ਪਾਕਿਸਤਾਨ ਵਿੱਚ ਘੱਟਗਿਣਤੀ ਭਾਈਚਾਰਾ ਬਿਲਕੁਲ ਵੀ ਸੁਰੱਖਿਅਤ ਨਹੀਂ। ਪੇਸ਼ਾਵਰ ਸ਼ਹਿਰ ਵਿੱਚ ਸ਼ੁੱਕਰਵਾਰ ਦੁਪਹਿਰ ਨੂੰ ਇੱਕ ਸਿੱਖ ਦੁਕਾਨਦਾਰ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਫਾਇਰਿੰਗ ਤੋਂ ਬਾਅਦ ਬਾਈਕ ‘ਤੇ ਆਏ ਦੋਵੇਂ ਹਮਲਾਵਰ ਆਸਾਨੀ ਨਾਲ ਫਰਾਰ ਹੋ ਗਏ। ਇਸ ਘਟਨਾ ਤੋਂ ਇੱਕ ਦਿਨ ਪਹਿਲਾਂ ਭਾਵ ਬੁੱਧਵਾਰ ਨੂੰ ਕਰਾਚੀ ਵਿੱਚ ਇੱਕ ਹਿੰਦੂ ਡਾਕਟਰ ਦਾ ਇਸੇ ਤਰ੍ਹਾਂ ਕਤਲ ਕਰ ਦਿੱਤਾ ਗਿਆ ਸੀ। ਇਸ ਤੋਂ ਦੋ ਦਿਨ ਪਹਿਲਾਂ ਕਰਾਚੀ ਵਿੱਚ ਹੀ ਇੱਕ ਨਾਬਾਲਗ ਹਿੰਦੂ ਲੜਕੀ ਨੂੰ ਅਗਵਾ ਕਰ ਲਿਆ ਗਿਆ ਸੀ।
ਪੁਲਿਸ ਮੁਤਾਬਕ ਮਾਰੇ ਗਏ ਸਿੱਖ ਦਾ ਨਾਂ ਦਿਆਲ ਸਿੰਘ ਸੀ। ਉਹ ਪੇਸ਼ਾਵਰ ਦੇ ਦਿਰ ਇਲਾਕੇ ਵਿੱਚ ਕਰਿਆਨੇ ਦੀ ਦੁਕਾਨ ਚਲਾਉਂਦਾ ਸੀ। ਦਿਆਲ ਸਿੰਘ ਸ਼ੁੱਕਰਵਾਰ ਦੁਪਹਿਰ ਕਰੀਬ 3 ਵਜੇ ਆਪਣੀ ਦੁਕਾਨ ‘ਤੇ ਸੀ। ਇਸ ਦੌਰਾਨ ਬਾਈਕ ਸਵਾਰ ਦੋ ਬੰਦੇ ਆਏ ਅਤੇ ਦਿਆਲ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਹਮਲੇ ਤੋਂ ਬਾਅਦ ਦੋਸ਼ੀ ਵੀ ਬੜੀ ਆਸਾਨੀ ਨਾਲ ਫਰਾਰ ਹੋ ਗਏ, ਜਦਕਿ ਇਹ ਕਾਫੀ ਭੀੜ ਵਾਲਾ ਇਲਾਕਾ ਹੈ। ਸੜਕ ਦੇ ਕੰਢੇ ਇੱਕ ਪੁਲਿਸ ਚੌਕੀ ਵੀ ਮੌਜੂਦ ਹੈ। ਇਸ ਦੇ ਬਾਵਜੂਦ ਦੋਸ਼ੀਆਂ ਨੂੰ ਭੱਜਣ ਵਿੱਚ ਕੋਈ ਮੁਸ਼ਕਲ ਨਹੀਂ ਆਈ।
ਪੁਲਿਸ ਮੁਤਾਬਕ ਦਿਆਲ ‘ਤੇ ਕੁੱਲ 30 ਗੋਲੀਆਂ ਚਲਾਈਆਂ ਗਈਆਂ। ਪੁਲਿਸ ਨੇ ਘਟਨਾ ਦੀ ਸੀਸੀਟੀਵੀ ਫੁਟੇਜ ਹਾਸਲ ਕਰ ਲਈ ਹੈ, ਪਰ ਮੀਡੀਆ ਤੱਕ ਪਹੁੰਚਣਾ ਅਜੇ ਬਾਕੀ ਹੈ। ਪੇਸ਼ਾਵਰ ਵਿੱਚ ਲਗਭਗ 15 ਹਜ਼ਾਰ ਸਿੱਖ ਰਹਿੰਦੇ ਹਨ। ਇਹ ਲੋਕ ਜ਼ਿਆਦਾਤਰ ਜੋਗਨ ਸ਼ਾਹ ਇਲਾਕੇ ਵਿੱਚ ਰਹਿੰਦੇ ਹਨ। ਪੇਸ਼ਾਵਰ ਖੈਬਰ ਪਖਤੂਨਖਵਾ ਰਾਜ ਦੀ ਰਾਜਧਾਨੀ ਹੈ। 2 ਮਹੀਨੇ ਪਹਿਲਾਂ ਤੱਕ ਇੱਥੇ ਇਮਰਾਨ ਖਾਨ ਦੀ ਪਾਰਟੀ ਦੀ ਸਰਕਾਰ ਸੀ। ਪਾਕਿਸਤਾਨ ਵਿਚ ਤਾਲਿਬਾਨ ਦੇ ਜ਼ਿਆਦਾਤਰ ਹਮਲੇ ਇਸੇ ਸੂਬੇ ਵਿਚ ਹੁੰਦੇ ਰਹੇ ਹਨ।
ਪਾਕਿਸਤਾਨ ਦੇ ਕਰਾਚੀ ‘ਚ ਵੀਰਵਾਰ ਨੂੰ ਇਕ ਹਿੰਦੂ ਡਾਕਟਰ ਬੀਰਬਲ ਜੇਨਾਨੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਅੱਖਾਂ ਦੇ ਮਾਹਿਰ ਜੇਨਾਨੀ ਕਰਾਚੀ ਮੈਟਰੋਪੋਲੀਟਨ ਕਾਰਪੋਰੇਸ਼ਨ ਵਿੱਚ ਸਿਹਤ ਵਿਭਾਗ ਦੇ ਸੀਨੀਅਰ ਡਾਇਰੈਕਟਰ ਦੇ ਅਹੁਦੇ ‘ਤੇ ਰਹਿ ਚੁੱਕੇ ਸਨ। ਪੁਲਿਸ ਨੇ ਇਸ ਘਟਨਾ ਨੂੰ ਟਾਰਗੇਟ ਕਿਲਿੰਗ ਕਰਾਰ ਦਿੱਤਾ ਹੈ।
ਪੁਲਸ ਮੁਤਾਬਕ ਡਾਕਟਰ ਜੇਨਾਨੀ ਆਪਣੇ ਸਹਾਇਕ ਡਾਕਟਰ ਨਾਲ ਰਾਮਾਸਵਾਮੀ ਇਲਾਕੇ ਤੋਂ ਗੁਲਸ਼ਨ-ਏ-ਇਕਬਾਲ ਸਥਿਤ ਆਪਣੇ ਘਰ ਜਾ ਰਹੇ ਸਨ। ਇਸ ਦੌਰਾਨ ਇਕ ਗੰਨਮੈਨ ਨੇ ਉਨ੍ਹਾਂ ਦੀ ਕਾਰ ‘ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਹਮਲੇ ਕਾਰਨ ਕਾਰ ਬੇਕਾਬੂ ਹੋ ਕੇ ਕੰਧ ਨਾਲ ਜਾ ਟਕਰਾਈ, ਜਿਸ ਨਾਲ ਡਾਕਟਰ ਜੇਨਾਨੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਨ੍ਹਾਂ ਦੇ ਸਹਾਇਕ ਨੂੰ ਵੀ ਗੋਲੀ ਲੱਗੀ ਹੈ। ਸਿੰਧ ਦੇ ਗਵਰਨਰ ਕਾਮਰਾਨ ਖਾਨ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਪੁਲਿਸ ਤੋਂ ਰਿਪੋਰਟ ਮੰਗੀ ਹੈ।
ਇਹ ਵੀ ਪੜ੍ਹੋ : ਕੰਗਾਲੀ ਨਾਲ ਨਜਿੱਠਣ ਲਈ PAK ਦਾ ਨਵਾਂ ਪਲਾਨ, ਇਸ ਦੇਸ਼ ਨੂੰ 3 ਵੱਡੇ ਏਅਰਪੋਰਟ ਸੌਂਪਣ ਦੀ ਤਿਆਰੀ
ਪਿਛਲੇ ਹਫ਼ਤੇ ਘੋਟਕੀ ਜ਼ਿਲ੍ਹੇ ਵਿੱਚ ਇੱਕ ਹਿੰਦੂ ਰੈਸਟੋਰੈਂਟ ਦੇ ਮਾਲਕ ਨੂੰ ਪੁਲਿਸ ਵਾਲੇ ਨੇ ਕੁੱਟਿਆ ਸੀ। ਰਿਪੋਰਟਾਂ ਮੁਤਾਬਕ ਰੈਸਟੋਰੈਂਟ ਦਾ ਮਾਲਕ ਆਪਣੇ ਹੋਰ ਹਿੰਦੂ ਸਾਥੀਆਂ ਨਾਲ ਮਿਲ ਕੇ ਸਥਾਨਕ ਬਾਜ਼ਾਰ ‘ਚ ਡਿਲੀਵਰੀ ਲਈ ਬਿਰਿਆਨੀ ਤਿਆਰ ਕਰ ਰਿਹਾ ਸੀ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਸੀ। ਵੀਡੀਓ ਵਿੱਚ ਪੁਲਿਸ ਅਫਸਰ ਹੱਥ ਵਿੱਚ ਡੰਡਾ ਲਈ ਨਜ਼ਰ ਆਇਆ। ਉਸ ਨੇ ਰੈਸਟੋਰੈਂਟ ਮਾਲਕ ‘ਤੇ ਰਮਜ਼ਾਨ ਦੇ ਨਿਯਮ ਤੋੜਨ ਦਾ ਦੋਸ਼ ਲਾਇਆ ਸੀ।
ਪੁਲਿਸ ਅਧਿਕਾਰੀ ਨੇ ਉਸ ਨੂੰ ਡੰਡੇ ਨਾਲ ਕੁੱਟਿਆ। ਇਸ ਤੋਂ ਬਾਅਦ ਰੈਸਟੋਰੈਂਟ ਮਾਲਕ ਨੂੰ ਗ੍ਰਿਫਤਾਰ ਕਰ ਲਿਆ ਗਿਆ। ਰੈਸਟੋਰੈਂਟ ਮਾਲਕ ਅਧਿਕਾਰੀ ਨੂੰ ਦੱਸਦਾ ਰਿਹਾ ਕਿ ਉਹ ਹਿੰਦੂ ਹੈ ਅਤੇ ਖਾਣਾ ਕਿਸੇ ਹੋਰ ਥਾਂ ਲਿਜਾ ਰਿਹਾ ਹੈ। ਰਮਜ਼ਾਨ ਦੌਰਾਨ ਉਹ ਰੈਸਟੋਰੈਂਟ ਵਿੱਚ ਖਾਣਾ ਨਹੀਂ ਪਰੋਸਦਾ। ਇਸ ਤੋਂ ਬਾਅਦ ਪੁਲਿਸ ਨੇ ਰੈਸਟੋਰੈਂਟ ਮਾਲਕ ਨੂੰ ਧਾਰਮਿਕ ਪੁਸਤਕ ‘ਤੇ ਹੱਥ ਰੱਖ ਕੇ ਜ਼ਬਰਦਸਤੀ ਸਹੁੰ ਚੁੱਕਵਾਈ। ਰੈਸਟੋਰੈਂਟ ਮਾਲਕ ਨੂੰ ਪ੍ਰੇਸ਼ਾਨ ਕੀਤਾ ਗਿਆ। ਇਸ ਤੋਂ ਇਲਾਵਾ 12 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: