ਸ੍ਰਿਸਟੇ ਭੇਉ ਨ ਜਾਣੈ ਕੋਇ ॥ ਸ੍ਰਿਸਟਾ ਕਰੈ ਸੁ ਨਿਹਚਉ ਹੋਇ ॥ ਸੰਪੈ ਕਉ ਈਸਰੁ ਧਿਆਈਐ ॥ ਸੰਪੈ ਪੁਰਬਿ ਲਿਖੇ ਕੀ ਪਾਈਐ ॥ ਸੰਪੈ ਕਾਰਣਿ ਚਾਕਰ ਚੋਰ ॥ ਸੰਪੈ ਸਾਥਿ ਨ ਚਾਲੈ ਹੋਰ ॥ ਬਿਨੁ ਸਾਚੇ ਨਹੀ ਦਰਗਹ ਮਾਨੁ ॥ ਹਰਿ ਰਸੁ ਪੀਵੈ ਛੁਟੈ ਨਿਦਾਨਿ ॥੫੦॥
ਕੋਈ ਜੀਵ ਸਿਰਜਣਹਾਰ-ਪ੍ਰਭੂ ਦਾ ਭੇਤ ਨਹੀਂ ਪਾ ਸਕਦਾ (ਤੇ, ਕੋਈ ਉਸ ਦੀ ਰਜ਼ਾ ਵਿਚ ਦਖ਼ਲ ਨਹੀਂ ਦੇ ਸਕਦਾ) (ਕਿਉਂਕਿ ਜਗਤ ਵਿਚ) ਜ਼ਰੂਰ ਉਹੀ ਹੁੰਦਾ ਹੈ ਜੋ ਸਿਰਜਣਹਾਰ-ਕਰਤਾਰ ਕਰਦਾ ਹੈ। (ਸਿਰਜਣਹਾਰ ਦੀ ਇਹ ਇਕ ਅਜਬ ਖੇਡ ਹੈ ਕਿ ਆਮ ਤੌਰ ਤੇ ਮਨੁੱਖ) ਧਨ ਦੀ ਖ਼ਾਤਰ ਹੀ ਪਰਮਾਤਮਾ ਨੂੰ ਧਿਆਉਂਦਾ ਹੈ, ਤੇ ਹੁਣ ਤਕ ਦੀ ਕੀਤੀ ਮਿਹਨਤ ਦੇ ਲਿਖੇ ਅਨੁਸਾਰ ਧਨ ਮਿਲ (ਭੀ) ਜਾਂਦਾ ਹੈ। ਧਨ ਦੀ ਖ਼ਾਤਰ ਮਨੁੱਖ ਦੂਜਿਆਂ ਦੇ ਨੌਕਰ (ਭੀ) ਬਣਦੇ ਹਨ, ਚੋਰ (ਭੀ) ਬਣਦੇ ਹਨ (ਭਾਵ, ਚੋਰੀ ਭੀ ਕਰਦੇ ਹਨ)। ਪਰ ਧਨ ਕਿਸੇ ਦੇ ਨਾਲ ਨਹੀਂ ਨਿਭਦਾ, (ਮਰਨ ਤੇ) ਹੋਰਨਾਂ ਦਾ ਬਣ ਜਾਂਦਾ ਹੈ। ਸਦਾ-ਥਿਰ ਰਹਿਣ ਵਾਲਾ ਗੋਪਾਲ (ਦੇ ਨਾਮ) ਤੋਂ ਬਿਨਾ ਉਸ ਦੀ ਹਜ਼ੂਰੀ ਵਿਚ ਆਦਰ ਨਹੀਂ ਮਿਲਦਾ। ਜੋ ਮਨੁੱਖ ਪਰਮਾਤਮਾ ਦੇ ਨਾਮ ਦਾ ਰਸ ਪੀਂਦਾ ਹੈ ਉਹ (ਸੰਪੈ-ਧਨ ਦੇ ਮੋਹ ਤੋਂ) ਅੰਤ ਨੂੰ ਬਚ ਜਾਂਦਾ ਹੈ ॥੫੦॥