ਇੱਕ ਵਾਰ ਇੱਕ ਸਾਹੂਕਾਰ ਬਹੁਤ ਸਾਰੀਆਂ ਭੇਟਾ ਲੈ ਕੇ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਦਰਸ਼ਨਾਂ ਲਈ ਪਹੁੰਚਿਆ। ਭੇਟਾਂ ਵਿੱਚ ਮੋਤੀ ਅਤੇ ਕੀਮਤੀ ਰਤਨਾਂ ਦਾ ਬੇਸ਼ਕੀਮਤੀ ਹਾਰ ਵੀ ਸ਼ਾਮਲ ਸੀ। ਉਹ ਇਸ ਨੂੰ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਪਹਿਨਾਉਣਾ ਚਾਹੁੰਦਾ ਸੀ ਪਰ ਗੁਰੂ ਜੀ ਨੇ ਕਿਹਾ ਕਿ ਮੈਂ ਅਜਿਹੇ ਬੇਸ਼ਕੀਮਤੀ ਗਹਿਣਿਆਂ ਲਈ ਬਹੁਤ ਪੁਰਾਣਾ ਹਾਂ।
ਉਨ੍ਹਾਂ ਕਿਹਾ ਕਿ ਸਾਹੂਕਾਰ ਦਾ ਇਹ ਹਾਰ ਉਹ ਉਸ ਸਿੱਖ ਨੂੰ ਪਹਿਨਾ ਦੇਣਗੇ ਜਿਹੜਾ ਗੁਰੂ ਦਾ ਸਰੂਪ ਹੋਵੇ ਅਤੇ ਗੁਰੂ ਉਸਨੂੰ ਆਪਣੀ ਜ਼ਿੰਦਗੀ ਤੋਂ ਵੀ ਵੱਧ ਪਿਆਰਾ ਹੋਵੇ, ਇਸ ਨਾਲ ਸਾਹੂਕਾਰ ਦੀ ਇੱਛਾ ਪੂਰੀ ਹੋ ਜਾਵੇਗੀ। ਸ਼ਾਹੂਕਾਰ ਨੇ ਜਵਾਬ ਦਿੱਤਾ ਕਿ ਗੁਰੂ ਜੀ ਤੁਸੀਂ ਜਿਸ ਨੂੰ ਚਾਹੋ ਇਹ ਹਾਰ ਪਹਿਨਾ ਸਕਦੇ ਹੋ। ਸਾਰੇ ਸਿੱਖ ਅੰਦਾਜ਼ਾ ਲਗਾਉਣ ਲੱਗੇ ਤੇ ਮੋਹਰੀ, ਆਗਿਆਕਾਰੀ ਤੇ ਵਫਾਦਾਰਾ ਸਿੱਖਾਂ ਦੇ ਬਾਰੇ ਸੋਚਣ ਲੱਗੇ। ਉਨ੍ਹਾਂ ਸੋਚਿਆ ਹੋ ਸਕਦਾ ਹੈ ਗੁਰੂ ਜੀ ਇਹ ਹਾਰ ਆਪਣੇ ਪੁੱਤਰਾਂ ਨੂੰ ਪਹਿਨਾਉਣ। ਪਰ ਗੁਰੂ ਜੀ ਨੇ ਸਭ ਨੂੰ ਨਿਰਾਸ਼ ਕਰਦਿਆਂ ਇਹ ਸੁੰਦਰ ਹਾਰ ਆਪਣੇ ਪਿਆਰੇ ਭਾਈ ਜੇਠਾ ਦੇ ਗਲੇ ਵਿੱਚ ਪਾ ਦਿੱਤਾ।
ਕਦੇ-ਕਦੇ ਦੁਪਹਿਰ ਵੇਲੇ ਗੁਰੂ ਅਮਰਦਾਸ ਜੀ ਮਹਾਰਾਜ ਆਪਣੇ ਸਿੱਖਾਂ ਨਾਲ ਬਿਆਸ ਦਰਿਆ ਦੇ ਕੰਢੇ ਜਾਂਦੇ ਸਨ। ਰਸਤੇ ਵਿਚ ਇਕ ਗੰਦੇ ਬਿਨਾਂ ਕੱਪੜਿਆਂ ਦਾ ਮੁਸਲਮਾਨ ਫਕੀਰ, ਜੋ ਲਗਭਗ ਹਮੇਸ਼ਾ ਨਸ਼ੇ ਵਿੱਚ ਹੀ ਰਹਿੰਦਾ ਸੀ, ਆਪਣੀ ਉਸੇ ਥਾਂ ‘ਤੇ ਬੈਠਾ ਸੀ। ਜਿਵੇਂ ਹੀ ਗੁਰੂ ਜੀ ਉਥੋਂ ਲੰਘੇ ਉਸਨੇ ਇੰਨੀ ਉੱਚੀ ਆਵਾਜ਼ ਵਿੱਚ ਗੁਰੂ ਜੀ ਬਾਰੇ ਬੋਲਿਆ ਤਾਂਜੋ ਗੁਰੂ ਜੀ ਨੂੰ ਸੁਣ ਜਾਵੇ। ਉਹ ਕਹਿਣ ਲੱਗਾ, ”ਇਹ ਸਾਰੀ ਦੁਨੀਆ ਦੀ ਦੌਲਤ ਹਾਸਲ ਕਰਦਾ ਹੈ। ਇਹ ਸਿਰਫ ਉਨ੍ਹਾਂ ਨੂੰ ਹੀ ਤੋਹਫ਼ੇ ਦਿੰਦਾ ਹੈ ਜਿਨ੍ਹਾਂ ਤੋਂ ਉਹ ਬਦਲੇ ਵਿਚ ਕੁਝ ਚਾਹੁੰਦਾ ਹੈ। ਉਹ ਫਕੀਰਾਂ ਦਾ ਕੋਈ ਧਿਆਨ ਨਹੀਂ ਕਰਦਾ ਅਤੇ ਉਸਨੇ ਮੇਰਾ ਕਦੇ ਖਿਆਲ ਨਹੀਂ ਕੀਤਾ ਜੋ ਹੋਰਾਂ ਵਾਂਗ ਭਿਖਾਰੀ ਹੈ। ਮੈਂ ਅਫੀਮ ਅਤੇ ਭੰਗ ਖਾਂਦਾ ਹਾਂ ਅਤੇ ਉਹ ਮੈਨੂੰ ਕਦੇ ਇਹ ਭੇਟ ਨਹੀਂ ਕਰਦਾ। ਹਾਲਾਂਕਿ ਉਸਨੂੰ ਕਈ ਵਾਰ ਗਰੀਬਾਂ ਬਾਰੇ ਸੋਚਣਾ ਚਾਹੀਦਾ ਹੈ। ਮੈਨੂੰ ਕਿਸੇ ਦੀ ਪਰਵਾਹ ਨਹੀਂ, ਉਹ ਰਾਜਾ ਹੋਵੇ ਜਾਂ ਸਮਰਾਟ; ਮੈਂ ਉਸਦੇ ਮੂੰਹ ‘ਤੇ ਸੱਚ ਬੋਲਦਾ ਹਾਂ। ਜਦੋਂ ਕੋਈ ਆਦਮੀ ਮੈਨੂੰ ਕੁਝ ਦਿੰਦਾ ਹੈ ਤਾਂ ਮੈਂ ਉਸ ਦੀ ਭਲਾਈ ਲਈ ਪ੍ਰਾਰਥਨਾ ਕਰਦਾ ਹਾਂ।’
ਫਕੀਰ ਅਕਸਰ ਗੁਰੂ ਅਮਰਦਾਸ ਜੀ ਮਹਾਰਾਜ ਬਾਰੇ ਅਜਿਹੀ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਦਾ ਸੀ। ਗੁਰੂ ਜੀ, ਜੋ ਸਬਰ ਦੇ ਅਵਤਾਰ ਸਨ, ਚੁੱਪ ਰਹਿੰਦੇ ਅਤੇ ਅੱਗੇ ਲੰਘ ਜਾਂਦੇ ਸਨ। ਇੱਕ ਦਿਨ ਭਾਈ ਜੇਠਾ ਗੁਰੂ ਜੀ ਨਾਲ ਆਏ ਅਤੇ ਫਕੀਰ ਦੀ ਅਜਿਹੀ ਭਾਸ਼ਾ ਸੁਣਦਿਆਂ ਉਹ ਫਕੀਰ ਨੂੰ ਕਹਿਣ ਲੱਗੇ, ”ਸੱਚੇ ਗੁਰੂ, ਰਾਜਿਆਂ ਦੇ ਪਾਤਸ਼ਾਹ ਅਤੇ ਸੰਤਾਂ ਦੇ ਸੰਤ ਹੁੰਦੇ ਹਨ, ਅਜਿਹੇ ਗੁਰੂ ਦੀ ਨਿੰਦਿਆ ਕਰਕੇ ਕਿਉਂ ਪਾਪਾਂ ਦੇ ਭਾਗੀ ਬਣਦੇ ਹੋ”
ਫਕੀਰ ਨੇ ਜਵਾਬ ਦਿੱਤਾ, ‘ਮੈਂ ਅਜਿਹਾ ਕਿਉਂ ਨਾ ਕਰਾਂ? ਉਸਨੇ ਮੈਨੂੰ ਕਦੇ ਭਿੱਖਿਆ ਨਹੀਂ ਦਿੱਤੀ। ਤੁਸੀਂ ਜੋ ਹਾਰ ਪਹਿਨਦੇ ਹੋ ਉਹ ਮੈਨੂੰ ਦੇ ਦਿਓ। ਇਸ ‘ਤੇ ਭਾਈ ਜੇਠਾ ਜੀ ਨੇ ਆਪਣਾ ਗਲ ਵਾਲਾ ਹਾਰ ਲਾਹ ਕੇ ਫ਼ਕੀਰ ਦੇ ਗਲ ਵਿੱਚ ਪਾ ਦਿੱਤਾ। ਇਸ ਤੋਂ ਬਾਅਦ ਉਹ ਉੱਚੀ ਆਵਾਜ਼ ਵਿਚ ਗੁਰੂ ਜੀ ਦੇ ਗੁਣ ਗਾਉਣ ਲੱਗਾ, ‘ਤੁਸੀਂ ਰਾਜਾ ਕਰਨ, ਰਾਜਾ ਵਿਕਰਮਾਦਿਤ, ਰਾਜਾ ਹਰੀਸ਼ਚੰਦਰ ਤੋਂ ਵੀ ਵੱਧ ਵੱਡੇ ਦਿਲ ਵਾਲੇ ਹੋ।’
ਜਦੋਂ ਸ਼ਾਮ ਨੂੰ ਸਿੱਖਾਂ ਨਾਲ ਗੁਰੂ ਜੀ ਨਦੀ ਤੋਂ ਵਾਪਸ ਪਰਤ ਆਏ ਅਤੇ ਜਦੋਂ ਗੁਰੂ ਅਮਰਦਾਸ ਜੀ ਮਹਾਰਾਜ ਅਜੇ ਦੂਰ ਹੀ ਸਨ ਤਾਂ ਫਕੀਰ ਨੇ ਉਨ੍ਹਾਂ ਦੀ ਹੋਰ ਤਾਰੀਫ ਕਰਨੀ ਅਤੇ ਅਸ਼ੀਰਵਾਦ ਦੇਣਾ ਸ਼ੁਰੂ ਕਰ ਦਿੱਤਾ, ‘ਤੁਸੀਂ ਦੁਨੀਆ ਨੂੰ ਬਚਾਉਂਦੇ ਹੋ, ਤੁਹਾਡੇ ਪੁੱਤਰ ਅਤੇ ਪੋਤੇ ਖੁਸ਼ਹਾਲ ਹੋਣ!’
ਇਹ ਵੀ ਪੜ੍ਹੋ : ਅਸੂਲਵਾਨ ਸਿੱਖ ਹਰੀ ਸਿੰਘ ਨਲੂਆ- ਇਸ ਤਰ੍ਹਾਂ ਪੂਰੀ ਕੀਤੀ ਬੇਗਮ ਬਾਨੋ ਦੀ ਅਨੋਖੀ ਮੰਗ
ਗੁਰੂ ਜੀ ਨੇ ਇਹ ਸੁਣਦਿਆਂ ਹੀ ਕਿਹਾ ਕਿ ਕਿਸੇ ਨਾ ਕਿਸੇ ਨੇ ਇਸ ਫਕੀਰ ਨੂੰ ਕੁਝ ਵੱਡਾ ਦਿੱਤਾ ਹੈ, ਨਹੀਂ ਤਾਂ ਉਹ ਇੰਨੀ ਜਲਦੀ ਆਪਣੀ ਧੁਨ ਅਤੇ ਭਾਸ਼ਾ ਨਹੀਂ ਬਦਲ ਸਕਦਾ ਸੀ। ਪੁੱਛਣ ‘ਤੇ ਭਾਈ ਜੇਠਾ ਨੇ ਇਹ ਮੰਨਿਆ, ‘ਹੇ ਗੁਰੂ ਜੀ, ਮੈਂ ਫਕੀਰਾਂ ਨੂੰ ਆਪਣੇ ਗਲੇ ਵਾਲਾ ਹਾਰ ਦਿੱਤਾ ਹੈ। ਤੁਸੀਂ ਮੈਨੂੰ ਅਕਾਲ ਪੁਰਖ ਦਾ ਨਾਂ ਕੀਮਤੀ ਹਾਰ ਵਜੋਂ ਦਿੱਤਾ ਹੋਇਆ ਹੈ, ਮੈਂ ਉਸ ਨੂੰ ਹਰ ਵੇਲੇ ਨਾਲ ਰਖਦਾ ਹਾਂ। ਇਹ ਤਾਂ ਨਾਸ਼ਵਾਨ ਹਾਰ ਸੀ, ਇਹ ਮੈਂ ਤੁਹਾਡੇ ਨਾਂ ‘ਤੇ ਫਕੀਰ ਨੂੰ ਦੇ ਦਿੱਤਾ।” ਗੁਰੂ ਜੀ ਭਾਈ ਜੇਠਾ ਦੀ ਗੱਲ ਸੁਣਦਿਆਂ ਪ੍ਰਸੰਨ ਹੋਏ ਅਤੇ ਭਾਈ ਜੇਠਾ ਨੂੰ ਅਸੀਸ ਦਿੱਤੀ।