ਪੰਜਾਬ ‘ਚ ਲਗਾਤਾਰ ਹੋ ਰਹੀ ਬਾਰਿਸ਼ ਅਤੇ ਵੱਖ-ਵੱਖ ਜ਼ਿਲਿਆਂ ‘ਚ ਹੜ੍ਹ ਵਰਗੀ ਸਥਿਤੀ ਤੋਂ ਬਾਅਦ ਸਤਲੁਜ ਦਰਿਆ ਨੇ ਫਾਜ਼ਿਲਕਾ ਦੇ ਪਿੰਡਾਂ ‘ਚ ਹੜ੍ਹਾਂ ਦਾ ਰੂਪ ਧਾਰਨ ਕਰ ਲਿਆ ਹੈ। ਖੇਤਰੀ ‘ਆਪ’ ਵਿਧਾਇਕ ਨਰਿੰਦਰ ਪਾਲ ਸਿੰਘ ਸਵਾਨਾ ਪ੍ਰਭਾਵਿਤ ਪਿੰਡਾਂ ਵਿੱਚ ਪਹੁੰਚੇ। ਫਾਜ਼ਿਲਕਾ ਦਾ ਪਿੰਡ ਮੁਹਾਰ ਜਮਸ਼ੇਰ ਤਿੰਨ ਪਾਸਿਆਂ ਤੋਂ ਪਾਕਿਸਤਾਨ ਅਤੇ ਇੱਕ ਪਾਸੇ ਸਤਲੁਜ ਦਰਿਆ ਨਾਲ ਘਿਰਿਆ ਹੋਣ ਕਾਰਨ ਹੜ੍ਹ ਆਉਣ ਦੀ ਸਭ ਤੋਂ ਵੱਧ ਸੰਭਾਵਨਾ ਹੈ।
ਹਰੀਕੇ ਹੈੱਡ ਤੋਂ ਹੁਸੈਨੀਵਾਲਾ ਵੱਲ ਲੱਖਾਂ ਕਿਊਸਿਕ ਪਾਣੀ ਛੱਡਿਆ ਗਿਆ ਹੈ। ‘ਆਪ’ ਵਿਧਾਇਕ ਨੇ ਪਿੰਡ ਵਾਸੀਆਂ ਨੂੰ ਦੱਸਿਆ ਕਿ ਰਾਹਤ ਕੈਂਪਾਂ ਵਿੱਚ ਲੋਕਾਂ ਲਈ ਖਾਣ-ਪੀਣ, ਰਹਿਣ, ਨਹਾਉਣ ਅਤੇ ਪਖਾਨਿਆਂ ਦਾ ਪ੍ਰਬੰਧ ਹੈ। ਪਸ਼ੂਆਂ ਦੇ ਚਾਰੇ ਲਈ ਵੀ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਸਥਿਤੀ ਕੁਝ ਦਿਨਾਂ ਬਾਅਦ ਖ਼ਤਮ ਹੋ ਜਾਵੇਗੀ, ਫਿਰ ਉਹ ਆਪਣੇ ਪਿੰਡਾਂ ਨੂੰ ਪਰਤ ਸਕਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਸਾਰੇ ਪ੍ਰਬੰਧ ਕਰ ਲਏ ਹਨ, ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ ਹੈ।
ਮੋਗਾ ਵਿੱਚ ਸਤਲੁਜ ਦਰਿਆ ਦੇ ਪਾਣੀ ਦਾ ਪੱਧਰ ਵਧਣ ਕਾਰਨ ਪੰਜ ਪਿੰਡ ਹੜ੍ਹ ਦੀ ਲਪੇਟ ਵਿੱਚ ਆ ਗਏ ਹਨ। ਇੱਥੇ ਪੰਜ ਰਾਹਤ ਕੈਂਪ ਬਣਾਏ ਗਏ ਹਨ। ਐਸਡੀਐਮ ਧਰਮਕੋਟ ਚਾਰੁਮਿਤਾ ਨੇ ਦੱਸਿਆ ਕਿ ਮੰਗਲਵਾਰ ਨੂੰ 80 ਲੋਕਾਂ ਨੂੰ ਬਚਾਇਆ ਗਿਆ। ਕੁਝ ਲੋਕ ਅਜੇ ਵੀ ਫਸੇ ਹੋਏ ਹਨ। ਉਨ੍ਹਾਂ ਨੂੰ ਕੱਢਣ ਲਈ ਮੁਹਿੰਮ ਚਲਾਈ ਜਾ ਰਹੀ ਹੈ।
ਲੁਧਿਆਣਾ ਸਥਿਤ ਵੇਰਕਾ ਮਿਲਕ ਪਲਾਂਟ ਰੋਜ਼ਾਨਾ ਆਧਾਰ ‘ਤੇ ਫੂਡ ਪੈਕੇਟ ਤਿਆਰ ਕਰੇਗਾ। ਪੰਜਾਬ ਸਰਕਾਰ ਨੇ ਇਹ ਜ਼ਿੰਮੇਵਾਰੀ ਸੌਂਪੀ ਹੈ। ਇੱਥੇ ਤਿਆਰ ਕੀਤਾ ਗਿਆ ਭੋਜਨ ਰਾਹਤ ਕੈਂਪਾਂ ਵਿੱਚ ਰਹਿ ਰਹੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਵੰਡਿਆ ਜਾਵੇਗਾ। ਲੁਧਿਆਣਾ ਦੀ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਹਤ ਦੇਣ ਦੇ ਐਲਾਨ ਦੇ ਹਿੱਸੇ ਵਜੋਂ ਵੇਰਕਾ ਪਲਾਂਟ ਨੂੰ ਫੂਡ ਪੈਕੇਟ ਤਿਆਰ ਕਰਨ ਲਈ ਕਿਹਾ ਗਿਆ ਹੈ।
ਇਹ ਵੀ ਪੜ੍ਹੋ : ਪੌਂਗ ਡੈਮ ਤੇ ਭਾਖੜਾ ਤੋਂ ਛੱਡਿਆ ਜਾਏਗਾ ਹੋਰ ਪਾਣੀ, ਬਿਆਸ-ਸਤਲੁਜ ਦਰਿਆ ਦਾ ਵਧੇਗਾ ਪੱਧਰ
ਹਰੇਕ ਪੈਕੇਟ ਵਿੱਚ ਦੋ ਪੈਕਟ ਬਿਸਕੁਟ, ਦੋ ਬੋਤਲਾਂ ਪਾਣੀ, ਦੋ ਪੈਕੇਟ ਸੁੱਕਾ ਦੁੱਧ, ਬਰੈੱਡ, ਪਿੰਨ, ਚੱਮਚ, ਕੱਪ, ਮੋਮਬੱਤੀਆਂ ਅਤੇ ਮਾਚਿਸ ਦੀਆਂ ਤੀਲੀਆਂ ਹੋਣਗੀਆਂ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਪ੍ਰਭਾਵਿਤ ਲੋਕਾਂ ਦੀ ਵੱਧ ਤੋਂ ਵੱਧ ਮਦਦ ਯਕੀਨੀ ਬਣਾਏਗਾ। ਡੀਐਫਐਸਸੀ ਸੰਜੇ ਸ਼ਰਮਾ ਨੇ ਕਿਹਾ ਕਿ ਅਸੀਂ ਰੋਜ਼ਾਨਾ ਘੱਟੋ-ਘੱਟ 5000 ਫੂਡ ਪੈਕੇਟ ਤਿਆਰ ਕਰ ਸਕਦੇ ਹਾਂ ਪਰ ਲੁਧਿਆਣਾ ਅਤੇ ਮੋਗਾ ਪ੍ਰਸ਼ਾਸਨ ਦੀ ਮੰਗ ਨੂੰ ਦੇਖਦੇ ਹੋਏ ਇਸ ਗਿਣਤੀ ਨੂੰ ਵਧਾਇਆ ਜਾ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: