ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੂੰ ਪੱਛਮੀ ਜਾਪਾਨ ਵਿੱਚ ਇੱਕ ਚੋਣ ਸਮਾਗਮ ਵਿੱਚ ਭਾਸ਼ਣ ਦੌਰਾਨ ਗੋਲੀ ਮਾਰ ਦਿੱਤੀ ਗਈ ਸੀ। ਜਾਪਾਨ ਦੇ ਨਿਊਜ਼ ਏਜੰਸੀ ਮੁਤਾਬਕ, ਟੇਤਸੂਯਾ ਯਾਮਾਗਾਮੀ ਨਾਮਕ ਹਮਲਾਵਰ ਨੇ ਹੱਥ ਨਾਲ ਬਣੀ ਬੰਦੂਕ ਨਾਲ ਉਨ੍ਹਾਂ ‘ਤੇ ਹਮਲਾ ਕੀਤਾ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਹਮਲਾਵਰ ਟੇਤਸੁਯਾ ਯਾਮਾਗਾਮੀ ਨੇ ਸ਼ਿੰਜੋ ਆਬੇ ਨੂੰ ਮਾਰਨ ਲਈ ਡਕਟ ਟੇਪ ਵਿੱਚ ਲਪੇਟੀ ਇੱਕ ਸਟੀਲ ਟਿਊਬ ਵਾਲੀ ਘਰੇਲੂ ਬਣੀ ਡਬਲ ਬੈਰਲ ਬੰਦੂਕ ਦੀ ਵਰਤੋਂ ਕੀਤੀ। ਰਿਪੋਰਟਾਂ ਮੁਤਾਬਕ ਜਾਪਾਨ ਦੇ ਨਾਰਾ ਸ਼ਹਿਰ ਦੇ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਹਮਲਾਵਰ ਨੇ ਸਾਬਕਾ ਪ੍ਰਧਾਨ ਮੰਤਰੀ ਨੂੰ ਗੋਲੀ ਮਾਰਨ ਲਈ ਆਪਣੀ ਡਬਲ ਬੈਰਲ ਬੰਦੂਕ ਤਿਆਰ ਕੀਤੀ ਸੀ। ਇਸ ਗਨ ਨੂੰ ਇਸ ਤਰ੍ਹਾਂ ਤਿਆਰ ਕੀਤਾ ਗਿਆ ਸੀ ਕਿ ਇਹ ਕੈਮਰੇ ਵਰਗੀ ਦਿਸੇ।
ਮੰਨਿਆ ਜਾ ਰਿਹਾ ਹੈ ਕਿ ਹਮਲਾਵਰ ਫੋਟੋ ਖਿੱਚਣ ਦੇ ਬਹਾਨੇ ਆਬੇ ਦੇ ਨੇੜੇ ਆਇਆ ਤੇ ਫਾਇਰ ਕਰ ਦਿੱਤਾ। ਆਬੇ ਨੂੰ ਪਿੱਛਿਓਂ ਦੋ ਗੋਲੀਆਂ ਮਾਰੀਆਂ ਗਈਆਂ। ਮੌਕੇ ‘ਤੇ ਮੌਜੂਦ ਇਕ ਗਵਾਹ ਮਾਸਾਹਿਰੋ ਓਕੁਦਾ ਨੇ ਦੱਸਿਆ ਕਿ ਸ਼ੱਕੀ ਹਮਲਾਵਰ ਨੇ ਆਪਣੇ ਹੱਥ ‘ਚ 20 ਸੈਂਟੀਮੀਟਰ ਲੰਬਾ ਬਲੈਕ ਬਾਕਸ ਫੜਿਆ ਹੋਇਆ ਸੀ, ਜੋ ਕਿ ਕੈਮਰੇ ਦੇ ਲੈੱਨਜ਼ ਵਰਗਾ ਲੱਗ ਰਿਹਾ ਸੀ। ਜਦੋਂ ਸ਼ਿੰਜੋ ਆਬੇ ਭਾਸ਼ਣ ਦੇ ਰਹੇ ਸਨ ਤਾਂ ਉਹ ਉਨ੍ਹਾਂ ਦੇ ਪਿੱਛੇ ਆਇਆ ਅਤੇ ਉਸੇ ਡੱਬੇ ਰਾਹੀਂ ਸ਼ਿੰਜੋ ਆਬੇ ‘ਤੇ ਦੋ ਵਾਰ ਗੋਲੀ ਚਲਾਈ। ਗੋਲੀਬਾਰੀ ਦੌਰਾਨ ਉਥੇ ਚਿੱਟਾ ਧੂੰਆਂ ਫੈਲ ਗਿਆ। ਹਮਲੇ ਦੌਰਾਨ ਉੱਥੇ ਮੌਜੂਦ ਗਵਾਹ ਨੇ ਦੱਸਿਆ ਕਿ ਗੋਲੀਬਾਰੀ ਕਰਨ ਤੋਂ ਬਾਅਦ ਹਮਲਾਵਰ ਨੇ ਆਪਣੀ ਬੰਦੂਕ ਉੱਥੇ ਹੀ ਸੁੱਟ ਦਿੱਤੀ। ਜਿਸ ਬੰਦੂਕ ਨਾਲ ਹਮਲਾ ਕੀਤਾ ਗਿਆ, ਉਹ ਪੂਰੀ ਤਰ੍ਹਾਂ ਘਰੇਲੂ ਬਣੀ ਹੋਈ ਸੀ ਅਤੇ ਉਸ ‘ਤੇ ਹੈਂਡਗਨ ਵਰਗਾ ਹੈਂਡਲ ਲੱਗਾ ਹੋਇਆ ਸੀ। ਇਹ ਪੂਰੀ ਬੰਦੂਕ ਕਾਲੀ ਟੇਪ ਨਾਲ ਢੱਕੀ ਹੋਈ ਸੀ। ਘਟਨਾ ਵਾਲੀ ਥਾਂ ਤੋਂ ਜੋ ਤਸਵੀਰ ਸਾਹਮਣੇ ਆਈ ਹੈ, ਉਸ ਨੂੰ ਦੇਖ ਕੇ ਲੱਗਦਾ ਹੈ ਕਿ ਇਸ ਨੂੰ 3ਡੀ ਪ੍ਰਿੰਟਰ ਦੀ ਮਦਦ ਨਾਲ ਤਿਆਰ ਕੀਤਾ ਗਿਆ ਹੈ।
ਆਲ ਜਾਪਾਨ ਹੰਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਯੋਹੇਈ ਸਾਸਾਕੀ ਨੇ ਕਿਹਾ ਕਿ ਸ਼ੱਕੀ ਦੀ ਬੰਦੂਕ ਦੀ ਆਵਾਜ਼ ਦੂਜੀਆਂ ਬੰਦੂਕਾਂ ਦੀ ਆਵਾਜ਼ ਤੋਂ ਬਿਲਕੁਲ ਵੱਖਰੀ ਸੀ, ਇਸ ਨੂੰ ਇੱਕ ਘਰੇਲੂ ਪਿਸਤੌਲ ਕਿਹਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਗੋਲੀ ਚਲਾਉਣ ਤੋਂ ਬਾਅਦ ਬੰਦੂਕ ਵਿੱਚੋਂ ਚਿੱਟਾ ਧੂੰਆਂ ਨਿਕਲਿਆ, ਜਦੋਂਕਿ ਬਾਕੀ ਸਾਰੀਆਂ ਪਿਸਤੌਲਾਂ ਤੋਂ ਬਹੁਤ ਘੱਟ ਧੂੰਆਂ ਨਿਕਲਦਾ ਹੈ। ਉਨ੍ਹਾਂ ਕਿਹਾ ਕਿ ਹੁਣ ਪੂਰੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਇਹ ਵੀ ਹੋ ਸਕਦਾ ਹੈ ਕਿ ਹਮਲਾਵਰ ਨੇ ਗੋਲੀਬਾਰੀ ਲਈ ਕਾਲੇ ਡਾਇਨਾਮਾਈਟ ਦੀ ਵਰਤੋਂ ਕੀਤੀ ਹੋਵੇ। ਉਨ੍ਹਾਂ ਦੱਸਿਆ ਕਿ ਕਾਲੇ ਡਾਇਨਾਮਾਈਟ ਦੀ ਵਰਤੋਂ ਪਟਾਕਿਆਂ ਵਿੱਚ ਕੀਤੀ ਜਾਂਦੀ ਹੈ। ਜਿਸ ਤਰ੍ਹਾਂ ਹਮਲਾਵਰ ਨੇ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਹੈ, ਉਸ ਤੋਂ ਪਤਾ ਲੱਗਦਾ ਹੈ ਕਿ ਉਹ ਗੋਲੀ ਚਲਾਉਣ ਲਈ ਪੂਰੀ ਤਰ੍ਹਾਂ ਤਿਆਰ ਸੀ। ਇਕ ਸਥਾਨਕ ਅਖਬਾਰ ਦੇ ਰਿਪੋਰਟਰ ਨੇ ਕਿਹਾ ਕਿ ਸ਼ੱਕੀ ਸਾਬਕਾ ਪ੍ਰਧਾਨ ਮੰਤਰੀ ਆਬੇ ਤੋਂ ਲਗਭਗ 10 ਫੁੱਟ ਦੀ ਦੂਰੀ ‘ਤੇ ਖੜ੍ਹਾ ਸੀ, ਜਿੱਥੋਂ ਉਸ ਨੇ ਸਾਬਕਾ ਪ੍ਰਧਾਨ ਮੰਤਰੀ ‘ਤੇ ਦੋ ਗੋਲੀਆਂ ਚਲਾਈਆਂ ਸਨ।
ਦੱਸ ਦੇਈਏ ਕਿ ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੂੰ ਸ਼ੁੱਕਰਵਾਰ ਨੂੰ ਇੱਕ ਚੋਣ ਪ੍ਰੋਗਰਾਮ ਦੌਰਾਨ ਗੋਲੀ ਮਾਰ ਦਿੱਤੀ ਗਈ। ਉਨ੍ਹਾਂ ਨੂੰ ਗੰਭੀਰ ਹਾਲਤ ‘ਚ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਪੁਲਸ ਨੇ ਸ਼ੱਕੀ ਹਮਲਾਵਰ ਨੂੰ ਮੌਕੇ ‘ਤੇ ਹੀ ਗ੍ਰਿਫਤਾਰ ਕਰ ਲਿਆ।
ਵੀਡੀਓ ਲਈ ਕਲਿੱਕ ਕਰੋ -: