youth cardiac arrest corona positive: ਚੰਡੀਗੜ੍ਹ ‘ਚ ਖਤਰਨਾਕ ਕੋਰੋਨਾਵਾਇਰਸ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਤਾਜ਼ਾ ਮਾਮਲਾ ਸੈਕਟਰ-47 ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ 20 ਸਾਲਾਂ ਨੌਜਵਾਨ ਦੀ ਕਾਰਡੀਅਕ ਅਟੈਕ ਨਾਲ ਮੌਤ ਹੋ ਗਈ ਪਰ ਮੌਤ ਤੋਂ ਬਾਅਦ ਜਦੋਂ ਉਸ ਦਾ ਕੋਵਿਡ ਸੈਂਪਲ ਲਿਆ ਗਿਆ ਤਾਂ ਰਿਪੋਰਟ ਪਾਜ਼ੀਟਿਵ ਪਾਈ ਗਈ। ਦੱਸ ਦੇਈਏ ਕਿ ਸ਼ਹਿਰ ‘ਚ ਕੋਰੋਨਾ ਦੇ 86 ਨਵੇਂ ਮਾਮਲੇ ਸਾਹਮਣੇ ਆਏ ਹਨ।
ਇੱਥੇ ਹਰ ਰੋਜ਼ 80-90 ਮਾਮਲੇ ਸਾਹਮਣੇ ਆਏ ਰਹੇ ਹਨ। ਹਰ ਰੋਜ਼ ਇੰਨੇ ਨਵੇਂ ਮਾਮਲੇ ਸਾਹਮਣੇ ਆਉਣ ਕਾਰਨ ਪ੍ਰਸ਼ਾਸਨ ਅਤੇ ਹੈਲਥ ਡਿਪਾਰਟਮੈਂਟ ਦੀ ਚਿੰਤਾ ਵੱਧ ਗਈ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਸ਼ਹਿਰ ‘ਚ ਪਾਜ਼ੀਟਿਵ ਮਿਲੇ ਮਾਮਲਿਆਂ ‘ਚੋਂ ਸ਼ਹਿਰ ‘ਚ ਮਲੇਰੀਆ ਅਫਸਰ ਉਪਿੰਦਰਜੀਤ ਸਿੰਘ ਗਿੱਲ ਵੀ ਪਾਜ਼ੀਟਿਵ ਪਾਏ ਗਏ ਹਨ।ਇਸ ਤੋਂ ਇਲਾਵਾ ਨਗਰ ਨਿਗਮ ਦੇ ਵਾਰਡ ਨੰਬਰ-19 ਦੇ ਭਾਜਪਾ ਪਰਿਸ਼ਦ ਦਿਲੀਪ ਸ਼ਰਮਾ ਦੀ ਰਿਪੋਰਟ ਵੀ ਪਾਜ਼ੀਟਿਵ ਆਉਣ ਤੋਂ ਬਾਅਦ ਕਮਿਊਨਿਟੀ ਸੈਂਟਰ ‘ਚ ਬਣਾਏ ਗਏ ਆਈਸ਼ੋਲੇਸ਼ਨ ਵਾਰਡ ‘ਚ ਰੱਖਿਆ ਗਿਆ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਹੋਮ ਕੁਆਰੰਟਾਈਨ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਚੰਡੀਗੜ੍ਹ ‘ਚ ਹੁਣ ਤੱਕ ਕੁੱਲ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 1928 ਤੱਕ ਪਹੁੰਚ ਗਈ ਹੈ ਅਤੇ ਸ਼ਹਿਰ ‘ਚ 807 ਸਰਗਰਮ ਮਾਮਲੇ ਹਨ। ਇਸ ਦੇ ਨਾਲ ਹੀ ਸ਼ੁੱਕਰਵਾਰ ਨੂੰ 15 ਮਰੀਜ਼ ਕੋਰੋਨਾ ਨੂੰ ਮਾਤ ਦੇ ਕੇ ਘਰ ਜਾ ਚੁੱਕੇ ਹਨ।
ਜ਼ਿਕਰਯੋਗ ਹੈ ਕਿ ਪੰਜਾਬ ‘ਚ ਖਤਰਨਾਕ ਕੋਰੋਨਾਵਾਇਰਸ ਕਾਰਨ ਸਥਿਤੀ ਭਿਆਨਕ ਹੁੰਦੀ ਜਾ ਰਹੀ ਹੈ। ਬੀਤੇ ਦਿਨ ਭਾਵ ਸ਼ੁੱਕਰਵਾਰ ਨੂੰ 1077 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਜਦਕਿ 25 ਮਰੀਜ਼ਾਂ ਦੀ ਮੌਤ ਹੋਈ। ਹੁਣ ਤੱਕ ਸੂਬੇ ਭਰ ‘ਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 29013 ਤੱਕ ਪਹੁੰਚ ਗਈ ਜਦਕਿ 731 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੂਬੇ ਭਰ ‘ਚੋਂ 18328 ਲੋਕਾਂ ਕੋਰੋਨਾ ਨੂੰ ਮਾਤ ਦੇ ਕੇ ਠੀਕ ਹੋ ਚੁੱਕੇ ਹਨ।