ਭੋਪਾਲ ਦੀ ਸੰਸਦ ਮੈਂਬਰ ਸਾਧਵੀ ਪ੍ਰਗਿਆ ਸਿੰਘ ਠਾਕੁਰ ਇੱਕ ਵਾਰ ਫਿਰ ਆਪਣੇ ਬਿਆਨ ਨੂੰ ਲੈ ਕੇ ਸੁਰਖ਼ੀਆਂ ਵਿੱਚ ਆ ਗਈ ਹੈ। ਭਾਜਪਾ ਸਾਂਸਦ ਨੇ ਇੱਥੇ ਆਪਣੇ ਇਕ ਬਿਆਨ ‘ਚ ਸ਼ਰਾਬ ਨੂੰ ਲੈ ਕੇ ਬਿਆਨ ਦਿੱਤਾ ਕਿ ਸੀਮਤ ਮਾਤਰਾ ਵਿੱਚ ਲੈਣ ‘ਤੇ ਸ਼ਰਾਬ ਦਵਾਈ ਦਾ ਕੰਮ ਕਰਦੀ ਹੈ, ਇਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਚਰਚਾ ‘ਚ ਹੈ ਅਤੇ ਵਾਇਰਲ ਵੀ ਹੋ ਰਿਹਾ ਹੈ।
ਵੀਰਵਾਰ ਨੂੰ ਸਾਧਵੀ ਪ੍ਰਗਿਆ ਸਿੰਘ ਠਾਕੁਰ ਨੇ ਕਿਹਾ, ‘ਸ਼ਰਾਬ ਚਾਹੇ ਸਸਤੀ ਹੋਵੇ ਜਾਂ ਮਹਿੰਗੀ, ਸ਼ਰਾਬ ਦਵਾਈ ਦਾ ਕੰਮ ਕਰਦੀ ਹੈ। ਆਯੁਰਵੇਦ ਵਿੱਚ ਜੋ ਅਲਕੋਹਲ ਹੈ, ਇਹ ਸੀਮਤ ਮਾਤਰਾ ਵਿੱਚ ਦਵਾਈ ਦਾ ਕੰਮ ਕਰਦੀ ਹੈ ਅਤੇ ਅਸੀਮਤ ਮਾਤਰਾ ਵਿੱਚ ਇਹ ਜ਼ਹਿਰ ਹੈ। ਇਸ ਨੂੰ ਹਰ ਕਿਸੇ ਨੂੰ ਸਮਝਣਾ ਚਾਹੀਦਾ ਹੈ ਅਤੇ ਇਸ ਨੂੰ ਵੱਧ ਲੈਣ ਨਾਲ ਜਿਹੜੇ ਨੁਕਸਾਨ ਹੁੰਦੇ ਹਨ, ਉਸ ਨੂੰ ਸਮਝ ਕੇ ਬੰਦ ਕਰ ਦੇਣਾ ਚਾਹੀਦਾ ਹੈ।’
ਇਸ ਤੋਂ ਇਲਾਵਾ ਉਨ੍ਹਾਂ ਨੇ ਸ਼ਰਾਬਬੰਦੀ ‘ਤੇ ਸਾਬਕਾ ਮੁੱਖ ਮੰਤਰੀ ਉਮਾ ਭਾਰਤੀ ਦਾ ਵੀ ਸਮਰਥਨ ਕੀਤਾ ਅਤੇ ਕਿਹਾ ਕਿ ਮੱਧ ਪ੍ਰਦੇਸ਼ ‘ਚ ਸ਼ਰਾਬਬੰਦੀ ਹੋਣੀ ਚਾਹੀਦੀ ਹੈ। ਇਸ ਨਾਲ ਜੁਰਮ ਵਧਦੇ ਹਨ ਅਤੇ ਘਰ ਵਿੱਚ ਕਲੇਸ਼ ਹੁੰਦਾ ਹੈ।
ਵੀਡੀਓ ਲਈ ਕਲਿੱਕ ਕਰੋ -:
“ਕੀ ਭਗਵੰਤ ਮਾਨ AAP ਦੀ ਬੇੜੀ ਲਾ ਸਕਣਗੇ ਪਾਰ ? ਭਗਵੰਤ ਮਾਨ ‘ਤੇ ਆਪ ਨੇ ਕਿਉਂ ਖੇਡਿਆ ਦਾਅ ? ਕੀ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਾਇਦਾ ? “
ਇਸ ਤੋਂ ਪਹਿਲਾਂ ਵੀ ਸਾਧਵੀ ਪ੍ਰਗਿਆ ਠਾਕੁਰ ਆਪਣੇ ਬਿਆਨਾਂ ਕਰਕੇ ਚਰਚਾ ਵਿੱਚ ਰਹੀ ਸੀ। ਕੋਰੋਨਾ ਦੀ ਦੂਜੀ ਲਹਿਰ ਦੌਰਾਨ ਭੋਪਾਲ ‘ਚ ਇਕ ਪ੍ਰੋਗਰਾਮ ਦੌਰਾਨ ਸਾਧਵੀ ਪ੍ਰਗਿਆ ਸਿੰਘ ਠਾਕੁਰ ਨੇ ਕਿਹਾ ਸੀ ਕਿ ‘ਗਊ ਮੂਤਰ ਪੀਣ ਨਾਲ ਫੇਫੜਿਆਂ ਦੀ ਇਨਫੈਕਸ਼ਨ ਠੀਕ ਹੋ ਜਾਂਦੀ ਹੈ। ਮੈਂ ਖੁਦ ਵੀ ਗਊ ਮੂਤਰ ਦਾ ਅਰਕ ਲੈਂਦੀ ਹਾਂ ਅਤੇ ਇਸੇ ਕਰਕੇ ਮੈਨੂੰ ਹੁਣ ਤੱਕ ਨਾ ਤਾਂ ਕੋਰੋਨਾ ਦੀ ਕੋਈ ਦਵਾਈ ਲੈਣੀ ਪਈ ਹੈ ਅਤੇ ਨਾ ਹੀ ਮੈਨੂੰ ਅਜੇ ਤੱਕ ਕੋਰੋਨਾ ਹੋਇਆ ਹੈ। ਉਨ੍ਹਾਂ ਦੇ ਇਸ ਬਿਆਨ ਦੀ ਲੋਕਾਂ ਵਲੋਂ ਆਲੋਚਨਾ ਕੀਤੀ ਗਈ ਅਤੇ ਉਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਟ੍ਰੋਲ ਕੀਤਾ ਗਿਆ ਸੀ।