Gurdwara Chota Damdama Sahib: ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਗੜ੍ਹੀ ਦੀ ਜੰਗ ਤੋਂ ਬਾਅਦ ਮਾਛੀਵਾੜੇ ਦੇ ਜੰਗਲਾਂ ‘ਚੋਂ ਹੁੰਦੇ ਹੋਏ, ਉੱਚ ਦੇ ਪੀਰ ਬਣ ਕੇ ਆਲਮਗੀਰ, ਲੱਲੀ, ਕਟਾਣੀ, ਕਨੇਚ, ਮੋਹੀ ਆਦਿ ਪਿੰਡਾਂ ‘ਚ ਹੁੰਦੇ ਹੋਏ ਪਿੰਡ ਹੇਰਾਂ ਪਹੁੰਚੇ। ਹੇਰਾਂ ਡੇਰੇ ਦੇ ਮਹੰਤ ਕ੍ਰਿਪਾਲ ਦਾਸ ਨੇ ਗੁਰੂ ਜੀ ਨੂੰ ਡੇਰੇ ‘ਚ ਰੱਖਣ ਤੋਂ ਇਨਕਾਰ ਕਰ ਦਿੱਤਾ ਅਤੇ ਗੁਰੂ ਜੀ ਨੂੰ ਨੇੜਲੇ ਪਿੰਡ ਜਾਣ ਦੀ ਸਲਾਹ ਦਿੱਤੀ। ਫਿਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹੇਰਾਂ ਤੋਂ ਰਾਏਕੋਟ ਪੁੱਜੇ, ਉਸ ਦਿਨ 15 ਪੋਹ ਸੀ। ਨਗਰ ‘ਚ ਗੁਰੂ ਜੀ 21 ਦਿਨ ਬਿਰਾਜਮਾਨ ਰਹੇ। ਗੁਰੂ ਜੀ ਦੇ ਪਿੰਡ ਵਾਸੀਆਂ ਨੇ ਬਹੁਤ ਸੇਵਾ ਕੀਤੀ। ਜਦੋਂ ਰਾਏਕੋਟ ਦੇ ਨਵਾਬ ਰਾਏਕੱਲੇ ਨੂੰ ਗੁਰੂ ਜੀ ਦੇ ਨੇੜਲੇ ਪਿੰਡ ਲੰਮ ਜੱਟਪੁਰਾ ‘ਚ ਪਹੁੰਚਣ ਦਾ ਪਤਾ ਲੱਗਾ ਤਾਂ ਰਾਏਕੱਲਾ ਪਰਿਵਾਰ ਸਮੇਤ ਗੁਰੂ ਜੀ ਦੇ ਦਰਸ਼ਨਾਂ ਲਈ ਆਇਆ।
ਰਾਏਕੱਲੇ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਕੋਈ ਸੇਵਾ ਬਖਸ਼ੋ ਤਾਂ ਗੁਰੂ ਜੀ ਨੇ ਕਿਹਾ ਕਿ ਸਾਨੂੰ ਪਤਾ ਲੱਗਾ ਹੈ ਕਿ ਸਾਡੇ ਦੋ ਸਾਹਿਬਜ਼ਾਦੇ ਅਤੇ ਬਿਰਧ ਮਾਤਾ ਗੁਜਰੀ ਜੀ ਸਰਹਿੰਦ ਵਿਖੇ ਗ੍ਰਿਫਤਾਰ ਕੀਤੇ ਗਏ ਹਨ। ਸਾਨੂੰ ਉਨ੍ਹਾਂ ਦੀ ਖਬਰ ਮੰਗਵਾ ਕੇ ਦਿਓ ਤਾਂ ਰਾਏਕੱਲੇ ਨੇ ਆਪਣੇ ਨਿੱਜੀ ਨੌਕਰ ਨੂਰੇਮਾਹੀ ਨੂੰ ਖਬਰ ਲੈਣ ਲਈ ਭੇਜਿਆ। ਜਦੋਂ ਨੂਰਾ ਮਾਹੀ ਖਬਰ ਲੈ ਕੇ ਸਰਹਿੰਦ ਤੋਂ ਵਾਪਸ ਆਇਆ ਤਾਂ ਗੁਰੂ ਜੀ ਬੀਰ ਆਸਣ ਲਗਾਈ ਬੈਠੇ ਸਨ। ਨੂਰੇ ਮਾਹੀ ਨੇ ਭਰੇ ਮਨ ਨਾਲ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹੀਦੀ ਦੀ ਖਬਰ ਸੁਣਾਈ।
ਗੁਰੂ ਜੀ ਖਬਰ ਸੁਣ ਰਹੇ ਸਨ ਅਤੇ ਨਾਲ ਹੀ ਤੀਰ ਦੀ ਨੋਕ ਨਾਲ ਕਾਹੀ ਦਾ ਬੂਟਾ ਪੁੱਟ ਰਹੇ ਸਨ। ਖਬਰ ਸੁਣ ਕੇ ਗੁਰੂ ਜੀ ਨੇ ਕਾਹੀ ਦਾ ਬੂਟਾ ਪੁੱਟ ਕੇ ਵਚਨ ਕੀਤਾ ਕਿ ਹੁਣ ਤੁਰਕ ਰਾਜ ਦੀ ਜੜ੍ਹ ਪੁੱਟੀ ਗਈ ਹੈ ਤਾਂ ਰਾਏਕੱਲਾ ਗਲ ‘ਚ ਪੱਲੂ ਪਾ ਕੇ ਅਰਜ਼ ਕਰਨ ਲੱਗਾ ਕਿ ਗੁਰੂ ਜੀ ਮੈਂ ਵੀ ਤੁਰਕ ਜਾਤੀ ‘ਚੋਂ ਹਾਂ ਪਰ ਗੁਰੂ ਘਰ ਦਾ ਸੱਚਾ ਸ਼ਰਧਾਲੂ ਹਾਂ, ਮੈਨੂੰ ਅਤੇ ਮੇਰੇ ਪਰਿਵਾਰ ਨੂੰ ਬਖਸ਼ੋ। ਗੁਰੂ ਜੀ ਨੇ ਰਾਏਕੱਲੇ ਤੋਂ ਪ੍ਰਸੰਨ ਹੋ ਕੇ ਤਲਵਾਰ, ਰੈਹਲ ਅਤੇ ਗੰਗਾ ਸਾਗਰ ਦੀ ਬਖਸ਼ਿਸ਼ ਕੀਤੀ। ਖਾਨ ਮਾਲੇਰਕੋਟਲਾ ਨੂੰ ਹਾਅ ਦਾ ਨਾਅਰਾ ਮਾਰਨ ਬਦਲੇ ਗੁਰੂ ਜੀ ਨੇ ਗੱਦੀ ਸਦਾ ਕਾਇਮ ਰਹਿਣ ਦਾ ਵਰ ਦਿੱਤਾ। ਪਿੰਡ ਲੰਮਾ ਜੱਟਪੁਰਾ ਵਿਖੇ ਗੁਰੂ ਜੀ ਦੀ ਯਾਦ ‘ਚ ਦੋ ਗੁਰਦੁਆਰਾ ਸਾਹਿਬ ਸੁਸ਼ੋਭਿਤ ਹਨ। ਦਿਨ ਦੇ ਵਕਤ ਗੁਰੂ ਜੀ ਪਿੰਡ ਤੋਂ ਬਾਹਰ ਇਕ ਢਾਬ ਕਿਨਾਰੇ ਦੀਵਾਨ ਸਜਾਉਂਦੇ ਅਤੇ ਸੰਗਤਾਂ ਨੂੰ ਉਪਦੇਸ਼ ਦਿੰਦੇ ਸਨ, ਜਿਸ ਥਾਂ ਅੱਜਕਲ ਗੁਰਦੁਆਰਾ ਗੁਰੂਸਰ ਪੰਜੂਆਣਾ ਸਾਹਿਬ ਸੁਸ਼ੋਭਿਤ ਹੈ। ਢਾਬ ‘ਚ ਗੁਰੂ ਜੀ ਨੇ ਮਾਘੀ ਵਾਲੇ ਦਿਨ ਪੰਜ ਬੁੱਕ ਗਾਰ ਕੱਢ ਕੇ ਸਰੋਵਰ ਹੋਣ ਦਾ ਵਰ ਦਿੱਤਾ, ਜਿਥੇ ਅੱਜਕਲ ਸਰੋਵਰ ਪੰਜੂਆਣਾ ਸਾਹਿਬ ਬਣਿਆ ਹੋਇਆ ਹੈ ਅਤੇ ਇਸ ਦੇ ਨੇੜੇ ਹੀ ਗੁਰਦੁਆਰਾ ਛੋਟਾ ਦਮਦਮਾ ਸਾਹਿਬ ਸੁਸ਼ੋਭਿਤ ਹੈ।