ਗੁਰੂ ਹਰਿ ਰਾਇ ਸਾਹਿਬ ਦਾ ਹਿਰਦਾ ਅਤਿ ਦਰਜੇ ਦਾ ਕੋਮਲ ਸੀ। ਸਿੱਖ ਇਤਿਹਾਸ ਵਿਚ ਇਕ ਥਾਂ ਜ਼ਿਕਰ ਆਉਂਦਾ ਹੈ ਕਿ ਛੋਟੀ ਉਮਰੇ ਇੱਕ ਦਿਨ ਆਪ ਕਲੀਆਂ ਵਾਲਾ ਕੁੜਤਾ ਪਾ ਕੇ ਬਗੀਚੇ ਵਿਚ ਟਹਿਲ ਰਹੇ ਸਨ, ਕੁੜਤੇ ਦੇ ਛੂਹਣ ਨਾਲ ਕੁਝ ਫੁੱਲ ਟਾਹਣੀਆਂ ਨਾਲੋਂ ਕਿਰ ਗਏ। ਉਸ ਦਿਨ ਤੋਂ ਸਦਾ ਆਪਣੇ ਪਹਿਨੇ ਕੱਪੜਿਆਂ ਨੂੰ ਧਿਆਨ ਨਾਲ ਸਾਂਭ-ਸਿਕਰ ਕੇ ਹੀ ਬਗੀਚੇ ਵਿਚ ਫਿਰਦਾ ਕਰਦੇ ਸਨ ਤਾਂ ਕਿ ਕੋਈ ਕਲੀ ਡਿੱਗ ਨਾ ਪਏ।
ਜਿਸ ਹਿਰਦੇ ਵਿਚ ਫੁੱਲਾਂ ਵਾਸਤੇ ਇੰਨੀ ਕੋਮਲਤਾ ਸੀ, ਉਹ ਹਿਰਦਾ ਸੰਸਾਰ ਬਗੀਚੇ ਦੇ ਜੀਵਾਂ ਵਾਸਤੇ ਤਾਂ ਪਿਆਰ ਨਾਲ ਨੱਕਾ-ਨੱਕ ਭਰਪੂਰ ਸੀ। ਆਪ ਕਈ ਅਮੋਲਕ ਦੁਰਲੱਭ ਦਵਾਈਆਂ ਸਦਾ ਆਪਣੇ ਪਾਸ ਰੱਖਣ ਦਾ ਪ੍ਰਬੰਧ ਕਰੀ ਰੱਖਦੇ ਸਨ ਜਿਨ੍ਹਾਂ ਨਾਲ ਕਈ ਰੋਗੀਆਂ ਦੇ ਅਸਾਧ ਰੋਗ ਦੂਰ ਹੋ ਜਾਂਦੇ ਸਨ। ਸ਼ਾਹ ਜਹਾਂ ਦੇ ਵੱਡੇ ਪੁੱਤਰ ਦਾਰਾ ਸ਼ਿਕੋਹ ਨੂੰ ਵੀ ਜਦੋਂ ਖਾਣੇ ਵਿਚ ਸ਼ੇਰ ਦੀ ਮੁੱਛ ਦਾ ਵਾਲ ਖਵਾ ਦਿੱਤਾ ਗਿਆ ਸੀ ਤਾਂ ਉਸ ਦੇ ਅਜੀਰਣ ਰੋਗ ਲਈ ਦਵਾਈ ਗੁਰੂ ਹਰਿ ਰਾਏ ਸਾਹਿਬ ਪਾਸੋਂ ਹੀ ਮਿਲੀ ਸੀ। ਦਾਰਾ ਸ਼ਿਕੋਹ ਪਹਿਲਾਂ ਹੀ ਕੁਝ ਮਹਾਤਮਾ ਲੋਕਾਂ ਦੀ ਸੰਗਤ ਕਰਨ ਦੇ ਸੁਭਾਅ ਵਾਲਾ ਸੀ, ਸਰੀਰਕ ਰੋਗ ਦੂਰ ਹੋਣ ‘ਤੇ ਉਹ ਸਤਿਗੁਰੂ ਜੀ ਦਾ ਹੋਰ ਵੀ ਸ਼ਰਧਾਲੂ ਹੋ ਗਿਆ।
ਇੱਕ ਵਾਰੀ ਮਾਲਵੇ ਦੀ ਇੱਕ ਗਰੀਬ ਮਾਈ ਆਪਣੇ ਇਲਾਕੇ ਦੀ ਸੰਗਤ ਨਾਲ ਸਤਿਗੁਰੂ ਜੀ ਦੇ ਦਰਸ਼ਨ ਲਈ ਆਈ। ਮਾਈ ਗੁਰੂ ਹਰਿ ਰਾਏ ਸਾਹਿਬ ਵਾਸਤੇ ਖੱਦਰ ਦੀ ਇੱਕ ਚਾਦਰ ਲਿਆਈ ਅਤੇ ਉਨ੍ਹਾਂ ਨੂੰ ਛਕਾਉਣ ਵਾਸਤੇ ਘਰੋਂ ਰੋਟੀਆਂ ਵੀ ਪਕਾ ਲਿਆਈ ਪਰ ਗੁਰੂ ਦੇ ਦਰਬਾਰ ਦੀ ਮਹਿਮਾ ਦੇਖ ਕੇ ਮਾਈ ਆਪਣੀਆਂ ਗਰੀਬੀ ਦਾਅਵੇ ਦੀਆਂ ਉਹ ਭੇਟਾਵਾਂ ਪੇਸ਼ ਕਰਨ ਤੋਂ ਝੱਕ ਗਈ। ਸਗੋਂ ਦੀਵਾਨ ਤੋਂ ਦੁਰੇਡੀ ਹੀ ਖਲੋਤੀ ਰਹੀ ਅਤੇ ਦਿਲ ਵਿਚ ਅਰਾਧਨਾ ਕਰਦੀ ਰਹੀ ਕਿ ਮੇਰੀ ਗਰੀਬਣੀ ਦੀ ਰੋਟੀ ਤੇ ਚਾਦਰ ਕਬੂਲ ਕਰੋ। ਗੁਰੂ ਹਰਿ ਰਾਏ ਸਾਹਿਬ ਲੌਢੇ ਪਹਿਰ ਦੇ ਸੈਰ ਵੇਲੇ ਉਚੇਚੇ ਉਸ ਪਾਸੇ ਵੱਲ ਚੱਲ ਪਏ ਤੇ ਮਾਈ ਕੋਲ ਪਹੁੰਚ ਕੇ ਆਪ ਹੀ ਦੋਵੇਂ ਚੀਜ਼ਾਂ ਮੰਗ ਲਈਆਂ।
ਇਹ ਵੀ ਪੜ੍ਹੋ : ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਤੇ ਲਾਹੌਰ ਦਾ ਕਾਲ