ਕਪੂਰਥਲਾ ਦੇ ਮਸ਼ਹੂਰ ਢਿੱਲੋਂ ਬ੍ਰਦਰਜ਼ ਖੁਦਕੁਸ਼ੀ ਮਾਮਲੇ ‘ਚ ਭਗੌੜੇ ਇੰਸਪੈਕਟਰ ਨਵਦੀਪ ਸਿੰਘ ਦੀ ਜ਼ਮਾਨਤ ਪਟੀਸ਼ਨ ‘ਤੇ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ‘ਚ ਇਕ ਵਾਰ ਫਿਰ ਸੁਣਵਾਈ ਹੋਈ। ਸੁਪਰੀਮ ਕੋਰਟ ਦੇ ਜਸਟਿਸ ਵਿਕਰਮ ਨਾਥ ਅਤੇ ਰਾਜੇਸ਼ ਬਿੰਦਲ ਦੇ ਬੈਂਚ ਨੇ ਨਵਦੀਪ ਸਿੰਘ ਦੀ ਜ਼ਮਾਨਤ ਅਰਜ਼ੀ ਮਨਜ਼ੂਰ ਕਰ ਲਈ ਹੈ। ਹਾਈਕੋਰਟ ‘ਚ ਜ਼ਮਾਨਤ ਪਟੀਸ਼ਨ ਖਾਰਿਜ ਹੋਣ ਤੋਂ ਬਾਅਦ ਹੀ ਨਵਦੀਪ ਸਿੰਘ ਸੁਪਰੀਮ ਕੋਰਟ ਪਹੁੰਚ ਗਿਆ ਸੀ।
ਨਵਦੀਪ ਸਿੰਘ ਕਰੀਬ 100 ਦਿਨਾਂ ਤੋਂ ਫਰਾਰ ਹੈ। ਬੀਤੇ ਸੋਮਵਾਰ ਢਿੱਲੋਂ ਬ੍ਰਦਰਸ ਮਾਨਵਜੀਤ ਅਤੇ ਜਸ਼ਨਬੀਰ ਦੇ ਦੋਸਤ ਮਾਨਵਦੀਪ ਸਿੰਘ ਨੇ ਬਰਖ਼ਾਸਤ ਐੱਸਐੱਚਓ ਨਵਦੀਪ ਸਿੰਘ ਦੇ ਕਰੀਬੀਆਂ ‘ਤੇ ਸਮਝੌਤਾ ਕਰਨ ਲਈ ਦਬਾਅ ਪਾਉਣ ਦਾ ਦੋਸ਼ ਲਾਇਆ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਲਗਾਤਾਰ ਫੋਨ ਆ ਰਹੇ ਹਨ।
ਮਾਨਵਦੀਪ ਸਿੰਘ ਉੱਪਲ ਨੇ ਕਿਹਾ ਸੀ ਕਿ ਪੰਜਾਬ ਪੁਲਿਸ ਮਾਮਲੇ ਦੀ ਸਹੀ ਤਰੀਕੇ ਨਾਲ ਜਾਂਚ ਨਹੀਂ ਕਰ ਰਹੀ ਹੈ। ਇਸ ਲਈ ਮਾਮਲੇ ਦੀ ਜਾਂਚ ਪੰਜਾਬ ਪੁਲਿਸ ਤੋਂ ਇਲਾਵਾ ਕਿਸੇ ਹੋਰ ਏਜੰਸੀ ਤੋਂ ਕਰਵਾਈ ਜਾਵੇ। ਪੰਜਾਬ ਪੁਲਿਸ ਇਸ ਮਾਮਲੇ ਨੂੰ ਛਿੱਕੇ ਟੰਗਣ ਦੀ ਕੋਸ਼ਿਸ਼ ਕਰ ਰਹੀ ਹੈ। ਪੁਲਿਸ ਆਪਣੇ ਅਫਸਰਾਂ ਨੂੰ ਬਚਾਉਣ ਵਿੱਚ ਲੱਗੀ ਹੋਈ ਹੈ। ਜੇ ਪੁਲਿਸ ਮਾਮਲੇ ‘ਚ ਕੁਝ ਨਹੀਂ ਕਰਦੀ ਤਾਂ ਦੋਸ਼ੀ ਨੂੰ ਆਪਣੇ-ਆਪ ਜ਼ਮਾਨਤ ਮਿਲ ਜਾਵੇਗੀ। ਇਸ ਲਈ ਮਾਮਲੇ ਦੀ ਕਿਸੇ ਏਜੰਸੀ ਤੋਂ ਨਿਰਪੱਖ ਜਾਂਚ ਕਰਵਾਈ ਜਾਵੇ।
ਇਹ ਵੀ ਪੜ੍ਹੋ : Holidays 2024 : ਪੰਜਾਬ ਸਰਕਾਰ ਵੱਲੋਂ ਨਵੇਂ ਸਾਲ ਦੀਆਂ ਗਜ਼ਟਿਡ ਛੁੱਟੀਆਂ ਦਾ ਐਲਾਨ, ਵੇਖੋ ਲਿਸਟ
ਦੱਸ ਦੇਈਏ ਕਿ ਇਹ ਮਾਮਲਾ ਅਗਸਤ ਮਹੀਨੇ ਦਾ ਹੈ। ਜਲੰਧਰ ਦੇ ਥਾਣਾ ਡਿਵੀਜ਼ਨ ਨੰਬਰ 1 ਵਿੱਚ ਤਤਕਾਲੀ ਐਸਐਚਓ ਨਵਦੀਪ ਸਿੰਘ, ਮੁਨਸ਼ੀ ਬਲਵਿੰਦਰ ਤੇ ਮਹਿਲਾ ਕਾਂਸਟੇਬਲ ਜਗਜੀਤ ਕੌਰ ਵੱਲੋਂ ਤਸ਼ੱਦਦ ਤੇ ਜ਼ਲੀਲ ਕੀਤੇ ਜਾਣ ਤੋਂ ਬਾਅਦ ਢਿੱਲੋਂ ਭਰਾਵਾਂ ਮਾਨਵਜੀਤ ਤੇ ਜਸ਼ਨਵੀਰ ਨੇ ਗੋਇੰਦਵਾਲ ਸਾਹਿਬ ਦੇ ਪੁਲ ਤੋਂ ਬਿਆਸ ਦਰਿਆ ਵਿੱਚ ਛਾਲ ਮਾਰ ਦਿੱਤੀ ਸੀ।