ਜੰਮੂ ਦੇ ਕਠੂਆ ਤੋਂ ਪੰਜਾਬ ਦੇ ਉਚੀ ਬੱਸੀ ਤੱਕ ਲਗਭਗ 70 ਕਿਲੋਮੀਟਰ ਦੀ ਦੂਰੀ ‘ਤੇ ਚੱਲਣ ਵਾਲੀ ਇੱਕ ਮਾਲ ਗੱਡੀ ਦੇ ਲੋਕੋ ਪਾਇਲਟ ਨੂੰ ਲਾਪਰਵਾਹੀ ਕਰਕੇ ਉੱਤਰੀ ਰੇਲਵੇ ਨੇ ਸੇਵਾ ਤੋਂ ਹਟਾ ਦਿੱਤਾ ਹੈ। ਉਤਰੀ ਰੇਲਵੇ ਨੇ ਕਿਹਾ ਕਿ ਉਸਦੀ ਲਾਪਰਵਾਹੀ ਕਰਕੇ ਵੱਡੀ ਘਟਨਾ ਵਾਪਰ ਸਕਦੀ ਸੀ, ਜਿਸ ਨਾਲ ਜਾਨੀ ਨੁਕਸਾਨ ਹੋ ਸਕਦਾ ਸੀ। ਇਸ ਮਾਮਲੇ ਵਿੱਚ ਅਨੁਸ਼ਾਸਨੀ ਅਥਾਰਟੀ, ਸੀਨੀਅਰ ਡਿਵੀਜ਼ਨਲ ਮਕੈਨੀਕਲ ਇੰਜਨੀਅਰ (ਡੀਐਮਈ) ਦੁਆਰਾ ਇਸ ਸਬੰਧ ਵਿੱਚ ਇੱਕ ਨੋਟਿਸ ਜਾਰੀ ਕੀਤਾ ਗਿਆ ਸੀ।
ਨੋਟਿਸ ਵਿੱਚ ਕਿਹਾ ਗਿਆ ਕਿ ਲੋਕੋ ਪਾਇਲਟ ਸੰਦੀਪ ਕੁਮਾਰ ਆਪਣੇ ਫਰਜ਼ ਨਿਭਾਉਣ ਵਿੱਚ ਅਸਫਲ ਰਿਹਾ। ਇਸ ਨਾਲ ਵੱਡੀ ਘਟਨਾ ਵਾਪਰ ਸਕਦੀ ਸੀ। ਨਾਲ ਹੀ ਇਸ ਨਾਲ ਰੇਲਵੇ ਤੇ ਖਾਸਕਰ ਉੱਤਰ ਰੇਲਵੇ ਦੇ ਅਕਸ ਨੂੰ ਵੀ ਨੁਕਸਾਨ ਪਹੁੰਚਿਆ ਹੈ।
ਮਾਮਲੇ ਦੇ ਸ਼ੁਰੂਆਤੀ ਪੜਾਅ ਵਿੱਚ ਕਠੂਆ ਰੇਲਵੇ ਸਟੇਸ਼ਨ ਦੇ ਸਟੇਸ਼ਨ ਮਾਸਟਰ, ਮਾਲ ਗੱਡੀ ਦੇ ਲੋਕੋ ਪਾਇਲਟ, ਸਹਾਇਕ ਲੋਕੋ ਪਾਇਲਟ, ਪੁਆਇੰਟਮੈਨ (ਕਠੂਆ), ਲੋਕੋ ਇੰਸਪੈਕਟਰ ਅਤੇ ਟੀਆਈ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਇੱਕ ਸਵਾਲ ਦੇ ਜਵਾਬ ਵਿੱਚ ਰੇਲਵੇ ਡਿਵੀਜ਼ਨ ਫ਼ਿਰੋਜ਼ਪੁਰ ਦੇ ਡੀਆਰਐਮ ਸੰਜੇ ਸਾਹੂ ਨੇ ਕਿਹਾ ਸੀ ਕਿ ਕਠੂਆ ਵਿੱਚ ਖੜ੍ਹੀ ਮਾਲ ਗੱਡੀ ਵਿੱਚ ਲੱਗੇ ਦੋਵੇਂ ਡੀਜ਼ਲ ਇੰਜਣ ਬੰਦ ਸਨ। ਕਮੇਟੀ ਇਸ ਗੱਲ ਦੀ ਜਾਂਚ ਵਿੱਚ ਜੁਟੀ ਹੋਈ ਹੈ ਕਿ ਇਹ ਟਰੇਨ ਕਿਵੇਂ ਸ਼ੁਰੂ ਹੋਈ। ਟਰੇਨ ਜੰਮੂ ਦੇ ਕਠੂਆ ਅਤੇ ਪੰਜਾਬ ਦੇ ਉਂਚੀਬੱਸੀ ਵਿਚਕਾਰ ਲਗਭਗ 70 ਕਿਲੋਮੀਟਰ ਚੱਲੀ।
ਇਹ ਵੀ ਪੜ੍ਹੋ : ਕਿਸਾਨ ਸ਼ੁਭਕਰਨ ਦਾ ਹੋਇਆ ਅੰਤਿਮ ਸੰਸਕਾਰ, ਭੁੱਬਾਂ ਮਾਰ ਰੋਇਆ ਟੱਬਰ, ਭੈਣਾਂ ਨੇ ਸਿਹਰਾ ਬੰਨ੍ਹ ਕੀਤਾ ਵੀਰ ਵਿਦਾ
ਇਸ ਟ੍ਰੇਨ ਨੂੰ ਰੋਕਣ ਲਈ ਰੇਲਵੇ ਪਟੜੀਆਂ ‘ਤੇ ਮਿੱਟੀ ਵੀ ਪਾ ਦਿੱਤੀ ਗਈ। ਸਾਰੀਆਂ ਟਰੇਨਾਂ ਰੋਕ ਦਿੱਤੀਆਂ ਗਈਆਂ। ਇੰਨਾ ਹੀ ਨਹੀਂ ਬਿਜਲੀ ਵੀ ਬੰਦ ਕਰ ਦਿੱਤੀ ਗਈ ਤਾਂ ਕਿ ਜੇਕਰ ਰੇਲਗੱਡੀ ਪਟੜੀ ਤੋਂ ਉਤਰ ਜਾਂਦੀ ਤਾਂ ਇਸ ਦੇ ਡੱਬੇ ਬਿਜਲੀ ਦੀਆਂ ਤਾਰਾਂ ਨਾਲ ਨਾ ਟਕਰਾ ਜਾਂਦੇ, ਇਸ ਨਾਲ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ। ਇਕ ਸਵਾਲ ਦੇ ਜਵਾਬ ਵਿਚ ਸਾਹੂ ਨੇ ਕਿਹਾ mr ਕਿ ਉਕਤ ਰੇਲਗੱਡੀ ਨੂੰ ਪਟੜੀ ਤੋਂ ਉਤਾਰਨ ਦੀ ਯੋਜਨਾ ਬਣਾਈ ਜਾ ਰਹੀ ਸੀ ਪਰ ਰੇਲਗੱਡੀ ਦੀ ਰਫ਼ਤਾਰ ਹੌਲੀ ਹੋਣ ਲੱਗੀ, ਜਿਸ ਕਾਰਨ ਉਨ੍ਹਾਂ ਦੇ ਮੁਲਾਜ਼ਮਾਂ ਨੇ ਉਚੀ ਬੱਸੀ ਵਿਖੇ ਟਰੇਨ ਨੂੰ ਸੁਰੱਖਿਅਤ ਰੋਕ ਲਿਆ।