮੁੜ ਲੀਹ ’ਤੇ ਪਾਵੇਗੀ। ਉਨ੍ਹਾਂ ਕਿਹਾ ਕਿ ਸ਼ਹਿਰ ਜਿਸ ਵਿਚ ਅਕਾਲੀ ਦਲ ਦੀ ਅਗਵਾਈ ਵਾਲੀਆਂ ਸਰਕਾਰਾਂ ਸਮੇਂ ਤੇਜ਼ ਰਫਤਾਰ ਵਿਕਾਸ ਹੋਇਆ, ਵਿਚ ਹੁਣ ਕਾਂਗਰਸ ਰਾਜਕਾਲ ਦੌਰਾਨ ਕੰਮ ਠੱਪ ਹੋ ਗਿਆ ਹੈ ਤੇ ਬੁਨਿਆਦੀ ਕੰਮ ਵੀ ਠੱਪ ਹੋ ਕੇ ਰਹਿ ਗਏ ਹਨ। ਉਨ੍ਹਾਂ ਕਿਹਾ ਕਿ ਅਸੀਂ ਲੁਧਿਆਣਾ, ਜੋ ਕਿ ਸੂਬੇ ਦਾ ਕੇਂਦਰੀ ਸ਼ਹਿਰ ਹੈ, ਦੇਲੋਕਾਂ ਨੂੰ ਭਰੋਸਾ ਦੁਆਉਂਦੇ ਹਾਂ ਕਿ ਅਸੀਂ ਇਸ ਵਿਚ ਇੰਡਸਟਰੀ ਦਾ ਵਿਕਾਸ ਕਰ ਕੇ ਅਤੇ ਇਸ ਸ਼ਹਿਰ ਨੂੰ ਤਕਨਾਲੋਜੀ ਪੱਖੋਂ ਸਿਖ਼ਰਾਂ ’ਤੇ ਲਿਜਾ ਕੇ ਇਸਦਾ ਵਿਕਾਸ ਯਕੀਨੀ ਬਣਾਵਾਂਗੇ।
ਬਾਅਦ ਵਿਚ ਸ. ਬਾਦਲ ਜਾਮਾ ਮਸਜਿਦ ਫੀਲਡਗੰਜ ਵੀ ਗਏ ਜਿਥੇ ਉਨ੍ਹਾਂ ਸ਼ਾਹੀ ਇਮਾਮ ਹਬੀਬ ਉਰ ਰਹਿਮਾਨ ਸਾਨੀ ਦੇ ਦੁਨੀਆਂ ਤੋਂ ਰੁਖ਼ਸਤ ਕਰ ਜਾਣ ’ਤੇ ਡੂੰਘਾ ਦੁੱਖ ਵੀ ਪ੍ਰਗਟ ਕੀਤਾ। ਇਸ ਮੌਕੇ ਹੋਰ ਆਗੂ ਜੋ ਅਕਾਲੀ ਦਲ ਦੇ ਪ੍ਰਧਾਨ ਦੇ ਨਾਲ ਸਨ, ਉਨ੍ਹਾਂ ਵਿਚ ਅਨਿਲ ਜੋਸ਼ੀ, ਮਹੇਸ਼ਇੰਦਰ ਸਿੰਘ ਗਰੇਵਾਲ, ਸ਼ਰਨਜੀਤ ਸਿੰਘ ਢਿੱਲੋਂ, ਹੀਰਾ ਸਿੰਘ ਗਾਬੜੀਆ, ਵਿਜੇ ਦਾਨਵ, ਮਨਪ੍ਰੀਤ ਸਿੰਘ ਇਯਾਲੀ, ਪ੍ਰਿਥਪਾਲ ਸਿੰਘ ਪਾਲੀ, ਹਰੀਸ਼ ਰਾਏ ਢਾਂਡਾ ਅਤੇ ਕਮਲ ਚੇਤਲੀ ਵੀ ਸ਼ਾਮਲ ਸਨ।
ਇਹ ਵੀ ਪੜ੍ਹੋ : ਡਾ. ਬੀ.ਆਰ. ਅੰਬੇਦਕਰ ਸਟੇਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼, ਮੋਹਾਲੀ ਛੇਤੀ ਕਾਰਜਸ਼ੀਲ ਹੋਵੇਗਾ : ਮੁੱਖ ਮੰਤਰੀ