ਮੱਧ ਪ੍ਰਦੇਸ਼ ਦੇ ਜਬਲਪੁਰ ਵਿੱਚ ਅੱਜ ਸਵੇਰੇ ਹਲਕੀ ਬਾਰਿਸ਼ ਨੇ ਜਬਲਪੁਰ ਏਅਰਪੋਰਟ ਦੇ ਭ੍ਰਿਸ਼ਟਾਚਾਰ ਦੀਆਂ ਪਰਤਾਂ ਖੋਲ੍ਹ ਕੇ ਰੱਖ ਦਿੱਤੀਆਂ। ਹਵਾਈ ਅੱਡੇ ਦੇ ਡਰਾਪ ਐਂਡ ਗੋ ਜ਼ੋਨ ਵਿੱਚ ਹੋਏ ਹਾਦਸੇ ਨਾਲ ਰੈਨੋਵੇਸ਼ਨ ਦੀ ਕੁਆਲਿਟੀ ਨੂੰ ਲੈ ਕੇ ਸਵਾਲ ਖੜ੍ਹੇ ਹੋ ਗਏ ਹਨ। ਇਸ ਹਵਾਈ ਅੱਡੇ ਦਾ 455 ਕਰੋੜ ਰੁਪਏ ਦੀ ਲਾਗਤ ਨਾਲ ਵਿਸਤਾਰ ਕੀਤਾ ਗਿਆ ਸੀ, ਜਿਸ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਸੀ। ਪਰ ਕੁਝ ਹੀ ਦਿਨਾਂ ਵਿਚ ਸਾਹਮਣੇ ਆਉਣ ਵਾਲੀ ਅਜਿਹੀ ਤਸਵੀਰ ਕਿਤੇ ਨਾ ਕਿਤੇ ਵੱਡੇ ਭ੍ਰਿਸ਼ਟਾਚਾਰ ‘ਤੇ ਸਵਾਲ ਖੜ੍ਹੇ ਕਰਦੀ ਹੈ।
ਦਰਅਸਲ, ਸਵੇਰੇ ਕਰੀਬ 11 ਵਜੇ ਹਲਕੀ ਬਾਰਿਸ਼ ਦੌਰਾਨ ਜਬਲਪੁਰ ਦੇ ਦੁਮਨਾ ਹਵਾਈ ਅੱਡੇ ‘ਤੇ ਵੱਡਾ ਹਾਦਸਾ ਵਾਪਰ ਗਿਆ। ਪਰ ਖੁਸ਼ਕਿਸਮਤੀ ਨਾਲ ਇਸ ਪੂਰੀ ਘਟਨਾ ਵਿੱਚ ਕੋਈ ਜ਼ਖਮੀ ਨਹੀਂ ਹੋਇਆ। ਦੱਸਿਆ ਜਾ ਰਿਹਾ ਹੈ ਕਿ ਮੀਂਹ ਦੌਰਾਨ ਏਅਰਪੋਰਟ ਟਰਮੀਨਲ ਦੀ ਇਮਾਰਤ ਦੀ ਛੱਤ ਟੁੱਟ ਕੇ ਡਰਾਪ ਐਂਡ ਗੋ ਲਾਈਨ ‘ਚ ਡਿੱਗ ਗਈ। ਇਸ ਦੌਰਾਨ ਜਬਲਪੁਰ ਦੇ ਇਨਕਮ ਟੈਕਸ ਅਫਸਰ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਛੱਤ ਡਿੱਗਣ ਕਾਰਨ ਕਾਰ ਚਕਨਾਚੂਰ ਹੋ ਗਈ ਅਤੇ ਕਾਰ ਦਾ ਉਪਰਲਾ ਹਿੱਸਾ ਹੇਠਾਂ ਦੱਬ ਗਿਆ। ਸਾਹਮਣੇ ਵਾਲਾ ਸ਼ੀਸ਼ਾ ਵੀ ਟੁੱਟ ਗਿਆ। ਜੇ ਹਾਦਸੇ ਸਮੇਂ ਕਾਰ ਵਿੱਚ ਕੋਈ ਮੌਜੂਦ ਹੁੰਦਾ ਤਾਂ ਉਸਦੀ ਜਾਨ ਜਾ ਸਕਦੀ ਸੀ।
ਦੱਸਿਆ ਜਾ ਰਿਹਾ ਹੈ ਕਿ ਪਹਿਲੀ ਬਾਰਿਸ਼ ਕਾਰਨ ਇਮਾਰਤ ਦੇ ਬਾਹਰ ਬਣੇ ਛਾਉਣੀ ਵਾਲੇ ਟੈਂਟ ‘ਚ ਪਾਣੀ ਭਰ ਗਿਆ। ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਟੈਂਟ ਦਾ ਇਕ ਹਿੱਸਾ ਟੁੱਟ ਕੇ ਇਨਕਮ ਟੈਕਸ ਅਧਿਕਾਰੀ ਦੀ ਕਾਰ ‘ਤੇ ਜਾ ਡਿੱਗਿਆ। ਕਾਰ ਐਮਪੀ ਏਅਰਪੋਰਟ ਦੇ ਟਰਮੀਨਲ ਬਿਲਡਿੰਗ ਦੇ ਗੇਟ ਦੇ ਬਾਹਰ ਪੋਰਚ ਵਿੱਚ ਖੜ੍ਹੀ ਸੀ। ਹਾਦਸੇ ਸਮੇਂ ਕੋਈ ਵੀ ਫਲਾਈਟ ਨਹੀਂ ਪਹੁੰਚੀ ਸੀ, ਨਹੀਂ ਤਾਂ ਯਾਤਰੀਆਂ ਦੀ ਵੱਡੀ ਗਿਣਤੀ ਕਾਰਨ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ।
ਇਹ ਵੀ ਪੜ੍ਹੋ : ਸ੍ਰੀ ਦਰਬਾਰ ਸਾਹਿਬ ‘ਯੋਗਾ’ ਵਾਲੀ ਕੁੜੀ ਭੜਕੀ! ਕਹਿੰਦੀ ”ਮੇਰੇ ‘ਤੇ ਕੀਤੀ FIR ਵਾਪਸ ਲਓ ਨਹੀਂ ਤਾਂ…”
ਹਾਲ ਹੀ ਵਿਚ 455 ਕਰੋੜ ਰੁਪਏ ਦੀ ਲਾਗਤ ਨਾਲ ਜਬਲਪੁਰ ਦੇ ਦੁਮਨਾ ਏਅਰਪੋਰਟ ਟਰਮੀਨਲ ਬਿਲਡਿੰਗ ਦਾ ਵਿਸਥਾਰ ਕੀਤਾ ਗਿਆ ਸੀ। ਹਾਦਸੇ ਤੋਂ ਬਾਅਦ ਦੁਮਨਾ ਏਅਰਪੋਰਟ ਦੇ ਡਾਇਰੈਕਟਰ ਰਾਜੀਵ ਰਤਨ ਪਾਂਡੇ ਨੇ ਹਾਦਸੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਰਾਜੀਵ ਰਤਨ ਪਾਂਡੇ ਦਾ ਕਹਿਣਾ ਹੈ ਕਿ ਇਸ ਘਟਨਾ ਦੀ ਜਾਂਚ ਕੀਤੀ ਜਾਵੇਗੀ ਕਿ ਪਹਿਲੀ ਬਰਸਾਤ ਵਿੱਚ ਹੀ ਇਹ ਹਾਦਸਾ ਕਿਵੇਂ ਵਾਪਰਿਆ। ਨਿਰਮਾਣ ਕੰਪਨੀ ਨਾਲ ਵੀ ਗੱਲਬਾਤ ਕੀਤੀ ਜਾ ਰਹੀ ਹੈ। ਇਸ ਸਾਰੀ ਘਟਨਾ ਬਾਰੇ ਲੋਕ ਨਿਰਮਾਣ ਮੰਤਰੀ ਰਾਕੇਸ਼ ਸਿੰਘ ਦਾ ਕਹਿਣਾ ਹੈ ਕਿ ਘਟਨਾ ਦੀ ਜਾਣਕਾਰੀ ਦੇ ਦਿੱਤੀ ਗਈ ਹੈ, ਇਸ ਪੂਰੇ ਮਾਮਲੇ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਹਨ। ਭਵਿੱਖ ਵਿੱਚ ਅਜਿਹੀ ਘਟਨਾ ਨਾ ਵਾਪਰੇ ਇਸ ਨੂੰ ਧਿਆਨ ਵਿੱਚ ਰੱਖਦਿਆਂ ਜਾਂਚ ਕਰਵਾਈ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: