state government completely: ਚੰਡੀਗੜ/ਮੋਹਾਲੀ, 26 ਜੂਨ : ‘ਨੌਜਵਾਨ ਪੀੜ੍ਹੀ ਕਿਸੇ ਵੀ ਸਮਾਜ ਦਾ ਸੱਭ ਤੋਂ ਕੀਮਤੀ ਸਰਮਾਇਆ ਹੁੰਦਾ ਹੈ ਅਤੇ ਉਸ ਨੂੰ ਨਸ਼ਿਆਂ ਦੀ ਬੀਮਾਰੀ ਤੋਂ ਬਚਾਉਣਾ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ ਤਾਕਿ ਸਿਹਤਮੰਦ ਨੌਜਵਾਨ ਬਿਹਤਰ ਅਤੇ ਬੀਮਾਰੀ-ਮੁਕਤ ਸਮਾਜ ਦੀ ਸਿਰਜਣਾ ਵਿਚ ਅਹਿਮ ਰੋਲ ਨਿਭਾ ਸਕਣ।’ ਇਹ ਗੱਲ ਸਿਹਤ ਅਤੇ ਪਰਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਅੰਤਰਰਾਸ਼ਟਰੀ ਨਸ਼ਾਖੋਰੀ ਅਤੇ ਗ਼ੈਰਕਾਨੂੰਨੀ ਤਸਕਰੀ ਵਿਰੋਧੀ ਦਿਵਸ ਮੌਕੇ ਸਥਾਨਕ ਸੈਕਟਰ 66 ਦੇ ਨਸ਼ਾ-ਛੁਡਾਊ ਅਤੇ ਪੁਨਰਵਾਸ ਕੇਂਦਰ ਵਿਖੇ ਹੋਏ ਸੂਬਾ ਪੱਧਰੀ ਸਮਾਗਮ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਕਹੀ।ਉਨ•ਾਂ ਕਿਹਾ ਕਿ ਇਹ ਸਭਨਾਂ ਲਈ ਤਸੱਲੀ ਵਾਲੀ ਗੱਲ ਹੈ ਕਿ ਨਵੀਂ ਪੀੜ•ੀ ਨਸ਼ਿਆਂ ਦੇ ਮਾੜੇ ਅਸਰ ਬਾਬਤ ਜਾਗਰੂਕ ਹੋ ਰਹੀ ਹੈ ਅਤੇ ਸੂਬੇ ਵਿਚ ਨਸ਼ੇ ਦੇ ਮਰੀਜ਼ਾਂ ਦੀ ਗਿਣਤੀ ਕਾਫ਼ੀ ਘਟੀ ਹੈ। ਫਿਰ ਵੀ ਨਵੀਂ ਪੀੜ•ੀ ‘ਤੇ ਨਿਗਰਾਨੀ ਰਖਦਿਆਂ ਉਸ ਨੂੰ ਗ਼ਲਤ ਰਾਹ ਜਾਣ ਤੋਂ ਰੋਕਣਾ ਪਵੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਸ਼ਾ-ਮੁਕਤ ਪੰਜਾਬ ਸਿਰਜਣ ਲਈ ਪੂਰੀ ਤਰ੍ਹਾਂ ਵਚਨਬੱਧ ਅਤੇ ਯਤਨਸ਼ੀਲ ਹੈ। ਉਨ੍ਹਾਂ ਆਖਿਆ, ‘ਪੰਜਾਬ ਸਰਕਾਰ ਨੇ ਪਹਿਲੇ ਦਿਨ ਤੋਂ ਹੀ ਸੂਬੇ ਵਿਚ ਨਸ਼ਿਆਂ ਦੀ ਬੀਮਾਰੀ ਵਿਰੁਧ ਜੰਗ ਵਿੱਢੀ ਹੋਈ ਹੈ ਜੋ ਕਾਫ਼ੀ ਹੱਦ ਤਕ ਜਿੱਤੀ ਜਾ ਚੁੱਕੀ ਹੈ। ਸਰਕਾਰ ਦੇ ਯਤਨਾਂ ਦਾ ਹੀ ਨਤੀਜਾ ਹੈ ਕਿ ਹੁਣ ਤਕ 5.47 ਲੱਖ ਮਰੀਜ਼ਾਂ ਨੇ ਨਸ਼ਿਆਂ ਦੀ ਬੀਮਾਰੀ ਦੇ ਇਲਾਜ ਲਈ ਨਸ਼ਾ ਛੁਡਾਊ ਕੇਂਦਰਾਂ ਵਿਚ ਰਜਿਸਟਰੇਸ਼ਨ ਕਰਵਾਈ ਹੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਦਾ ਅਹਿਮ ਟੀਚਾ ਹੈ ਕਿ ਸੂਬੇ ਵਿਚੋਂ ਨਸ਼ਿਆਂ ਦੀ ਜੜ੍ਹ ਪੂਰੀ ਤਰ੍ਹਾਂ ਵੱਢੀ ਜਾਵੇ ਅਤੇ ਸਰਕਾਰ ਇਸ ਜ਼ਹਿਰ ਦੀ ਸਪਲਾਈ ਲਾਈਨ ਤੋੜਨ ਵਿਚ ਪੂਰੀ ਤਰ੍ਹਾਂ ਕਾਮਯਾਬ ਹੋਈ ਹੈ। ਸਿਹਤ ਮੰਤਰੀ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਦੇ ਫੈਲਾਅ ਨੂੰ ਰੋਕਣ ਲਈ ਪੰਜਾਬ ਸਰਕਾਰ ਦੁਆਰਾ ਚਲਾਏ ਜਾ ਰਹੇ ‘ਮਿਸ਼ਨ ਫ਼ਤਹਿ’ ਦੀ ਸਫ਼ਲਤਾ ਲਈ ਸਿਹਤ ਕਾਮੇ ਦਿਨ ਰਾਤ ਡਟੇ ਹੋਏ ਹਨ। ਉਨ੍ਹਾਂ ਦਸਿਆ ਕਿ ਇਸ ਮਹਾਮਾਰੀ ਦੌਰਾਨ ਵੀ ਰਾਜ ਸਰਕਾਰ ਨੇ ਨਸ਼ਾ ਪੀੜਤਾਂ ਦੇ ਇਲਾਜ ਲਈ ਸੇਵਾਵਾਂ ਜਾਰੀ ਰੱਖੀਆਂ ਜਿਸ ਦੌਰਾਨ 1.32 ਲੱਖ ਨਵੇਂ ਮਰੀਜ਼ਾਂ ਨੇ ਨਸ਼ਾ-ਛੁਡਾਊ ਕੇਂਦਰਾਂ ਵਿਚ ਰਜਿਸਟਰੇਸ਼ਨ ਕਰਵਾਈ। ਉਨ੍ਹਾਂ ਸੂਬਾ ਵਾਸੀਆਂ ਨੂੰ ਅਪੀਲ ਕੀਤੀ ਕਿ ਨਸ਼ਾ ਵਿਰੋਧੀ ਜੰਗ ਵਿਚ ਸਰਕਾਰ ਦਾ ਡੱਟ ਕੇ ਸਾਥ ਦਿਤਾ ਜਾਵੇ ਅਤੇ ਸੂਬੇ ਵਿਚੋਂ ਇਸ ਬੀਮਾਰੀ ਨੂੰ ਹਮੇਸ਼ਾ ਲਈ ਖ਼ਤਮ ਕਰ ਦਿਤਾ ਜਾਵੇ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਅੱਜ ਸੰਕਲਪ ਲੈਣਾ ਚਾਹੀਦਾ ਹੈ ਕਿ ਕਿਸੇ ਵੀ ਤਰ੍ਹਾਂ ਦਾ ਨਸ਼ਾ ਨਹੀਂ ਕਰਾਂਗੇ ਅਤੇ ਨਾ ਹੀ ਕਿਸੇ ਨੂੰ ਕਰਨ ਦੇਵਾਂਗੇ। ਉਨ੍ਹਾਂ ਕੋਵਿਡ-19 ਵਿਰੁਧ ਜੰਗ ਵਿਚ ਡਟੇ ਹੋਏ ਤਮਾਮ ਸਿਹਤ ਕਾਮਿਆਂ ਖ਼ਾਸਕਰ ਆਸ਼ਾ ਵਰਕਰਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਇਹ ਵੀ ਕਿਹਾ ਕਿ ਉਹ ਲੋਕਾਂ ਨੂੰ ਨਸ਼ੇ ਦੇ ਮਾੜੇ ਅਸਰ ਬਾਰੇ ਜਾਗਰੂਕ ਕਰਨ ਦਾ ਕੰਮ ਬਾਖ਼ੂਬੀ ਕਰ ਸਕਦੀਆਂ ਹਨ। ਸਿਹਤ ਮੰਤਰੀ ਨੇ ਸਮਾਗਮ ਦੌਰਾਨ ਆਸ਼ਾ ਵਰਕਰਾਂ ਨੂੰ ‘ਮਿਸ਼ਨ ਫ਼ਤਿਹ’ ਦੇ ਬੈਜ ਵੀ ਲਗਾਏ।
ਸਮਾਗਮ ਨੂੰ ਸੰਬੋਧਨ ਕਰਦਿਆਂ ਨਸ਼ਾ-ਵਿਰੋਧੀ ਵਿਸ਼ੇਸ਼ ਟਾਸਕ ਫ਼ੋਰਸ ਦੇ ਆਈ.ਜੀ. ਬਲਕਾਰ ਸਿੰਘ ਸਿੱਧੂ ਨੇ ਨਸ਼ਿਆਂ ਨੂੰ ਠੱਲ• ਪਾਉਣ ‘ਚ ਟਾਸਕ ਫ਼ੋਰਸ ਦੁਆਰਾ ਨਿਭਾਈ ਜਾ ਰਹੀ ਭੂਮਿਕਾ ਬਾਰੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਨੇ ਸਾਲ 2017 ਵਿਚ ਇਹ ਵਿਸ਼ੇਸ਼ ਟਾਸਕ ਫ਼ੋਰਸ ਬਣਾਈ ਸੀ ਜਿਸ ਦਾ ਇਕੋ-ਇਕ ਮਕਸਦ ਸੂਬੇ ਵਿਚੋਂ ਨਸ਼ਿਆਂ ਦਾ ਮੁਕੰਮਲ ਖ਼ਾਤਮਾ ਹੈ। ਉਨ੍ਹਾਂ ਦਸਿਆ ਕਿ ਟਾਸਕ ਫ਼ੋਰਸ ਨੇ ਵੱਖ ਵੱਖ ਕਾਰਵਾਈਆਂ ਰਾਹੀਂ ਨਸ਼ਿਆਂ ਦੇ ਕਾਰੋਬਾਰ ਦਾ ਪਰਦਾ ਫ਼ਾਸ਼ ਕਰਦਿਆਂ ਹੁਣ ਤਕ ਨਸ਼ੇ ਦੇ ਅਨੇਕਾ ਸੌਦਾਗਰਾਂ ਨੂੰ ਕਾਬੂ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਵੱਡੀ ਜੰਗ ਨੂੰ ਜਿੱਤਣ ਲਈ ਆਮ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਸ. ਸਿੱਧੂ ਨੇ ਨਸ਼ਿਆਂ ਦੇ ਮਾੜੇ ਅਸਰ ਬਾਰੇ ਜਾਗਰੂਕ ਕਰਨ ਲਈ ਚਲਾਏ ਜਾ ਰਹੇ ‘ਡੈਪੋ’ ਅਤੇ ‘ਬਡੀ’ ਪ੍ਰੋਗਰਾਮਾਂ ਬਾਰੇ ਵੀ ਜਾਣਕਾਰੀ ਦਿਤੀ। ਇਸ ਮੌਕੇ ਸਿਹਤ ਮੰਤਰੀ ਦੇ ਸਿਆਸੀ ਸਕੱਤਰ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਸਿਵਲ ਸਰਜਨ ਮੋਹਾਲੀ ਡਾ. ਮਨਜੀਤ ਸਿੰਘ, ਡਿਪਟੀ ਡਾਇਰੈਕਟਰ ਡਾ. ਬਲਵੰਤ ਸਿੰਘ, ਸਹਾਇਕ ਡਾਇਰੈਕਟਰ ਡਾ. ਅਨੂ ਚੋਪੜਾ ਦੋਸਾਂਝ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਦਲਜੀਤ ਸਿੰਘ ਪ੍ਰਦੇਸੀ, ਡਾ. ਪੂਜਾ ਗਰਗ ਅਤੇ ਡਾ. ਗੁਰਮੁਖ ਸਿੰਘ ਆਦਿ ਵੀ ਮੌਜੂਦ ਸਨ।