Going to Talwandi: ਰਾਤ ਗੁਜਰੀ ਭਲਕ ਹੋਇਆ ਤਾਂ ਗੁਰੂ ਗੁਰੂ ਅੰਗਦ ਦੇਵ ਜੀ ਸੁਰਤ ਵਿੱਚ ਆਏ। ਗੁਰੂ ਜੀ ਨੇ ਫਿਰ ਸਵੇਰੇ ਭਾਈ ਬਾਲਾ ਜੀ ਨੂੰ ਸੱਦਿਆ । ਭਾਈ ਬਾਲਾ ਜੀ ਨੇ ਆ ਕੇ ਮੱਥਾ ਟੇਕਿਆ ਤਾਂ ਗੁਰੂ ਅੰਗਦ ਦੇਵ ਜੀ ਉਠੇ ਭਾਈ ਬਾਲਾ ਨੂੰ ਗਲਵੱਕੜੀ ਵਿੱਚ ਲਿਆ ਤੇ ਬੈਠ ਗਏ। ਗੁਰੂ ਜੀ ਪੁਛਿਆ ਭਾਈ ਤੈਨੂੰ ਕੁਝ ਪਤਾ ਹੈ ਕਿ ਗੁਰੂ ਜੀ ਨੇ ਕਿਸ ਦਿਨ ਜਨਮ ਲਿਆ ? ਭਾਈ ਬਾਲਾ ਜੀ ਬੋਲੇ ਕਿ ਮੈਨੂੰ ਇਹ ਤਾਂ ਮਾਲੂਮ ਨਹੀਂ ਪਰ ਮੈਂ ਸੁਣਿਆ ਹੈ ਕਿ ਕੱਤਕ ਦੀ ਪੂਰਨਮਾਸ਼ੀ ਨੂੰ ਜਨਮ ਹੋਇਆ ਹੈ । ਮਹਿਤਾ ਕਾਲੂ ਜੀ ਨੇ ਪੰਡਿਤ ਹਰਿਦਿਆਲ ਜੀ ਤੋਂ ਜਨਮ ਪਤਰੀ ਬਣਵਾਈ ਹੈ। ਉਹਨਾਂ ਕਿਹਾ ਕਿ ਸ਼ੁਭ ਮਹੂਰਤ ਅਤੇ ਸਤਾਈ ਨਛੱਤ੍ਰੀ ਨਾਲ ਕਾਲੂ ਜੀ ਦੇ ਘਰ ਕੋਈ ਵੱਡਾ ਅਵਤਾਰੀ ਪੁਰਸ਼ ਹੈ। ਗੁਰੂ ਜੀ ਨੇ ਕਿਹਾ ਭਾਈ ਬਾਲਾ ਜਨਮਪਤਰੀ ਦੇ ਵੀ ਦਰਸ਼ਨ ਕਰਵਾਉ। ਭਾਈ ਬਾਲਾ ਕਿਹਾ ਕਿ ਗੁਰੂ ਜੀ ਖੋਜ ਕੀਤਿਆਂ ਲੱਭ ਕੇ ਦਰਸ਼ਨ ਹੋ ਸਕਦੇ ਹਨ। ਗੁਰੂ ਜੀ ਕਿਹਾ ਕਿ ਤੁਸੀਂ ਉਥੋਂ ਦੇ ਵਸਨੀਕ ਹੋ ਤੁਸੀ ਪਤਾ ਕਰੋ । ਭਾਈ ਬਾਲਾ ਕਿਹਾ ਕਿ ਮਹਿਤਾ ਕਾਲੂ ਜੀ ਤਾਂ ਚਲਾਣਾ ਕਰ ਗਏ ਹਨ ਉਹਨਾਂ ਦਾ ਭਰਾ ਲਾਲੂ ਹੈ ਉਸ ਪਾਸੋਂ ਪਤਾ ਕੀਤਾ ਜਾ ਸਕਦਾ ਹੈ।
ਭਾਈ ਬਾਲਾ ਜੀ ਨਾਲ ਗੁਰੂ ਜੀ ਵੱਲੋਂ ਭੇਜਿਆ ਲਾਲਾ ਪੁਨੂੰ ਇਕ ਸਿੱਖ ਵੀ ਤਲਵੰਡੀ ਪਹੁੰਚਿਆ । ਲਾਲੂ ਜੀ ਨੂੰ ਜਾ ਕੇ ਬੇਨਤੀ ਕੀਤੀ ਕਿ ਗੁਰੂ ਨਾਨਕ ਜੀ ਦੀ ਥਾਂ ਗੁਰੂ ਅੰਗਦ ਜੀ ਵਿਰਾਜਮਾਨ ਹਨ । ਦੋਹਾਂ ਵਿੱਚ ਕੋਈ ਭੇਦ ਨਹੀਂ ਹੈ। ਗੁਰੂ ਅੰਗਦ ਦੇਵ ਜੀ ਨੇ ਮੈਨੂੰ ਗੁਰੂ ਨਾਨਕ ਦੇਵ ਜੀ ਦੀ ਜਨਮਪੱਤਰੀ ਲੈਣ ਲਈ ਤੁਹਾਡੇ ਕੋਲ ਭੇਜਿਆ ਹੈ। ਆਪ ਕਿਰਪਾ ਕਰੋ ਸਾਨੂੰ ਜਨਮਪੱਤਰੀ ਦੇ ਦਰਸ਼ਨ ਕਰਵਾਓ ਅਤੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਤਾਂ ਭਾਈ ਲਾਲੂ ਆਖਿਆ ਕਿ ਬਾਲਾ ਤੂੰ ਨਾਨਕ ਜੀ ਦਾ ਮਿਤਰ ਹੈਂ ਸੱਚ ਆਖ ਹੁਣ ਗੁਰੂ ਅੰਗਦ ਗੁਰੂ ਕਿ ਗੁਰੂ ਸ੍ਰੀਚੰਦ ਹੋਇਆ ? ਤੂੰ ਤਾਂ ਹੋਰ ਹੀ ਸੁਣਾਇਆ। ਭਾਈ ਬਾਲੇ ਆਖਿਆ ਭਾਈ ਗੁਰੂ ਅੰਗਦ ਦੇਵ ਜੀ ਹੋਏ। ਜਿਹਨਾਂ ਅੱਗੇ ਗੁਰੂ ਨਾਨਕ ਜੀ ਨੇ ਪੰਜ ਪੈਸੇ ਤੇ ਨਾਰੀਅਲ ਰੱਖ ਕਰ ਮੱਥਾ ਟੇਕਿਆ ਉਹਨਾਂ ਨਾਲ ਮੁਕਾਬਲਾ ਕੀ ਪਰ ਸ੍ਰੀ ਚੰਦ ਜੀ ਗੁਰੂ ਪੁੱਤਰ ਕਰਕੇ ਪੂਜਨੀਕ ਹਨ । ਭਾਈ ਲਾਲੂ ਕਿਹਾ ਕਿ ਵੱਡਾ ਭਾਈ ਕਾਲੂ ਅਤੇ ਮਾਤਾ ਤਿ੍ਪਤਾ ਤਾਂ ਚਲ ਬਸੇ ਹਨ। ਘਰ ਵਿੱਚ ਬਹੁਤ ਕਾਗਜਾਤ ਹਨ ਸੋ ਪੱਤਰੀ ਲੱਭਣੀ ਪਵੇਗੀ । ਭਾਈ ਬਾਲਾ , ਭਾਈ ਲਾਲੂ ਅਤੇ ਭਾਈ ਲਾਲਾ ਪੁਨੂੰ ਪੱਤਰੀ ਲੱਭਣ ਲੱਗੇ । ਲੱਭਦੇ ਲੱਭਦੇ ਪੰਜਵੇਂ ਦਿਨ ਪੱਤਰੀ ਲੱਭੀ । ਤਾਂ ਪੱਤਰੀ ਭਾਈ ਲਾਲੇ ਪੁਨੂੰ ਨੂੰ ਦਿੱਤੀ ਪਰ ਉਹਨਾਂ ਨੇ ਭਾਈ ਬਾਲੇ ਨੂੰ ਨਾਲ ਚੱਲਣ ਲਈ ਕਿਹਾ । ਭਾਈ ਲਾਲੂ ਕਿਹਾ ਕਿ ਤੁਸੀਂ ਮੇਰੀ ਭੇਟ ਵੀ ਲੈ ਜਾਓ ਤਾਂ ਉਹਨਾਂ ਨੇ ਪੰਜ ਪੈਸੇ ਅਤੇ ਨਾਰੀਅਲ ਦਿੱਤੇ ਮੱਥਾ ਟੇਕਣ ਲਈ ਅਤੇ ਕਿਹਾ ਕਿ ਸ੍ਰੀ ਚੰਦ ਹੋਂਰੀ ਕੁਝ ਬੋਲਣ ਤਾਂ ਧੀਰਜ ਰੱਖਣਾ । ਤਾਂ ਭਾਈ ਬਾਲੇ ਆਖਿਆ ਗੁਰੂ ਜੀ ਬਹੁਤ ਸ਼ਾਂਤ ਰੂਪ ਹਨ । ਇਹ ਕਹਿ ਕੇ ਭਾਈ ਬਾਲਾ ਜੀ ਅਤੇ ਭਾਈ ਲਾਲਾ ਪੁਨੂੰ ਖਡੂਰ ਵੱਲ ਚੱਲ ਪਏ।