ਹਾਲ ਹੀ ਵਿਚ ਪਾਕਿਸਤਾਨੀ ਡ੍ਰੋਨ ਹਮਲੇ ਵਿਚ ਝੁਲਸੀ ਫਿਰੋਜ਼ਪੁਰ ਦੇ ਪਿੰਡ ਖਾਈ ਫੇਮ ਦੀ 50 ਸਾਲਾ ਔਰਤ ਸੁਖਵਿੰਦਰ ਕੌਰ ਦੀ ਮੰਗਲਵਾਰ ਨੂੰ ਇਲਾਜ ਦੌਰਾਨ ਮੌਤ ਹੋ ਗਈ। ਪਿਛਲੇ ਸ਼ੁੱਕਰਵਾਰ ਨੂੰ ਪਾਕਿਸਤਾਨੀ ਡ੍ਰੋਨ ਹਮਲੇ ਨਾਲ ਘਰ ਨੂੰ ਅੱਗ ਲੱਗ ਗਈ ਸੀ ਤੇ ਔਰਤ ਸਣੇ ਉਸ ਦਾ ਪਤੀ ਲਖਵਿੰਦਰ ਸਿੰਘ (55) ਅਤੇ ਲੜਕਾ ਜਸਵੰਤ ਸਿੰਘ (24) ਬੁਰੀ ਤਰ੍ਹਾਂ ਝੁਲਸ ਗਏ ਸਨ। ਸੁਖਵਿੰਦਰ ਕੌਰ ਨੂੰ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਪੰਜਾਬ ਸਰਕਾਰ ਵੱਲੋਂ ਪਰਿਵਾਰ ਦੀ ਮਾਲੀ ਮਦਦ ਦਾ ਐਲਾਨ ਕੀਤਾ ਗਿਆ ਹੈ।
ਇਸ ਹਮਲੇ ਵਿੱਚ ਜ਼ਖਮੀ ਸੁਖਵਿੰਦਰ ਕੌਰ ਦੇ ਪਤੀ ਲਖਵਿੰਦਰ ਸਿੰਘ ਅਤੇ ਪੁੱਤਰ ਮੋਨੂੰ ਸਿੰਘ ਦਾ ਅਜੇ ਵੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਇਹ ਘਟਨਾ ਉਦੋਂ ਵਾਪਰੀ ਜਦੋਂ ਪਾਕਿਸਤਾਨੀ ਡਰੋਨ ਹਮਲੇ ਦੌਰਾਨ ਕੌਰ ਦੇ ਘਰ ‘ਤੇ ਕੁਝ ਮਲਬਾ ਡਿੱਗ ਪਿਆ, ਜਿਸ ਨਾਲ ਘਰ ਅਤੇ ਇੱਕ ਕਾਰ ਨੂੰ ਅੱਗ ਲੱਗ ਗਈ। ਇਸ ਹਾਦਸੇ ਵਿੱਚ ਸੁਖਵਿੰਦਰ ਕੌਰ ਸਣੇ ਪਰਿਵਾਰ ਦੇ ਤਿੰਨ ਜੀਅ ਬੁਰੀ ਤਰ੍ਹਾਂ ਝੁਲਸ ਗਏ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਦੁਖਦਾਈ ਘਟਨਾ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਅਤੇ ਮੁੱਖ ਮੰਤਰੀ ਰਾਹਤ ਫੰਡ ਵਿੱਚੋਂ ਸੁਖਵਿੰਦਰ ਕੌਰ ਦੇ ਪਰਿਵਾਰ ਨੂੰ 5 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ, ‘ਸਾਡੀ ਸਰਕਾਰ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਦੇ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ ਅਤੇ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।’ ਇਸ ਤੋਂ ਇਲਾਵਾ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਵੀ ਪੀੜਤ ਪਰਿਵਾਰ ਨੂੰ 5 ਲੱਖ ਰੁਪਏ ਦੀ ਆਰਥਿਕ ਮਦਦ ਦੇਣ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ ‘ਚ ਬਲੈਕਆਊਟ, ਬੰਦ ਰਹਿਣਗੀਆਂ ਬੱਤੀਆਂ, ਸਕੂਲਾਂ ਨੂੰ ਲੈ ਕੇ ਵੀ ਹੋਇਆ ਵੱਡਾ ਐਲਾਨ
ਮ੍ਰਿਤਕ ਦੇ ਪਰਿਵਾਰਿਕ ਮੈਂਬਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪਰਿਵਾਰ ਵਿੱਚ 3 ਹੀ ਜੀਅ ਸਨ ਜੋ ਰਾਤ ਦੀ ਰੋਟੀ ਖਾਂਦੇ ਸਮੇਂ ਪਾਕਿਸਤਾਨੀ ਡਰੋਨ ਦੇ ਹਮਲੇ ਦਾ ਸ਼ਿਕਾਰ ਹੋ ਗਏ ਸਨ। ਡਰੋਨ ਵਿਹੜੇ ‘ਚ ਖੜ੍ਹੀ ਕਾਰ ਉੱਤੇ ਡਿੱਗਿਆ ਜਿਸ ਕਾਰਨ ਕਾਰ ਨੂੰ ਅੱਗ ਲੱਗੀ ਤਾਂ ਪਰਿਵਾਰ ਵੀ ਝੁਲਸ ਗਿਆ। ਇਸ ਦੌਰਾਨ ਪਸ਼ੂ ਵੀ ਇਸ ਦਾ ਸ਼ਿਕਾਰ ਹੋ ਗਏ।
ਵੀਡੀਓ ਲਈ ਕਲਿੱਕ ਕਰੋ -:
























