ਪੰਜਾਬ ਦੇ ਸੰਗਰੂਰ ਵਿੱਚ ਦਰਦਨਾਕ ਹਾਦਸਾ ਵਾਪਰ ਗਿਆ, ਇੱਕ ਬੇਕਾਬੂ ਕਾਰ ਦਰੱਖਤ ਨਾਲ ਟਕਰਾ ਗਈ, ਜਿਸ ਕਾਰਨ ਕਾਰ ਵਿੱਚ ਸਵਾਰ ਦੋ ਦੋਸਤਾਂ ਦੀ ਮੌਤ ਹੋ ਗਈ। ਇਹ ਹਾਦਸਾ ਸੋਮਵਾਰ ਦੇਰ ਸ਼ਾਮ ਰੋਗਲਾ ਪਿੰਡ ‘ਚ ਡਰੇਨ ‘ਤੇ ਬਣ ਰਹੇ ਪੁਲ ਨੇੜੇ ਵਾਪਰਿਆ, ਜਿੱਥੇ ਕਾਰ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਟਕਰਾਈ, ਜਿਸ ਵਿਚ ਦੋਵੇਂ ਸਵਾਰਾਂ ਦੀ ਮੌਤ ਹੋ ਗਈ ਤੇ ਗੱਡੀ ਦੇ ਪਰਖੱਚੇ ਉੱਡ ਗਏ। ਦੋਵੇਂ ਦੋਸਤ ਜਨਮ ਦਿਨ ਦੀ ਪਾਰਟੀ ਲਈ ਖਾਣ-ਪੀਣ ਦਾ ਸਮਾਨ ਲੈਣ ਗੱਡੀ ਵਿਚ ਗਏ ਸਨ ਪਰ ਉਨ੍ਹਾਂ ਨੂੰ ਕੀ ਪਤਾ ਸੀ ਕਿ ਰਾਹ ਵਿਚ ਉਨ੍ਹਾਂ ਦਾ ਕਾਲ ਉਨ੍ਹਾਂ ਦੀ ਉਡੀਕ ਕਰ ਰਿਹਾ ਹੈ।
ਮ੍ਰਿਤਕਾਂ ਦੀ ਪਛਾਣ ਲਾਡੀ ਸਿੰਘ (20) ਪੁੱਤਰ ਮਿੱਠੂ ਸਿੰਘ ਅਤੇ ਜਤਿੰਦਰ ਸਿੰਘ (24) ਪੁੱਤਰ ਲੇਟ ਵਗੁਰਤੇਜ ਸਿੰਘ ਨਿਵਾਸੀ ਪਿੰਡ ਰੋਗਲਾ ਵਜੋਂ ਹੋਈ ਹੈ। ਇਸ ਹਾਦਸੇ ਵਿੱਚ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਇੱਕ ਅਵਾਰਾ ਪਸ਼ੂ ਗੱਡੀ ਅੱਗੇ ਆ ਗਿਆ ਸੀ, ਜਿਸ ਨੂੰ ਬਚਾਉਣ ਦੇ ਚੱਕਰ ਵਿਚ ਇਹ ਹਾਦਸਾ ਵਾਪਰ ਗਿਆ।
ਖੁਸ਼ਕਿਮਸਤੀ ਇਹ ਰਹੀ ਹੈ ਕਿ ਇਸ ਗੱਡੀ ਵਿਚ ਤਿੰਨ ਦੋਸਤਾਂ ਨੇ ਵੀ ਜਾਣਾ ਸੀ ਪਰ ਐਨ ਮੌਕੇ ‘ਤੇ ਉਹ ਗੱਡੀ ਤੋਂ ਉਤਰ ਗਏ। ਇਸ ਦੌਰਾਨ ਮੁੰਡੇ ਦੇ ਪਿਤਾ ਨੇ ਗੱਡੀ ਲਿਜਾਣ ਤੋਂ ਮਨ੍ਹਾ ਵੀ ਕੀਤਾ ਪਰ ਮੁੰਡਾ ਜ਼ਿੱਦ ਕਰਕੇ ਗੱਡੀ ਲੈ ਗਿਆ, ਉਨ੍ਹਾਂ ਨੂੰ ਕੀ ਪਤਾ ਸੀ ਕਿ ਅੱਗੇ ਉਨ੍ਹਾਂ ਦਾ ਕਾਲ ਉਡੀਕ ਰਿਹਾ ਹੈ, ਜਿਸ ਕਰਕੇ ਉਹ ਇੰਨੀ ਜ਼ਿੱਦ ਕਰ ਰਹੇ ਹਨ। ਦੇਰ ਸ਼ਾਮ ਜਦੋਂ ਪਰਿਵਾਰ ਉਡੀਕਦਾ ਰਿਹਾ ਤਾਂ ਉਨ੍ਹਾਂ ਦੇ ਮੌਤ ਦੀ ਖਬਰ ਘਰ ਪਹੁੰਚੀ।
ਮ੍ਰਿਤਕ ਲਾਡੀ ਸਿੰਘ ਦੇ ਪਿਤਾ ਮਿੱਠੂ ਸਿੰਘ ਨੇ ਦੱਸਿਆ ਕਿ ਦੋਵੇਂ ਨੌਜਵਾਨ ਵਿਦੇਸ਼ ਗਏ ਸਨ ਅਤੇ ਕੁਝ ਦਿਨ ਪਹਿਲਾਂ ਹੀ ਵਾਪਸ ਆਏ ਸਨ। ਲਾਡੀ ਸ਼ਹਿਰ ਤੋਂ ਬਾਹਰ ਗਏ ਆਪਣੇ ਚਚੇਰੇ ਭਰਾ ਦਾ ਜਨਮ ਦਿਨ ਮਨਾ ਰਿਹਾ ਸੀ ਤੇ ਘਰ ਵਿਚ ਖੁਸ਼ੀ ਦਾ ਮਾਹੌਲ ਸੀ। ਇਸੇ ਵਿਚਾਲੇ ਲਾਡੀ ਸਿੰਘ ਤੇ ਜਤਿੰਦਰ ਸਿੰਘ ਪਾਰਟੀ ਲਈ ਕੁਝ ਖਾਣ-ਪੀਣ ਦਾ ਸਮਾਨ ਖਰੀਦਣ ਲਈ ਦਿੜਬਾ ਸ਼ਹਿਰ ਗਏ। ਦਿੜਬਾ ਤੋਂ ਵਾਪਸ ਆਉਂਦੇ ਸਮੇਂ ਜਿਵੇਂ ਹੀ ਉਹ ਪਿੰਡ ਰੋਗਲਾ ਨੇੜੇ ਬਣ ਰਹੇ ਡਰੇਨ ਦੇ ਪੁਲ ਕੋਲ ਪਹੁੰਚੇ ਤਾਂ ਉਨ੍ਹਾਂ ਦੀ ਕਾਰ ਅਚਾਨਕ ਆਪਣਾ ਸੰਤੁਲਨ ਵਿਗੜ ਗਿਆ, ਜਿਸ ਕਾਰਨ ਕਾਰ ਖੇਤਾਂ ‘ਚ ਇਕ ਦਰੱਖਤ ਨਾਲ ਜਾ ਟਕਰਾਈ ਅਤੇ ਦੋਵਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਸਰਕਾਰੀ ਬੱਸਾਂ ਦੀ ਹੜਤਾਲ ਖ਼ਤਮ, CM ਮਾਨ ਨਾਲ ਗੱਲਬਾਤ ਦੇ ਭਰੋਸੇ ਮਗਰੋਂ ਲਿਆ ਫੈਸਲਾ
ਕੌਰੀਆਂ ਚੌਕੀ ਦੇ ਇੰਚਾਰਜ ਰਘਵੀਰ ਸਿੰਘ ਨੇ ਦੱਸਿਆ ਕਿ ਜਨਮ ਦਿਨ ਦੀਆਂ ਤਿਆਰੀਆਂ ਦੌਰਾਨ ਮ੍ਰਿਤਕ ਲਾਡੀ ਸਿੰਘ ਆਪਣੇ ਦੋਸਤ ਨਾਲ ਸਾਮਾਨ ਲੈਣ ਗਿਆ ਸੀ। ਵਾਪਸ ਪਰਤਦੇ ਸਮੇਂ ਆਵਾਰਾ ਪਸ਼ੂ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਕਾਰ ਆਪਣਾ ਸੰਤੁਲਨ ਗੁਆ ਬੈਠੀ ਅਤੇ ਦਰੱਖਤ ਨਾਲ ਜਾ ਟਕਰਾਈ।
ਵੀਡੀਓ ਲਈ ਕਲਿੱਕ ਕਰੋ -: