ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਨਿਤ ਨੇਮ ਮੁਤਾਬਕ ਇੱਕ ਦਿਨ ਅਮ੍ਰਿਤ ਵੇਲੇ ਆਪਣੇ ਸੇਵਕਾਂ ਦੇ ਨਾਲ ਰਾਵੀ ਨਦੀ ਵਿੱਚ ਇਸ਼ਨਾਨ ਕਰ ਰਹੇ ਸਨ ਤਾਂ ਭਾਈ ਲਹਿਣਾ ਜੀ ਉਨ੍ਹਾਂ ਦੇ ਕੱਪੜਿਆਂ ਦੇ ਕੋਲ ਉਡੀਕ ਕਰ ਰਹੇ ਸਨ।
ਉਦੋਂ ਅਚਾਨਕ ਹੀ ਕਾਲੀਆਂ ਘਟਾਵਾਂ ਛਾ ਗਈਆਂ ਅਤੇ ਗੜੇ ਪੈਣ ਲੱਗੇ। ਹੋਰ ਸੇਵਕਾਂ ਨੇ ਤੂਫਾਨ ਆਉਂਦਾ ਵੇਖ ਕੇ ਰੁੱਖਾਂ ਦੀ ਆੜ ਲੈ ਲਈ ਪਰ ਭਾਈ ਲਹਿਣਾ ਜੀ ਨੇ ਗੁਰੂ ਜੀ ਦੇ ਕੱਪੜੇ ਇੱਕਠੇ ਕਰਕੇ ਆਪਣੇ ਛਾਤੀ ਵਾਲੇ ਪਾਸੇ ਨੂੰ ਚਿਪਕਾ ਲਏ ਅਤੇ ਉਨ੍ਹਾਂ ਓੱਤੇ ਉਲਟੇ ਹੋ ਕੇ ਬੈਠ ਗਏ, ਤਾਂਜੋ ਗੁਰੂ ਸਾਹਿਬ ਦੇ ਕੱਪੜੇ ਭਿੱਜ ਨਾ ਜਾਣ।
ਗੜੇ ਖੂਬ ਪੈ ਰਹੇ ਸਨ ਜਿਸ ਨਾਲ ਠੰਡ ਵੀ ਬਹੁਤ ਵੱਧ ਗਈ ਸੀ। ਪਰ ਭਾਈ ਲਹਿਣਾ ਜੀ ਗੁਰੂ ਜੀ ਦੀ ਉਡੀਕ ਵਿੱਚ ਉੱਥੇ ਹੀ ਡਟੇ ਰਹੇ ਅਤੇ ਟੱਸ ਤੋਂ ਮਸ ਨਹੀਂ ਹੋਏ। ਇਸ ਦੌਰਾਨ ਭਾਈ ਜੀ ਨੂੰ ਠੰਡ ਦੇ ਕਾਰਨ ਬੇਹੋਸ਼ੀ ਛਾ ਗਈ। ਗੁਰੂ ਜੀ ਜਦੋਂ ਨਦੀ ਤੋਂ ਪਰਤੇ ਤਾਂ ਉਨ੍ਹਾਂ ਨੂੰ ਬਹੁਤ ਹੈਰਾਨੀ ਹੋਈ। ਉਨ੍ਹਾਂ ਨੇ ਹੋਰ ਸੇਵਕਾਂ ਨੂੰ ਸੱਦ ਕੇ ਭਾਈ ਲਹਿਣਾ ਜੀ ਨੂੰ ਘਰ ਪਹੁੰਚਾਇਆ ਅਤੇ ਉਨ੍ਹਾਂ ਦਾ ਇਲਾਜ ਕਰਵਾਉਣ ਲੱਗੇ।
ਇਹ ਵੀ ਪੜ੍ਹੋ : ਮਾਪਿਆਂ ਦੇ ਜੀਵਨ ‘ਚ ਕਰੋ ਸੱਚੀ ਸੇਵਾ, ਬਾਅਦ ‘ਚ ਤਾਂ ਲੋਕ ਵਿਖਾਵਾ- ਬਾਬਾ ਨਾਨਕ ਦਾ ਪਿਤਰ ਭੋਜ ‘ਤੇ ਵਪਾਰੀ ਨੂੰ ਉਪਦੇਸ਼
ਲਹਿਣਾ ਜੀ ਦੇ ਤੰਦੁਰੁਸਤ ਹੋਣ ‘ਤੇ ਗੁਰੂ ਜੀ ਨੇ ਉਨ੍ਹਾਂ ਨੂੰ ਪੁੱਛਿਆ: ‘‘ਪੁੱਤਰ ! ਆਪਣੇ ਸਾਥੀਆਂ ਵਾਂਗ ਤੂੰ ਰੁੱਖਾਂ ਦੀ ਆੜ ਕਿਉਂ ਨਹੀਂ ਲਈ?’’ ਇਸ ਦੇ ਜਵਾਬ ਵਿੱਚ ਭਾਈ ਲਹਿਣਾ ਜੀ ਕਹਿਣ ਲੱਗੇ ‘‘ਮੈਂ ਤੁਹਾਨੂੰ ਉੱਥੇ ਛੱਡ ਕੇ ਕਿਵੇਂ ਜਾ ਸਕਦਾ ਸੀ ਫਿਰ ਤੁਹਾਡੇ ਕੱਪੜੇ ਵੀ ਤਾਂ ਭਿੱਜ ਜਾਂਦੇ। ’’ ਇਸ ਜਵਾਬ ਨੂੰ ਸੁਣਕੇ ਗੁਰੂ ਜੀ ਖੁਸ਼ ਹੋ ਗਏ।