ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨਸ਼ਾ ਤਸਕਰਾਂ ਖਿਲਾਫ ਐਕਸ਼ਨ ਮੋਡ ਵਿੱਚ ਹੈ। ਅੱਜ (18 ਮਾਰਚ) ਮੁੱਖ ਮੰਤਰੀ ਭਗਵੰਤ ਮਾਨ ਦੇ ਗ੍ਰਹਿ ਜ਼ਿਲ੍ਹੇ ਸੰਗਰੂਰ ਵਿੱਚ ਬੁਲਡੋਜ਼ਰ ਕਾਰਵਾਈ ਕੀਤੀ ਗਈ, ਜਿਸ ਵਿੱਚ ਦੋ ਨਸ਼ਾ ਤਸਕਰਾਂ ਦੇ ਦੋ ਆਲੀਸ਼ਾਨ ਘਰ ਢਾਹ ਦਿੱਤੇ ਗਏ। ਪੁਲਿਸ ਨੇ ਮੌਕੇ ’ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਸਨ।
ਪਹਿਲੇ ਘਰ ਦੇ ਮਾਲਕ ਦਾ ਨਾਂ ਰਾਜਪਾਲ ਸਿੰਘ ਅਤੇ ਰੱਤੋ ਹੈ। ਇਹ ਦੋਵੇਂ ਪਤੀ-ਪਤਨੀ ਹਨ ਅਤੇ ਇਨ੍ਹਾਂ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ 11 ਕੇਸ ਦਰਜ ਹਨ, ਜਿਨ੍ਹਾਂ ਵਿੱਚੋਂ ਪਹਿਲਾ ਕੇਸ 2017 ਵਿੱਚ ਦਰਜ ਹੋਇਆ ਸੀ। ਦੂਜਾ ਮਕਾਨ ਲੱਖੋ ਨਾਂ ਦੇ ਬੰਦੇ ਦਾ ਸੀ, ਜਿਸ ਦੇ ਖਿਲਾਫ ਐਨਡੀਪੀਐਸ ਐਕਟ ਤਹਿਤ ਚਾਰ ਕੇਸ ਦਰਜ ਹਨ, ਜੋ ਕਿ 2018 ਤੋਂ ਪੈਂਡਿੰਗ ਸਨ। ਅਧਿਕਾਰੀਆਂ ਨੇ ਦੱਸਿਆ ਕਿ ਇਹ ਮਕਾਨ ਗੈਰ-ਕਾਨੂੰਨੀ ਤਰੀਕੇ ਨਾਲ ਬਣਾਏ ਗਏ ਸਨ। ਮੌਕੇ ‘ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਪ੍ਰਸ਼ਾਸਨ ਦੇ ਹੁਕਮਾਂ ਮੁਤਾਬਕ ਕਾਰਵਾਈ ਕਰਦਿਆਂ ਸੁਰੱਖਿਆ ਨੂੰ ਯਕੀਨੀ ਬਣਾਇਆ।
ਇਸ ਮੌਕੇ ਐਸ.ਐਸ.ਪੀ ਸਰਤਾਜ ਸਿੰਘ ਚਾਹਲ ਨੇ ਕਿਹਾ ਕਿ ਨਸ਼ਾ ਤਸਕਰਾਂ ਦਾ ਮੁਕੰਮਲ ਸਫਾਇਆ ਕਰਨ ਲਈ ਪੰਜਾਬ ਸਰਕਾਰ ਵੱਲੋਂ ਵਿੱਢੀ ਮੁਹਿੰਮ ਨੂੰ ਜ਼ਿਲ੍ਹਾ ਸੰਗਰੂਰ ਵਿੱਚ ਸਫ਼ਲਤਾ ਨਾਲ ਲਾਗੂ ਕਰਦੇ ਹੋਏ ਅੱਜ ਬੁਲਡੋਜ਼ਰ ਨਾਲ ਨਜ਼ਾਇਜ਼ ਇਮਾਰਤਾਂ ਢਾਹੁਣ ਦੀ ਪ੍ਰਸ਼ਾਸਨ ਵੱਲੋਂ ਇਹ ਦੂਜੀ ਕਾਰਵਾਈ ਕੀਤੀ ਗਈ ਹੈ ਅਤੇ ਅਸੀਂ ਨਸ਼ਿਆਂ ਦਾ ਕਾਲਾ ਕਾਰੋਬਾਰ ਕਰਨ ਵਾਲੇ ਹਰੇਕ ਗੈਰ ਸਮਾਜਿਕ ਅਨਸਰ ਨੂੰ ਇਹ ਸਖ਼ਤ ਚਿਤਾਵਨੀ ਦਿੰਦੇ ਹਾਂ ਕਿ ਉਹ ਅਜਿਹੇ ਮਾੜੇ ਧੰਦਿਆਂ ਨੂੰ ਬੰਦ ਕਰ ਦੇਣ ਨਹੀਂ ਤਾਂ ਇਸ ਦਾ ਅੰਜਾਮ ਬੁਰਾ ਨਿਕਲੇਗਾ। ਐਸ.ਐਸ.ਪੀ ਨੇ ਦੱਸਿਆ ਕਿ ਪੁਲਿਸ ਵੱਲੋਂ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖੀ ਗਈ ਅਤੇ ਨਗਰ ਕੌਂਸਲ ਰਾਹੀਂ ਇਨ੍ਹਾਂ ਨਜਾਇਜ਼ ਇਮਾਰਤਾਂ ਨੂੰ ਢਾਹੁਣ ਦੀ ਕਾਰਵਾਈ ਕੀਤੀ ਗਈ।
ਦੱਸ ਦੇਈਏ ਕਿ ਪੰਜਾਬ ਸਰਕਾਰ ਵੱਲੋਂ ‘ਨਸ਼ਿਆਂ ਵਿਰੁੱਧ ਜੰਗ’ ਮੁਹਿੰਮ ਚਲਾਈ ਜਾ ਰਹੀ ਹੈ। ਡੀਜੀਪੀ ਗੌਰਵ ਯਾਦਵ ਨੇ ਕੱਲ੍ਹ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਸੀ। ਇਹ ਵੀ ਫੈਸਲਾ ਕੀਤਾ ਗਿਆ ਕਿ ਥਾਣਿਆਂ ਦੇ ਮੁਨਸ਼ੀਆਂ ਦਾ ਕਾਰਜਕਾਲ ਹੁਣ ਦੋ ਸਾਲ ਦਾ ਹੋਵੇਗਾ।
ਇਹ ਵੀ ਪੜ੍ਹੋ : ‘ਧਰਤੀ ‘ਤੇ ਵਾਪਸ ਪਰਤਣ ਮਗਰੋਂ…’ PM ਮੋਦੀ ਨੇ ਸੁਨੀਤਾ ਵਿਲੀਅਮਸ ਨੂੰ ਲਿਖਿਆ ਪੱਤਰ
ਇਸ ਦੇ ਨਾਲ ਹੀ ਦੱਸਿਆ ਗਿਆ ਕਿ 17 ਦਿਨਾਂ ਵਿੱਚ ਪੂਰੇ ਸੂਬੇ ਵਿੱਚ 2575 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ 1651 ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਦੋਸ਼ੀਆਂ ਦੇ ਕਬਜ਼ੇ ‘ਚੋਂ 95 ਕਿਲੋ ਹੈਰੋਇਨ, 52 ਕਿਲੋ ਅਫੀਮ, 1129 ਕਿਲੋ ਭੁੱਕੀ, 13.79 ਕਿਲੋ ਗਾਂਜਾ, 7.25 ਲੱਖ ਨਸ਼ੀਲੀਆਂ ਗੋਲੀਆਂ/ਟੀਕੇ, 1 ਕਿਲੋ ਆਈ.ਸੀ.ਈ., 1.37 ਕਿਲੋ ਕੋਕੀਨ ਅਤੇ 64 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਸਰਕਾਰ ਨੇ ‘ਸੁਰੱਖਿਅਤ ਪੰਜਾਬ’ ਨਸ਼ਾ ਵਿਰੋਧੀ ਹੈਲਪਲਾਈਨ 9779100200 ਸ਼ੁਰੂ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -:
