ਕਪੂਰਥਲਾ ਦੇ ਪਿੰਡ ਨੂਰਪੁਰ ਜੱਟਾਂ ਵਿੱਚ ਦੇਰ ਸ਼ਾਮ ਆਰਐਮਪੀ ਡਾਕਟਰ ਤੋਂ ਬੀਪੀ ਚੈੱਕ ਕਰਵਾਉਣ ਦੇ ਬਹਾਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਦੋਸ਼ੀਆਂ ਨੇ ਪਿੱਛਾ ਕਰਨ ’ਤੇ ਗੋਲੀਆਂ ਵੀ ਚਲਾ ਦਿੱਤੀਆਂ। ਪੁਲਿਸ ਨੇ ਤਿੰਨ ਦੋਸ਼ੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਇੱਕ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ ਢਿਲਵਾਂ ਦੇ ਐਸਐਚਓ ਬਲਬੀਰ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਦੀ ਕਾਰ ਨੂੰ ਵੀ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਅਤੇ ਬਾਕੀ ਦੋ ਦੋਸ਼ੀਆਂ ਦੀ ਭਾਲ ਜਾਰੀ ਹੈ।
ਮਿਲੀ ਜਾਣਕਾਰੀ ਮੁਤਾਬਕ ਪਿੰਡ ਨੂਰਪੁਰ ਜੱਟਾਂ ਵਿੱਚ ਆਰਐਮਪੀ ਕਲੀਨਿਕ ਚਲਾ ਰਹੇ ਅਜੈਪਾਲ ਸਿੰਘ ਪੁੱਤਰ ਜਸਵੰਤ ਸਿੰਘ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਬੁੱਧਵਾਰ ਨੂੰ ਤਿੰਨ ਨੌਜਵਾਨ ਉਸ ਦੇ ਕਲੀਨਿਕ ’ਤੇ ਆਏ, ਜਿਨ੍ਹਾਂ ਦੇ ਮੂੰਹ ਪਰਨਿਆਂ ਨਾਲ ਢਕੇ ਹੋਏ ਸਨ। ਇੱਕ ਨੌਜਵਾਨ ਨੇ ਕਿਹਾ ਕਿ ਉਹ ਘਬਰਾਹਟ ਮਹਿਸੂਸ ਕਰ ਰਿਹਾ ਹੈ, ਬੀਪੀ ਚੈੱਕ ਕਰ ਦਿਓ। ਜਦੋਂ ਉਹ ਆਪਣਾ ਬੀਪੀ ਚੈੱਕ ਕਰਨ ਲੱਗਾ ਤਾਂ ਉਕਤ ਨੌਜਵਾਨਾਂ ਨੇ ਉਸ ਦੇ ਗਲੇ ਵਿਚ ਪਰਨਾ ਪਾ ਦਿੱਤਾ ਅਤੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਦੋਸ਼ੀ ਉਸ ਦਾ ਬੈਗ ਖੋਹ ਕੇ ਬਿਨਾਂ ਨੰਬਰ ਵਾਲੀ ਬਾਈਕ ’ਤੇ ਪਿੰਡ ਬਿਜਲੀ ਨੰਗਲ ਵੱਲ ਫ਼ਰਾਰ ਹੋ ਗਿਆ। ਉਸ ਬੈਗ ਵਿੱਚ ਕਰੀਬ 6000 ਰੁਪਏ ਸਨ।
ਅਜੇ ਪਾਲ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੀ ਬਾਈਕ ’ਤੇ ਦੋਸ਼ੀਆਂ ਦਾ ਪਿੱਛਾ ਕੀਤਾ ਅਤੇ ਬੱਸ ਸਟੈਂਡ ’ਤੇ ਖੜ੍ਹੇ ਉਸ ਦੇ ਦੋਸਤ ਬਿੰਦਰ ਨੇ ਵੀ ਬਾਈਕ ’ਤੇ ਸਵਾਰ ਲੁਟੇਰਿਆਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਦੋਸ਼ੀਆਂ ਨੇ ਉਨ੍ਹਾਂ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ‘ਚ ਉਹ ਵਾਲ-ਵਾਲ ਬਚੇ। ਦੋਸ਼ੀ ਪਿੰਡ ਧਾਰੀਵਾਲ ਵੱਲ ਚੱਲੇ ਗਏ। ਉਸ ਨੇ ਆਪਣੇ ਦੋਸਤ ਗੋਲਡੀ ਵਾਸੀ ਧਾਰੀਵਾਲ ਨੂੰ ਫੋਨ ਕਰਕੇ ਲੁਟੇਰਿਆਂ ਬਾਰੇ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਪਿੰਡ ਧਾਰੀਵਾਲ ਦੇ ਲੋਕ ਇਕੱਠੇ ਹੋ ਗਏ ਅਤੇ ਉਨ੍ਹਾਂ ਲੁਟੇਰਿਆਂ ਨੂੰ ਘੇਰ ਲਿਆ। ਲੋਕਾਂ ਨੇ ਇੱਕ ਲੁਟੇਰੇ ਨੂੰ ਕਾਬੂ ਕਰ ਲਿਆ ਅਤੇ ਉਸ ਨੂੰ ਕੁੱਟ ਕੇ ਪੁਲਿਸ ਹਵਾਲੇ ਕਰ ਦਿੱਤਾ। ਦੋਸ਼ੀ ਦੀ ਪਛਾਣ ਵਿਕਰਮਜੀਤ ਸਿੰਘ ਵਾਸੀ ਤਰਨਤਾਰਨ ਵਜੋਂ ਹੋਈ ਹੈ।
ਇਹ ਵੀ ਪੜ੍ਹੋ : ਸਿਹਤ ਮੰਤਰੀ ਡਾ: ਬਲਬੀਰ ਸਿੰਘ ਵੱਲੋਂ ਸਿਹਤ ਵਿਭਾਗ ਨੂੰ ਗੈਰ-ਕਾਨੂੰਨੀ ਗ.ਰਭਪਾਤ ਰੋਕਣ ਲਈ ਹੁਕਮ ਜਾਰੀ
ਸ਼ਿਕਾਇਤਕਰਤਾ ਨੇ ਦੱਸਿਆ ਕਿ ਜਦੋਂ ਉਹ ਮੌਕੇ ‘ਤੇ ਪਹੁੰਚੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਲੁਟੇਰਿਆਂ ਨੇ ਉਨ੍ਹਾਂ ਦੀ ਗੱਡੀ ਉਸੇ ਪਿੰਡ ਦੇ ਹੀ ਰਹਿਣ ਵਾਲੇ ਗੋਲਡੀ ਦੀ ਮੋਟਰ ‘ਤੇ ਖੜ੍ਹੀ ਕਰ ਦਿੱਤੀ ਹੈ। ਦੋ ਲੁਟੇਰੇ ਰਣਜੀਤ ਸਿੰਘ ਅਤੇ ਹਰਪ੍ਰੀਤ ਸਿੰਘ ਦੋਵੇਂ ਵਾਸੀ ਤਰਨਤਾਰਨ ਫਰਾਰ ਹੋ ਗਏ।
ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਦੋਸ਼ੀ ਵਿਕਰਮਜੀਤ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ। ਦੋ ਦੋਸ਼ੀਆਂ ਦੇ ਖੇਤਾਂ ਵਿੱਚ ਲੁਕੇ ਹੋਣ ਦੇ ਸ਼ੱਕ ਦੇ ਚੱਲਦਿਆਂ ਡਰੋਨ ਦੀ ਵਰਤੋਂ ਕਰਕੇ ਤਲਾਸ਼ੀ ਲਈ ਗਈ। ਐਸਐਚਓ ਢਿਲਵਾਂ ਬਲਬੀਰ ਸਿੰਘ ਨੇ ਦੱਸਿਆ ਕਿ ਤਿੰਨਾਂ ਦੋਸ਼ੀਆਂ ਖ਼ਿਲਾਫ਼ ਪਰਚਾ ਦਰਜ ਕਰਕੇ ਵਿਕਰਮਜੀਤ ਸਿੰਘ ਨੂੰ ਕਾਬੂ ਕਰ ਲਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: