ਤਰਨਤਾਰਨ ‘ਚ ਵੀਰਵਾਰ ਨੂੰ ਦੋ ਨੌਜਵਾਨਾਂ ਨੇ ਫਿਲਮੀ ਅੰਦਾਜ਼ ਵਿੱਚ ਇਕ ਬੈਂਕ ਲੁੱਟ ਲਿਆ। ਝਬਾਲ ਸਥਿਤ ਸਟੇਟ ਬੈਂਕ ਆਫ ਇੰਡੀਆ ਦੀ ਸ਼ਾਖਾ ਵਿੱਚ ਦੋ ਹਥਿਆਰਬੰਦ ਨੌਜਵਾਨ ਦਾਖਲ ਹੋਏ ਅਤੇ 8 ਤੋਂ 9 ਲੱਖ ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਏ। ਜਾਂਦੇ ਹੋਏ ਲੁਟੇਰੇ ਬੈਂਕ ਦੇ ਸੁਰੱਖਿਆ ਗਾਰਡ ਦੀ ਰਾਈਫਲ ਵੀ ਖੋਹ ਕੇ ਲੈ ਗਏ।
ਦੋਵੇਂ ਲੁਟੇਰੇ ਬਾਈਕ ‘ਤੇ ਸਵਾਰ ਹੋ ਕੇ ਆਏ ਸਨ। ਉਨ੍ਹਾਂ ਨੇ ਆਪਣੀ ਪਛਾਣ ਛੁਪਾਉਣ ਲਈ ਹੈਲਮੇਟ ਪਾਇਆ ਹੋਇਆ ਸੀ। ਲੁੱਟ ਦੀ ਵਾਰਦਾਤ ਦੀ ਸੂਚਨਾ ਮਿਲਣ ‘ਤੇ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਸੀਸੀਟੀਵੀ ਫੁਟੇਜ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਲੁੱਟ ਦੀ ਸੂਚਨਾ ਮਿਲਣ ‘ਤੇ ਐਸਐਸਪੀ ਅਸ਼ਵਨੀ ਕਪੂਰ ਟੀਮ ਨਾਲ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ। ਉਸ ਨੇ ਦੱਸਿਆ ਕਿ ਸਵੇਰੇ 10 ਵਜੇ ਦੇ ਕਰੀਬ ਦੋ ਹਥਿਆਰਬੰਦ ਨੌਜਵਾਨ ਬੈਂਕ ਅੰਦਰ ਦਾਖਲ ਹੋਏ ਅਤੇ ਬੰਦੂਕ ਦੀ ਨੋਕ ‘ਤੇ ਲੱਖਾਂ ਦੀ ਨਕਦੀ ਲੁੱਟ ਲਈ। ਜਦੋਂ ਬੈਂਕ ਗਾਰਡ ਅਤੇ ਹੋਰ ਲੋਕਾਂ ਨੇ ਉਨ੍ਹਾਂ ਦਾ ਪਿੱਛਾ ਕੀਤਾ ਤਾਂ ਉਕਤ ਲੁਟੇਰੇ ਆਪਣਾ ਮੋਟਰਸਾਈਕਲ ਸੜਕ ‘ਤੇ ਸੁੱਟ ਕੇ ਦੂਜੇ ਵਾਹਨ ਨਾਲ ਫ਼ਰਾਰ ਹੋ ਗਏ।
ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ 2024 : BJP ਵੱਲੋਂ ਰਾਜ ਚੋਣ ਕਮੇਟੀ ਦਾ ਐਲਾਨ, ਕੈਪਟਨ, ਜਾਖੜ ਸਣੇ ਇਨ੍ਹਾਂ ਲੀਡਰਾਂ ਨੂੰ ਮਿਲੀ ਥਾਂ
ਐਸਐਸਪੀ ਨੇ ਦੱਸਿਆ ਕਿ ਪੁਲਿਸ ਨੇ ਲੁਟੇਰਿਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਲੁਟੇਰਿਆਂ ਨੇ ਯੋਜਨਾ ਬਣਾ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਬੈਂਕ ਵਿੱਚ ਸਿਰਫ਼ 2 ਲੋਕ ਹੀ ਦਾਖ਼ਲ ਹੋਏ ਸਨ। ਉਸ ਦੇ ਸਾਥੀ ਕੁਝ ਦੂਰੀ ‘ਤੇ ਇਕ ਹੋਰ ਕਾਰ ਵਿਚ ਉਸ ਦੀ ਉਡੀਕ ਕਰ ਰਹੇ ਸਨ। ਕੰਮ ਖਤਮ ਹੋਣ ਤੋਂ ਬਾਅਦ ਉਹ ਹੋਰ ਵਾਹਨ ਲੈ ਕੇ ਫਰਾਰ ਹੋ ਗਏ।