Bhai Suthra Ji expressing: ਦਸਵੇਂ ਪਾਤਸ਼ਾਹ ਜੀ ਨੇ ਸਿੰਘਾਂ ਨੂੰ ਹੁਕਮ ਦਿੱਤਾ ਕਿ ਹੋਲੀ ਤੇ ਸਾਰੇ ਸਿੰਘ ਪੰਜ ਪੰਜ ਸ਼ਸਤਰ ਲੈ ਕੇ ਅਨੰਦਪੁਰ ਸਾਹਿਬ ਪਹੁੰਚੋ। 1701 ਦੀ ਹੋਲੀ ਤੋਂ ਅਗਲੇ ਦਿਨ ਸਾਰੀ ਫੌਜ ਹੋਲਾ ਖੇਡਿਆ। ਭਾਈ ਨੰਦ ਲਾਲ ਜੀ ਨੇ ਉਸ ਦਿਨ ਦਾ ਚਿੱਤਰ ਖਿੱਚਦਿਆਂ ਕਿਹਾ ਕਿ ਦੁਨੀਆ ਚ ਅੱਜ ਜੋ ਬਸੰਤ ਦੇ ਮੌਸਮ ਦੀ ਹੌਲੀ ਆਈ ਹੈ ਉਹ ਗੁਰੂ ਜੀ ਦੇ ਬੁੱਲਾਂ ਦੀ ਮੁਸਕਾਨ ਨਾਲ ਹੈ। ਜੋ ਗੁਰੂ ਜੀ ਨੇ ਗੁਲਾਲ ਉਡਾਇਆ ਹੈ ਉਸ ਨਾਲ ਸਾਰੇ ਪਾਸੇ ਹਰਿਆਲੀ ਅਤੇ ਭਿੰਨ ਭਿੰਨ ਰੰਗ ਦੇ ਫੁੱਲ ਖਿਲ ਗਏ ਹਨ।
ਮਹਾਰਾਜ ਜੀ ਦਾ ਦਰਬਾਰ ਲੱਗਿਆ ਹੋਇਆ ਸੀ ਉਥੇ ਭਾਈ ਸੁਥਰਾ ਜੀ ਵੀ ਪਹੁੰਚੇ। ਉਹਨਾਂ ਨੇ ਆਪਣੇ ਮੂੰਹ ਅਤੇ ਸਰੀਰ ਤੇ ਕਾਲਾ ਰੰਗ ਲਗਾਇਆ ਹੋਇਆ ਸੀ। ਉਹਨਾਂ ਨੇ ਜੋੜਿਆ ਕੋਲ ਬਾਹਰ ਹੀ ਨਮਸਕਾਰ ਕੀਤੀ ਅਤੇ ਪੰਡਾਲ ਦੇ ਦੁਆਲੇ ਪ੍ਰਕਰਮਾ ਕਰਨੀ ਸ਼ੁਰੂ ਕਰ ਦਿੱਤੀ। ਸਿੰਘਾਂ ਨੇ ਮਹਾਰਾਜ ਜੀ ਨੂੰ ਦੱਸਿਆ ਕਿ ਸੁਥਰਾ ਜੀ ਕਾਲਾ ਰੰਗ ਲਗਾ ਕੇ ਆਏ ਹਨ। ਉਹਨਾਂ ਨੂੰ ਕੋਈ ਖੁਸ਼ੀ ਨਹੀਂ ਹੈ। ਮਹਾਰਾਜ ਜੀ ਨੇ ਭਾਈ ਸੁਥਰਾ ਜੀ ਨੂੰ ਬੁਲਵਾਇਆ ਅਤੇ ਕਾਲੇ ਰੰਗ ਦਾ ਕਾਰਣ ਪੁੱਛਿਆ। ਭਾਈ ਸੁਥਰਾ ਜੀ ਕਹਿਣ ਲੱਗੇ ਕਿ ਮਹਾਰਾਜ ਜੀ ਪਹਾੜੀ ਰਾਜਿਆਂ ਦੇ ਜਾਸੂਸ ਜਾਸੂਸੀ ਕਰਨ ਲਈ ਇੱਥੇ ਆਉਂਦੇ ਹਨ। ਤੁਸੀ ਤੇ ਤੁਹਾਡਾ ਖਾਲਸਾ ਬਹੁਤ ਸੋਹਣਾ ਲੱਗ ਰਿਹਾ ਹੈ। ਪਹਾੜੀਆਂ ਦੀ ਨਜ਼ਰ ਬਹੁਤ ਮਾੜੀ ਹੈ। ਉਹਨਾਂ ਦੀ ਨਜ਼ਰ ਤੁਹਾਨੂੰ ਅਤੇ ਤੁਹਾਡੇ ਖਾਲਸੇ ਨੂੰ ਨਾ ਲੱਗੇ ਇਸ ਲਈ ਮੈਂ ਕਾਲਾ ਰੰਗ ਲਗਾ ਕੇ ਨਜ਼ਰ ਬੱਟੂ ਬਣ ਕੇ ਆਇਆ ਹਾਂ। ਤਾਂ ਜੋ ਉਹਨਾਂ ਨੂੰ ਪਤਾ ਲੱਗੇ ਕਿ ਖਾਲਸੇ ਨੂੰ ਕਿਸੇ ਦੀ ਨਜ਼ਰ ਨਹੀਂ ਲੱਗ ਸਕਦੀ।