Under the rainy season: ਕਪੂਰਥਲਾ: ਪੰਜਾਬ ਦੇ ਵਾਤਾਵਰਨ ਨੂੰ ਸਾਫ਼ ਅਤੇ ਸਵੱਛ ਰੱਖਣ ਦੇ ਮੰਤਵ ਨਾਲ ਸੂਬਾ ਸਰਕਾਰ ਰੁੱਖਾਂ ਹੇਠ ਰਕਬਾ ਵਧਾਉਣ ਲਈ ਯਤਨਸ਼ੀਲ ਹੈ। ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਤਿ੍ਰਪਤ ਰਜਿੰਦਰ ਸਿੰਘ ਬਾਜਵਾ ਦੀ ਪਹਿਲ ਸਦਕਾ ਬਰਸਾਤ ਦੇ ਮੌਸਮ ਵਿਚ ਪੌਦੇ ਲਗਾਉਣ ਦੀ ਮੁਹਿੰਮ ਦੀ ਮੁਢਲੀ ਕੜੀ ਵਜੋਂ ਪਿੰਡਾਂ ਵਿਚ ਟੋਏ ਪੁੱਟਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਵਿੱਤੀ ਕਮਿਸ਼ਨਰ ਸ੍ਰੀਮਤੀ ਸੀਮਾ ਜੈਨ ਦੀਆਂ ਹਦਾਇਤਾਂ ਅਨੁਸਾਰ ਅਜਿਹਾ ਕਰਕੇ ਪਿੰਡਾਂ ਦੇ ਮਨਰੇਗਾ ਵਰਕਰਾਂ ਨੂੰ ਰੋਜ਼ਗਾਰ ਦੇ ਸਾਧਨ ਵੀ ਮੁਹੱਈਆ ਕਰਵਾਏ ਜਾ ਰਹੇ ਹਨ। ਇਸ ਸਬੰਧੀ ਅੱਜ ਕਪੂਰਥਲਾ ਜ਼ਿਲੇ ਦੇ ਪਿੰਡਾਂ ਡਡਵਿੰਡੀ, ਕਮਾਲਪੁਰ ਅਤੇ ਢਪੱਈ ਦਾ ਦੌਰਾ ਕਰਨ ਸਮੇਂ ਵਿਭਾਗ ਦੇ ਸੰਯੁਕਤ ਡਾਇਰੈਕਟਰ ਸ. ਅਵਤਾਰ ਸਿੰਘ ਭੁੱਲਰ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੇ ਮਾਰੂ ਪ੍ਰਭਾਵ ਤੋਂ ਮੁਕਤ ਰੱਖਣ ਲਈ ਵਰਕਰਾਂ ਵਿਚ ਸਮਾਜਿਕ ਦੂਰੀ, ਮਾਸਕ ਪਾਉਣ ਅਤੇ ਸਮੇਂ-ਸਮੇਂ ’ਤੇ ਸਾਬਣ ਨਾਲ ਹੱਥ ਧੋਣ ਸਬੰਧੀ ਸਿਹਤ ਵਿਭਾਗ ਦੀਆਂ ਹਦਾਇਤਾਂ ਦਾ ਪਾਲਣ ਕੀਤਾ ਜਾ ਰਿਹਾ ਹੈ।
ਉਨਾਂ ਦੱਸਿਆ ਕਿ ਪਿੰਡਾਂ ਦੀਆਂ ਪੰਚਾਇਤਾਂ ਨਾਲ ਸਬੰਧਤ ਸਾਂਝੀਆਂ ਥਾਵਾਂ, ਜਿਵੇਂ ਖੇਡ ਮੈਦਾਨਾਂ, ਨਹਿਰੀ ਖਾਲ਼ਾਂ ਅਤੇ ਕਿ ਸੜਕਾਂ ਉੱਪਰ ਖਾਲੀ ਥਾਵਾਂ ਦੀ ਸ਼ਨਾਖ਼ਤ ਕਰਕੇ ਉਥੇ ਟੋਏ ਪੁੱਟਣ ਦਾ ਕੰਮ ਕੀਤਾ ਜਾ ਰਿਹਾ ਹੈ, ਤਾਂ ਜੋ ਬਰਸਾਤ ਦੀ ਸ਼ੁਰੂਆਤ ਵਿਚ ਹੀ ਪੌਦੇ ਲਗਾਉਣ ਦਾ ਕੰਮ ਕੀਤਾ ਜਾ ਸਕੇ ਅਤੇ ਬਰਸਾਤ ਦੇ ਮੌਸਮ ਵਿਚ ਇਨਾਂ ਪੌਦਿਆਂ ਦੀ ਨਰੋਈ ਸਿਹਤ ਯਕੀਨੀ ਬਣਾਈ ਜਾ ਸਕੇ। ਸ. ਅਵਤਾਰ ਸਿੰਘ ਭੁੱਲਰ ਨੇ ਦੱਸਿਆ ਕਿ ਪਿਛਲੇ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਸਬੰਧੀ ਲਗਾਏ ਗਏ ਪੌਦਿਆਂ ਵਿਚੋਂ ਨਾ ਚੱਲੇ ਪੌਦਿਆਂ ਦੀ ਜਗਾ ’ਤੇ ਨਵੇਂ ਬੂਟੇ ਲਗਾਏ ਜਾਣ ਦੀ ਕਾਰਵਾਈ ਬਰਸਾਤ ਵਿਚ ਯਕੀਨੀ ਬਣਾਈ ਜਾਵੇਗੀ। ਉਨਾਂ ਕਿਹਾ ਕਿ ਪਿੰਡਾਂ ਵਿਚ ਲਿੰਕ ਸੜਕਾਂ ’ਤੇ ਫੁੱਲਦਾਰ ਪੌਦੇ ਅਤੇ ਸਾਂਝੀਆਂ ਥਾਵਾਂ ਜਿਵੇਂ ਸਮਸ਼ਾਨਘਾਟ ਅਤੇ ਖੇਡ ਮੈਦਾਨਾਂ ਵਿਚ ਛਾਂਦਾਰ ਪੌਦੇ ਲਗਾਏ ਜਾਣ ਦੀ ਤਜਵੀਜ਼ ਹੈ। ਉਨਾਂ ਕਿਹਾ ਕਿ ਪਲਾਂਟੇਸ਼ਨ ਸੀਜ਼ਨ ਵਿਚ ਪੌਦੇ ਲਗਾਉਣ ਲਈ ਮਨਰੇਗਾ ਨਰਸਰੀਆਂ ਵਿਚ ਪਹਿਲਾਂ ਹੀ ਵੱਡੀ ਗਿਣਤੀ ਪੌਦੇ ਤਿਆਰ ਕੀਤੇ ਜਾ ਚੁੱਕੇ ਹਨ। ਇਸ ਮੌਕੇ ਬੀ. ਡੀ. ਪੀ. ਓ ਕਪੂਰਥਲਾ ਸ. ਅਮਰਜੀਤ ਸਿੰਘ, ਆਈ. ਟੀ ਮੈਨੇਜਰ ਮਨਰੇਗਾ ਸ੍ਰੀ ਰਾਜੇਸ਼ ਰਾਏ, ਏ. ਪੀ. ਓ ਸ੍ਰੀ ਵਿਸ਼ਾਲ ਅਰੋੜਾ ਅਤੇ ਰੋਜ਼ਗਾਰ ਸਹਾਇਕ ਸ੍ਰੀ ਸੁਰਜੀਤ ਭੱਟੀ ਹਾਜ਼ਰ ਸਨ।