ਵੀਹਵੀਂ ਸਦੀ ਵਿਚ ਪਾਵਨ ਇਤਿਹਾਸਿਕ ਗੁਰਧਾਮਾਂ ਨੂੰ ਆਚਰਣਹੀਣ ਮਹੰਤਾਂ ਦੇ ਕਬਜ਼ੇ ‘ਚੋਂ ਆਜ਼ਾਦ ਕਰਾਉਣ ਲਈ ਸਿੱਖ ਮੋਰਚਿਆਂ ਦਾ ਆਰੰਭ ਹੋਇਆ। ਅੰਗਰੇਜ਼ਾਂ ਨੇ ਆਪਣੀ ਸੱਤਾ ਨੂੰ ਕਾਇਮ ਰੱਖਣ ਲਈ ਗੁਰਦੁਆਰਿਆਂ ਨੂੰ ਢਾਅ ਲਾਉਣੀ ਸ਼ੁਰੂ ਕਰ ਦਿੱਤੀ ਸੀ। ਉਨ੍ਹਾਂ ਨੂੰ ਪਤਾ ਸੀ ਕਿ ਈਸਾਈ ਧਰਮ ਦਾ ਪ੍ਰਸਾਰ ਕਰਨ ਲਈ ਸਿੱਖਾਂ ਦੇ ਕੇਂਦਰੀ ਧੁਰੇ ਗੁਰਦੁਆਰਿਆਂ-ਗੁਰਧਾਮਾਂ ਦੀ ਮਰਯਾਦਾ ਨੂੰ ਖਤਮ ਕਰਨਾ ਜ਼ਰੂਰੀ ਹੈ।
ਇਸ ਲਈ ਉਨ੍ਹਾਂ ਨੇ ਮਹੰਤਾਂ ਨੂੰ ਆਪਣੇ ਨਾਲ ਰਲਾ ਲਿਆ। ਮਹੰਤ ਇੰਨੇ ਕੁ ਭ੍ਰਿਸ਼ਟ ਹੋ ਚੁੱਕੇ ਸਨ ਕਿ ਆਪਣੇ ਸੁਆਰਥ ਨੂੰ ਪੂਰਾ ਕਰਨ ਲਈ ਉਹ ਗੁਰਦੁਆਰਿਆਂ ਦੇ ਅੰਦਰ ਨਿੱਤ ਅੰਗਰੇਜ਼ ਰਾਜ ਦੀ ਸਥਾਪਤੀ ਦੀਆਂ ਅਰਦਾਸਾਂ ਕਰਦੇ ਸਨ। ਸਿੱਖੀ ਸਿਧਾਂਤਾਂ ਦੇ ਉਲਟ ਹਰ ਕੁਕਰਮ ਕੀਤਾ ਜਾ ਰਿਹਾ ਸੀ। ਇਹ ਸਭ ਕੁਝ ਸਿੱਖਾਂ ਲਈ ਬਰਦਾਸ਼ਤ ਕਰਨਾ ਬਹੁਤ ਔਖਾ ਸੀ। ਉਨ੍ਹਾਂ ਨੇ ਦੁਰਾਚਾਰੀ ਮਹੰਤਾਂ ਨੂੰ ਸਬਕ ਸਿਖਾਉਣ ਅਤੇ ਗੁਰਦੁਆਰਿਆਂ ਨੂੰ ਸੰਗਤੀ ਪ੍ਰਬੰਧ ਹੇਠ ਲਿਆਉਣ ਲਈ ਕਮਰਕੱਸਾ ਕਰ ਲਿਆ।
ਮੁੜ ਪੰਥਕ ਮਰਿਆਦਾ ਬਹਾਲ ਕਰਨ ਦੇ ਉਦੇਸ਼ ਨਾਲ ਚੱਲੀ ਗੁਰਦੁਆਰਾ ਸੁਧਾਰ ਲਹਿਰ ਦੌਰਾਨ ਵਾਪਰੇ ਗੁਰੂ ਕਾ ਬਾਗ ਦੇ ਮੋਰਚੇ ਦੀ ਵੀ ਕੁਝ ਅਜਿਹੀ ਹੀ ਦਾਸਤਾਨ ਹੈ। ਗੁਰੂ ਕੇ ਬਾਗ ਦਾ ਮੋਰਚਾ ਅਕਾਲੀ ਲਹਿਰ ਦਾ ਮਹੱਤਵਪੂਰਨ ਮੋਰਚਾ ਸੀ। ਇਸ ਤੋਂ ਪਹਿਲਾਂ ਚਾਬੀਆਂ ਦਾ ਮੋਰਚਾ, ਨਨਕਾਣਾ ਸਾਹਿਬ ਦਾ ਮੋਰਚਾ, ਤਰਨਤਾਰਨ ਦੇ ਮੋਰਚੇ ਫ਼ਤਹਿ ਕਰ ਲਏ ਸਨ। ਅੰਮ੍ਰਿਤਸਰ ਤੋਂ 13 ਕੁ ਮੀਲ ਦੂਰ ਇਕ ਇਤਿਹਾਸਿਕ ਗੁਰਦੁਆਰਾ ਗੁਰੂ ਕਾ ਬਾਗ ਹੈ, ਜਿਥੇ ਪੰਜਵੇਂ ਅਤੇ ਨੌਵੇਂ ਗੁਰੂ ਸਾਹਿਬ ਨੇ ਆਪਣੇ ਪਾਵਨ ਚਰਨ ਪਾਏ। ਇਥੋਂ ਦਾ ਮਹੰਤ ਸੁੰਦਰ ਦਾਸ ਬਹੁਤ ਹੀ ਘਟੀਆ ਆਚਰਣ ਦਾ ਮਾਲਕ ਸੀ ਪਰ ਸਰਕਾਰ ਦੀ ਸ਼ਹਿ ਹੋਣ ਕਰਕੇ ਸਿੱਖ ਕੌਮ ਨੂੰ ਮਜਬੂਰਨ ਕੌੜਾ ਘੁੱਟ ਪੀਣਾ ਪੈ ਰਿਹਾ ਸੀ। ਸ੍ਰੀ ਨਨਕਾਣਾ ਸਾਹਿਬ ਦਾ ਮਹੰਤ ਲਛਮਣ ਦਾਸ ਇਸ ਮਹੰਤ ਸੁੰਦਰ ਦਾਸ ਦਾ ਲੰਗੋਟੀਆ ਯਾਰ ਸੀ। ਇਸੇ ਕਰਕੇ 20 ਫਰਵਰੀ 1921 ਈ. ਨੂੰ ਵਾਪਰੇ ਸ੍ਰੀ ਨਨਕਾਣਾ ਸਾਹਿਬ ਦੇ ਖੂਨੀ ਸਾਕੇ ਬਾਅਦ ਇਕ ਸਾਕਾ ਹੋਰ ਵੀ ਸਿੰਘਾਂ ਦੇ ਸਾਹਮਣੇ ਆ ਗਿਆ। ਸਰਕਾਰ ਦੀ ਸ਼ਹਿ ‘ਤੇ 8 ਅਗਸਤ 1922 ਈ. ਨੂੰ ਗੁਰੂ ਕੇ ਲੰਗਰ ਲਈ ਖੇਤਾਂ ‘ਚੋਂ ਬਾਲਣ ਲਈ ਲੱਕੜਾਂ ਕੱਟਣ ਗਏ ਸਿੰਘਾਂ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ, ਜਿਨ੍ਹਾਂ ਨੂੰ ਅੰਮ੍ਰਿਤਸਰ ਦੀ ਅਦਾਲਤ ਵਿਚ ਪੇਸ਼ ਕਰਕੇ ਛੇ-ਛੇ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ।
ਜਿਸ ਜ਼ਮੀਨ ‘ਚੋਂ ਲੰਗਰ ਦੇ ਬਾਲਣ ਲਈ ਲੱਕੜਾਂ ਕੱਟੀਆਂ ਗਈਆਂ ਸਨ, ਉਹ ਵੀ ਗੁਰਦੁਆਰੇ ਦੀ ਮਲਕੀਅਤ ਸੀ, ਸੋ ਸਜ਼ਾ ਕਿਸ ਗੱਲ ਦੀ? ਇਸ ਮਸਲੇ ‘ਤੇ ਮੋਰਚਾ ਲੱਗ ਗਿਆ। ਸ਼੍ਰੋਮਣੀ ਕਮੇਟੀ ਵਲੋਂ ਰੋਜ਼ਾਨਾ ਪੰਜ-ਪੰਜ ਸਿੰਘਾਂ ਦਾ ਜਥਾ ਭੇਜਿਆ ਜਾਣ ਲੱਗਾ, ਜਿਸ ਨੂੰ ਪੁਲਸ ਫੜਦੀ ਅਤੇ ਦੂਰ-ਦੁਰਾਡੇ ਲਿਜਾ ਕੇ ਛੱਡ ਦਿੰਦੀ। ਇਧਰ ਜਥੇ ਦੇ ਸਿੰਘਾਂ ਦੀ ਗਿਣਤੀ ਵਧੀ ਤਾਂ ਓਧਰ ਪੁਲਸ ਮੁਖੀ ਬੀ.ਟੀ. ਨੇ ਉੱਚ ਅਫਸਰਾਂ ਨਾਲ ਰਾਇ ਕਰਕੇ ਸਿੰਘਾਂ ‘ਤੇ ਸਖਤੀ ਦਾ ਦੌਰ ਤੇਜ਼ ਕਰ ਦਿੱਤਾ। 26 ਅਗਸਤ ਨੂੰ ਲੱਕੜਾਂ ਲੈਣ ਲਈ ਗਏ 36 ਸਿੰਘਾਂ ਦੇ ਜਥੇ ਦੀ ਸਖਤ ਮਾਰ ਕੁਟਾਈ ਕੀਤੀ ਗਈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਵਿਚ ਹਾਜ਼ਰ ਸਿੰਘਾਂ ਨੂੰ ਕੇਸਾਂ ਤੋਂ ਫੜ ਕੇ ਧੂਹਿਆ ਗਿਆ ਅਤੇ ਬੰਦੂਕਾਂ ਦੇ ਬੱਟਾਂ ਤੇ ਡਾਂਗਾਂ ਨਾਲ ਭਾਰੀ ਕੁੱਟਮਾਰ ਕੀਤੀ ਗਈ। ਇਸੇ ਦਿਨ ਗੁਰੂ ਕੇ ਬਾਗ ਸੰਬੰਧੀ ਵਿਚਾਰ ਕਰਨ ਲਈ ਸ਼੍ਰੋਮਣੀ ਕਮੇਟੀ ਦੀ ਵਿਸ਼ੇਸ਼ ਇਕੱਤਰਤਾ ਅੰਮ੍ਰਿਤਸਰ ਵਿਖੇ ਹੋ ਰਹੀ ਸੀ ਤਾਂ ਮੁਖੀ ਲੀਡਰਾਂ ਦੇ ਵਾਰੰਟ ਜਾਰੀ ਹੋ ਗਏ, ਜਿਸ ‘ਤੇ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨਾਂ, ਸਕੱਤਰਾਂ ਆਦਿ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਜ-ਧਜ ਨਾਲ ਜਥੇ ਦੇ ਰੂਪ ਵਿਚ ਗ੍ਰਿਫ਼ਤਾਰੀ ਲਈ ਰਵਾਨਾ ਕੀਤਾ ਗਿਆ।
ਹੁਣ ਸਿੰਘ ਗ੍ਰਿਫਤਾਰੀਆਂ ਦੇਣ ਲਈ ਹੁੰਮ-ਹੁਮਾ ਕੇ ਸ੍ਰੀ ਅੰਮ੍ਰਿਤਸਰ ਪੁੱਜਣ ਲੱਗੇ। ਰੋਜ਼ਾਨਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੂਰਨ ਸ਼ਾਂਤਮਈ ਰਹਿਣ ਦਾ ਅਰਦਾਸਾ ਸੋਧ ਕੇ ਸਿੰਘਾਂ ਦਾ ਜਥਾ ਗੁਰੂ ਕੇ ਬਾਗ ਲਈ ਰਵਾਨਾ ਹੁੰਦਾ, ਜਿਸ ਦਾ ਪੁਲਸ ਦੀਆਂ ਲਾਠੀਆਂ ਨਾਲ ਸਵਾਗਤ ਕੀਤਾ ਜਾਂਦਾ। ਸਿੰਘ ਵਾਹਿਗੁਰੂ ਦਾ ਜਾਪ ਕਰਦੇ ਹੋਏ ਪੁਲਸ ਦੀਆਂ ਡਾਂਗਾਂ ਤਨ ‘ਤੇ ਹੰਢਾਉਂਦੇ। ਜੋ ਫੱਟੜ ਹੋ ਕੇ ਡਿੱਗ ਜਾਂਦੇ, ਹੌਸਲਾ ਕਰਕੇ ਉੱਠਦੇ ਅਤੇ ਮਾਰ ਖਾਣ ਲਈ ਮੁੜ ਛਾਤੀਆਂ ਤਾਣ ਦਿੰਦੇ। ਪੁਲਸ ਨੇ ਡਾਂਗਾਂ ਨਾਲ ਹੀ ਬਸ ਨਾ ਕੀਤੀ ਬਲਕਿ ਫੱਟੜ ਹੋ ਕੇ ਡਿੱਗੇ ਸਿੰਘਾਂ ਉਤੇ ਘੋੜੇ ਵੀ ਦੌੜਾਏ ਜਾਣ ਲੱਗੇ। ਦੇਸ਼ ਵਿਚ ਨਹੀਂ ਬਲਕਿ ਸਾਰੇ ਸੰਸਾਰ ਵਿਚ ਸਿੱਖਾਂ ਦੇ ਸਬਰ, ਸਿਦਕ ਤੇ ਸ਼ਾਂਤਮਈ ਰਹਿਣ ਅਤੇ ਅੰਗਰੇਜ਼ੀ ਸਰਕਾਰ ਦੇ ਜਬਰ ਤੇ ਵਹਿਸ਼ੀਆਨਾ ਤਸ਼ੱਦਦ ਦੇ ਚਰਚੇ ਛਿੜ ਪਏ।
ਮਨੁੱਖਤਾ ਨਾਲ ਹਮਦਰਦੀ ਰੱਖਣ ਵਾਲੇ ਵੱਖ-ਵੱਖ ਧਰਮਾਂ ਦੇ ਲੋਕ ਭਾਰੀ ਸੰਖਿਆ ਵਿਚ ਗੁਰੂ ਕੇ ਬਾਗ ਪੁੱਜਣ ਲੱਗੇ। ਇਨ੍ਹਾਂ ਵਿਚ ਅੰਗਰੇਜ਼ ਪਾਦਰੀ ਸੀ. ਐੱਫ. ਐਂਡਰੀਊਜ਼, ਪੰਡਤ ਮਦਨ ਮੋਹਨ ਮਾਲਵੀਆ, ਪ੍ਰੋ. ਰੁਚੀ ਰਾਮ ਸਹਾਨੀ, ਹਕੀਮ ਅਜਮਲ ਖਾਂ, ਸ਼੍ਰੀਮਤੀ ਸਰੋਜਨੀ ਨਾਇਡੂ ਖਾਸ ਵਰਣਨਯੋਗ ਹਨ। ਪਾਦਰੀ ਐਂਡਰੀਊਜ਼ ਜਿਸ ਨੇ ਤਵਾਰੀਖ ਵਿਚ ਇਕ ਹੀ ਮਸੀਹਾ ਸੂਲੀ ਚੜ੍ਹਦਾ ਸੁਣਿਆ, ਅੱਖਾਂ ਸਾਹਮਣੇ ਸੈਂਕੜੇ ਮਸੀਹੇ ਤਸੀਹੇ ਝੱਲਦੇ ਵੇਖ ਕੇ ਰੋ ਉਠਿਆ ਸੀ। ਉਸ ਨੇ ਪੰਜਾਬ ਦੇ ਗਵਰਨਰ ਸਰ ਮੈਕਲੈਗਨ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਇਹ ਕਹਿਰ ਬੰਦ ਕਰਨ ਲਈ ਜ਼ੋਰ ਪਾਇਆ ਜਿਸ ‘ਤੇ 13 ਸਤੰਬਰ ਨੂੰ ਮੈਕਲੈਗਨ ਖੁਦ ਗੁਰੂ ਕੇ ਬਾਗ ਪੁੱਜਾ ਜਿਸ ਦੇ ਫਲਸਰੂਪ ਸਿੰਘਾਂ ‘ਤੇ ਡਾਂਗਾਂ ਵਰ੍ਹਨੀਆਂ ਬੰਦ ਹੋ ਗਈਆਂ ਲੇਕਿਨ ਗ੍ਰਿਫ਼ਤਾਰੀਆਂ ਦਾ ਦੌਰ ਜਾਰੀ ਰਿਹਾ ਜੋ 17 ਨਵੰਬਰ 1922 ਤਕ ਚੱਲਿਆ।
ਇਹ ਵੀ ਪੜ੍ਹੋ : ਝੁਕਿਆਂ ਤਾਲਿਬਾਨ, ਅਫਗਾਨਿਸਤਾਨ ਦੇ ਗੁਰੂਦੁਆਰਾ ਸਾਹਿਬ ‘ਚ ਮੁੜ ਸਥਾਪਿਤ ਕੀਤਾ ਗਿਆ ਨਿਸ਼ਾਨ ਸਾਹਿਬ
ਇਸ ਮੋਰਚੇ ਦੌਰਾਨ 839 ਸਿੰਘ ਜ਼ਖਮੀ ਅਤੇ 5605 ਸਿੰਘ ਗ੍ਰਿਫ਼ਤਾਰ ਹੋਏ ਜਿਨ੍ਹਾਂ ਵਿਚ 35 ਸ਼੍ਰੋਮਣੀ ਕਮੇਟੀ ਮੈਂਬਰ ਅਤੇ 200 ਫੌਜੀ ਪੈਨਸ਼ਨੀਏ ਸਨ। ਇਸ ਮੋਰਚੇ ਨਾਲ ਗੁਰਦੁਆਰਾ ਸੁਧਾਰ ਲਹਿਰ ਨੂੰ ਬੜਾ ਬਲ ਮਿਲਿਆ ਅਤੇ ਸਿੰਘਾਂ ਦੇ ਸਿਦਕ, ਬਹਾਦਰੀ ਅਤੇ ਅਣਖ ਦੀਆਂ ਕਹਾਣੀਆਂ ਘਰ-ਘਰ ਹੋਣ ਲੱਗੀਆਂ। ਗੁਰੂ ਕੇ ਬਾਗ ਦੇ ਮੋਰਚੇ ਵਿਚ ਸ਼ਾਮਲ ਸਾਰੇ ਸੂਰਬੀਰਾਂ ਨੇ ਅੰਗਰੇਜ਼ ਸਰਕਾਰ ਦੀ ਪੁਲਸ ਦੇ ਜ਼ਾਲਮਾਨਾ ਤਸ਼ੱਦਦ ਨੂੰ ਸਹਿਣਸ਼ੀਲਤਾ ਹੱਠ ਅਤੇ ਤਿਆਗ ਦਾ ਸਬੂਤ ਦਿੰਦੇ ਹੋਏ ਆਪਣੇ ਤਨ ਉਪਰ ਜਰਿਆ। ਇਸ ਮੋਰਚੇ ਦੀ ਜਿੱਤ ਨਾਲ ਆਜ਼ਾਦੀ ਅੰਦੋਲਨ ਦਾ ਰਾਹ ਹੋਰ ਪੱਧਰਾ ਹੋ ਗਿਆ। ਸਿੱਖ ਇਤਿਹਾਸ ਦਾ ਇਹ ਮਹੱਤਵਪੂਰਨ ਕਾਲ ਸਿੱਖ ਕੌਮ ਦੇ ਵਾਰਸਾਂ ਲਈ ਹਮੇਸ਼ਾ ਲਈ ਚਾਨਣ ਮੁਨਾਰੇ ਦਾ ਕੰਮ ਕਰੇਗਾ। ਆਉਣ ਵਾਲੀਆਂ ਪੀੜ੍ਹੀਆਂ ਸਦਾ ਆਪਣੇ ਪੂਰਵਜਾਂ ਉਪਰ ਮਾਣ ਕਰਨਗੀਆਂ।