ਪਾਸਟਰ ਬਜਿੰਦਰ ਨੂੰ ਮੋਹਾਲੀ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਅੱਜ ਸ਼ਨੀਵਾਰ ਨੂੰ ਦੋਵੇਂ ਪੀੜਤ ਔਰਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚੀਆਂ, ਜਿੱਥੇ ਉਨ੍ਹਾਂ ਨੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਮੁਲਾਕਾਤ ਕੀਤੀ ਅਤੇ ਆਪਣੀ ਹੱਡਬੀਤੀ ਸੁਣਾਈ, ਜਿਸ ਤੋਂ ਬਾਅਦ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਦੋਵਾਂ ਔਰਤਾਂ ਨੂੰ ਇਨਸਾਫ਼ ਅਤੇ ਮਦਦ ਦਾ ਭਰੋਸਾ ਦਿੱਤਾ ਹੈ।
ਪੀੜਤ ਔਰਤਾਂ ਨੇ ਦੱਸਿਆ ਕਿ ਬਜਿੰਦਰ ਨਾ ਸਿਰਫ ਉਨ੍ਹਾਂ ਨੂੰ ਸਰੀਰਕ ਅਤੇ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕਰਦਾ ਸੀ ਸਗੋਂ ਕਈ ਹੋਰ ਔਰਤਾਂ ਨਾਲ ਵੀ ਦੁਰਵਿਵਹਾਰ ਕਰਦਾ ਸੀ। ਜਥੇਦਾਰ ਸਾਹਿਬ ਨੇ ਦੋਵਾਂ ਬੀਬੀਆਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਦੋਸ਼ੀਆਂ ਖਿਲਾਫ ਤੁਰੰਤ ਸਖਤ ਕਾਰਵਾਈ ਕੀਤੀ ਜਾਵੇ।
ਇਸ ਮਾਮਲੇ ਵਿੱਚ ਸਿੱਖ ਭਾਈਚਾਰੇ ਦੇ ਭਗਤ ਸਿੰਘ ਦੁਆਬੀ ਅਤੇ ਹਿੰਦੂ ਆਗੂ ਸਿਮਰਨਜੀਤ ਮਾਨ ਵੀ ਪੀੜਤਾਂ ਦੇ ਸਮਰਥਨ ਵਿੱਚ ਸਾਹਮਣੇ ਆਏ ਹਨ। ਉਨ੍ਹਾਂ ਦੱਸਿਆ ਕਿ ਬਜਿੰਦਰ ਖਿਲਾਫ ਬੋਲਣ ‘ਤੇ ਉਨ੍ਹਾਂ ਨੂੰ ਧਮਕੀਆਂ ਮਿਲ ਰਹੀਆਂ ਹਨ ਅਤੇ ਝੂਠੇ ਕੇਸ ਦਰਜ ਕਰਵਾਏ ਜਾ ਰਹੇ ਹਨ।
ਇਹ ਵੀ ਪੜ੍ਹੋ : ਧੀ ਦੇ ਪਹਿਲੇ ਬਰਥਡੇ ‘ਤੇ CM ਮਾਨ ਨੇ ਪਤਨੀ ਨਾਲ ਪਾਇਆ ਭੰਗੜਾ, ਸੈਲੀਬ੍ਰੇਸ਼ਨ ‘ਚ ਪਹੁੰਚੀਆਂ ਵੱਡੀਆਂ ਹਸਤੀਆਂ (ਤਸਵੀਰਾਂ)
ਉਨ੍ਹਾਂ ਕਿਹਾ ਕਿ ਜੋ ਵੀ ਚਰਚ ਵਿੱਚ ਵਿਖਾਇਆ ਜਾਂਦਾ ਸੀ ਉਹ ਪਹਿਲਾਂ ਤੋਂ ਤੈਅ ਹੁੰਦਾ ਸੀ। ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬਜਿੰਦਰ ਖਿਲਾਫ ਦੋ ਕੇਸ ਦਰਜ ਹਨ। ਇਹ ਦੋਵੇਂ ਔਰਤਾਂ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜੀਆਂ ਹਨ। ਇਨ੍ਹਾਂ ‘ਚੋਂ ਇਕ ਬਲਾਤਕਾਰ ਪੀੜਤ ਹੈ, ਜਦਕਿ ਦੂਜੀ ਔਰਤ ਉਹ ਹੈ ਜਿਸ ਦੀ ਤਾਜ਼ਾ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਅਤੇ ਬਜਿੰਦਰ ਉਸ ਨੂੰ ਕੁੱਟ ਰਿਹਾ ਹੈ।
ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਕਿਹਾ ਕਿ ਪੀੜਤ ਔਰਤਾਂ ਨੂੰ ਇਨਸਾਫ ਦਿਵਾਉਣ ਲਈ ਪੂਰਾ ਸਹਿਯੋਗ ਦਿੱਤਾ ਜਾਵੇਗਾ ਅਤੇ ਹੋਰ ਪੀੜਤ ਲੜਕੀਆਂ ਨੂੰ ਵੀ ਅੱਗੇ ਆਉਣ ਅਤੇ ਸੱਚ ਦੱਸਣ ਦੀ ਅਪੀਲ ਕੀਤੀ।
ਵੀਡੀਓ ਲਈ ਕਲਿੱਕ ਕਰੋ -:
