Explaining the meaning: ਜੇ ਕੋਈ ਪ੍ਰਮੇਸ਼ਰ ਜੀ ਕੇ ਮਿਲਣ ਦੀ ਚਰਚਾ ਕਰਦਾ ਤਾਂ ਗੁਰੂ ਨਾਨਕ ਜੀ ਬੜੇ ਖੁਸ਼ ਹੁੰਦੇ । ਤਾਂ ਪਿਤਾ ਕਾਲੂ ਗੁਰੂ ਨਾਨਕ ਜੀ ਦੀ ਚਾਲੀ ਦੇਖਕੇ ਬੜਾ ਚਿੱਤ ਵਿੱਚ ਚਿੰਤਾਵਾਨ ਰਹੇ । ਤਾਂ ਰਾਇ ਬੁਲਾਰ ਨੇ ਸੁਣਿਆ ਜੋ ਨਾਨਕ ਜੀ ਤਾਂ ਉਦਾਸ ਹੀ ਰਹਿੰਦੇ ਹਨ ਤੇ ਪੁੱਤਰ ਦੀ ਚਿੰਤਾ ਕਰਕੇ ਪਿਤਾ ਕਾਲੂ ਜੀ ਵੀ ਦੁੱਖੀ ਰਹਿੰਦੇ ਹਨ । ਰਾਇਨਬੁਲਾਰ ਨੇ ਕਾਲੂ ਜੀ ਨੂੰ ਆਪਣੇ ਕੋਲ ਬੁਲਾ ਕੇ ਆਖਿਆ ਹੇ ਕਾਲੂ ! ਤੂੰ ਚਿੰਤਾ ਨਾ ਕਰ ਤੂੰ ਪੁੱਤਰ ਨੂੰ ਮੁਲਾਂ ਦੇ ਪਾਸ ਫਾਰਸੀ ਪੜਨੇ ਪਾਓ । ਜੇ ਫਾਰਸੀ ਪੜੇਗਾ ਤਾਂ ਆਪੇ ਹੀ ਅਕਲਮੰਦ ਹੋ ਜਾਵੇਗਾ ਤੇ ਮੈੰ ਵੀ ਮੁਲਾਂ ਨੂੰ ਫੁਰਮਾਇਸ਼ ਪਾਵਾਂਗਾ । ਅਗਲੇ ਦਿਨ ਪਿਤਾ ਕਾਲੂ ਗੁਰੂ ਜੀ ਨੂੰ ਲੈ ਕੇ ਮੁੱਲਾਂ ਦੇ ਪਾਸ ਗਏ ਤੇ ਸਲਾਮ ਆਖਕੇ ਗੁਰੂ ਨਾਨਕ ਜੀ ਨੂੰ ਸੁਪਰਦ ਕਰ ਦਿੱਤਾ ਅਤੇ ਆਖਿਆ ਮੇਰੇ ਪੁੱਤਰ ਨੂੰ ਆਪ ਫਾਰਸੀ ਇਲਮ ਪੜਾਓ ਤਾਂ ਮੇਰੇ ਤੇ ਆਪ ਦੀ ਮਿਹਰਬਾਨੀ ਹੋਵੇਗੀ। ਤਾਂ ਮੁੱਲਾਂ ਨੇ ਆਖਿਆ ਕਾਲੂ ਮਹਿਤਾ ਮੈਂ ਆਪ ਦਾ ਬੇਟਾ ਜਾਣਕੇ ਤੇਰੇ ਪੁੱਤਰ ਨੂੰ ਪੜਾਵਾਂਗਾ। ਪਿਤਾ ਕਾਲੂ ਜੀ ਨੇ ਇਕ ਰੁਪਿਆ ਨਜ਼ਰ ਰੱਖਿਆ ਤੇ ਮੁੱਲਾਂ ਨੇ ਤਖਤੀ ਗੁਰੂ ਜੀ ਨੂੰ ਦਿੱਤੀ ਤੇ ਅਲਫ ਤੋਂ ਯੇ ਤੱਕ ਹਰਫ ਫਾਰਸੀ ਦੇ ਲਿਖ ਦਿੱਤੇ ਤੇ ਪੜਾਣ ਲੱਗਾ।
ਗੁਰੂ ਨਾਨਕ ਦੇਵ ਜੀ ਅੰਤਰਜਾਮੀ ਜਿਹਨਾਂ ਦੇ ਹਿਰਦੇ ਵਿੱਚ ਚਾਰੋਂ ਬੇਦ ਔਰ ਸਭ ਕਤੇਬਾਂ ਕੁਰਾਨ ਤੱਕ ਆਦਿ ਲੈ ਕੇ ਉਤਪਤ ਹੋਰੇ ਹਨ ਸੋ ਚੁੱਪ ਕਰਕੇ ਬੈਠੇ ਰਹੇ । ਤਖਤੀ ਤੇ ਕਾਇਦਾ ਲੈ ਕੇ ਆਪਣੇ ਅੱਗੇ ਰੱਖ ਦਿੱਤਾ। ਜਦੋਂ ਮੁੱਲਾਂ ਦਾ ਧਿਆਨ ਉਸ ਪਾਸੇ ਹੋਇਆ ਤਾਂ ਹੋਰ ਲੜਕੇ ਆਪੋ ਆਪਣੇ ਮਸਲੇ ਕਿਤਾਬਾਂ ਪੜਦੇ ਹਨ ।ਤਾਂ ਗੁਰੂ ਨਾਨਕ ਦੇਵ ਜੀ ਪ੍ਰਮੇਸ਼ਰ ਦੇ ਧਿਆਨ ਵਿੱਚ ਚੁੱਪ ਕਰਕੇ ਬੈਠੇ ਹੋਏ ਹਨ ਤਾਂ ਮੁੱਲਾਂ ਨੇ ਆਖਿਆ ਅਰੇ ਨਾਨਕ ਤੂੰ ਤਖਤੀ ਕਿਉਂ ਨਹੀਂ ਪੜਦਾ । ਸਬਕ ਯਾਦ ਕਰਕੇ ਕਿਆ ਸੁਣਾਵੇਂਗਾ? ਤਾਂ ਗੁਰੂ ਜੀ ਬੋਲੇ ਹੇ ਮੁੱਲਾਂ ਜੀ ਮੈਂ ਕੀ ਪੜਾਂ ਮੈਨੂੰ ਤੁਸੀਂ ਕੀ ਪੜਾਉਂਦੇ ਹੋ ? ਤਾਂ ਮੁੱਲਾਂ ਨੇ ਕਿਹਾ ਤੈਨੂੰ ਅਲਫ ਤੋਂ ਯੇ ਤਕ ਸਾਰੇ ਹਰਫ ਲਿਖ ਦਿੱਤੇ ਹਨ । ਤੂੰ ਪੜ ਫਿਰ ਹੋਰ ਕਿਤਾਬ ਪੜਾਂਵਾਂਗਾ । ਗੁਰੂ ਜੀ ਨੇ ਆਖਿਆ ਮੁੱਲਾਂ ਜੀ ਇਹ ਹਰਫ ਕਿਸ ਕੰਮ ਆਵਣਗੇ ਤਾਂ ਮੁਲਾਂ ਨੇ ਕਿਹਾ ਨਾਨਕ ਇਹ ਪੜ੍ਹਿਆਂ ਅਕਲ ਆਉਂਦੀ ਹੈ। ਤਾਂ ਗੁਰੂ ਨਾਨਕ ਜੀ ਨੇ ਉਸੀ ਅਲਫ ਤੋਂ ਯੇ ਤਕ ਜੋ ਹਰਫ ਹਨ ਸਭ ਕੇ ਖੁਦਾ ਪ੍ਰਸਤੀ ਦੇ ਮਾਇਨੇ (ਅਰਥ) ਕਰਕੇ ਸੁਣਾਏ ਤਾਂ ਮੁੱਲਾਂ ਦੀ ਨਿਸ਼ਾ ਹੋਈ । ਮੁੱਲਾਂ ਆਖਿਆ ਤੂੰ ਸਭ ਕੁਛ ਆਪ ਪੜਿਆ ਹੈਂ ਤੈਨੂੰ ਕੀ ਪੜ੍ਹਾਉਣਾ ਹੈ ਤੂੰ ਕੁਲ ਦੁਨੀਆ ਨੂੰ ਪੜਾਵੇਂਗਾ ।