Guru Nanak Dev Ji: ਗੁਰੂ ਅੰਗਦ ਦੇਵ ਜੀ ਦੀਵਾਨ ਲਗਾ ਕਰ ਬੈਠੇ, ਬਾਬਾ ਬੁੱਢਾ ਜੀ ਅਤੇ ਸਿੱਖ ਬੈਠੇ ਸਨ। ਭਾਈ ਪੈੜਾ ਮੋਖਾ ਲਿਖਣ ਲੱਗਾ ਸੰਮਤ 1526 ਕੱਤਕ ਦੀ ਪੂਰਨਮਾਸ਼ੀ ਨੂੰ ਨਾਨਕ ਜੀ ਦਾ ਪ੍ਰਕਾਸ਼ ਇੱਕ ਘੜੀ ਉੱਤੇ ਅੱਧੀ ਰਾਤ ਬੀਤੀ ਉਸ ਸਮੇਂ ਅਨੁਰਾਧਾ ਨਛੱਤ੍ਰ ਸੀ, ਸ਼ੁੱਭ ਮਹੂਰਤ ਰਾਇ ਭੋਇ ਦੀ ਤਲਵੰਡੀ ਕਾਲੂ ਵੇਦੀ ਜੀ ਦੇ ਘਰ ਮਾਤਾ ਤਿ੍ਪਤਾ ਜੀ ਦੇ ਉਦਰ ਤੋਂ ਹੋਇਆ। ਪਿਤਾ ਕਾਲੂ ਜੀ ਨੂੰ ਖਬਰ ਹੋਈ ਤਾਂ ਤੜਕੇ ਵੇਲੇ ਹਰਿਦਿਆਲ ਪੰਡਿਤ ਜੋ ਕਿ ਉਹਨਾਂ ਦਾ ਕੁੱਲ ਗੁਰਦੇਵ ਸੀ ਕੋਲ ਗਏ ਅਤੇ ਮੱਥਾ ਟੇਕ ਕੇ ਕਿਹਾ ਕਿ ਬਾਲਕ ਦਾ ਜਨਮ ਹੋਰਿਆ ਹੈ ਆਪ ਆ ਕੇ ਜਨਮ ਪੱਤਰੀ ਲਿਖੋ। ਪੰਡਿਤ ਜੀ ਕਿਹਾ ਮੈਂ ਸੇਵਾ ਪੂਜਾ ਕਰਕੇ ਆਉਨਾ ਹਾਂ ।ਪੰਡਿਤ ਜੀ ਪੰਜ ਘੜੀਆਂ ਦਿਨ ਚੜੇ ਆਏ।
ਉਹਨਾਂ ਦੇ ਬੈਠਣ ਲਈ ਵਿਛਾਵਣੇ ਕਰ ਲਏ। ਪਾਂਧੇ ਬੈਠ ਕੇ ਕਾਗਤ ਕੇਸਰ ਮੰਗਵਾਇਆ ਤਾਂ ਕਾਲੂ ਜੀ ਕਾਗਤ ਕੇਸਰ ਤੇ ਥਾਲੀ ਵਿੱਚ ਚਾਵਲ ਗੁੜ ਲੈ ਆਏ। ਪੰਡਿਤ ਜੀ ਆਖਿਆ ਕਾਲੂ ਜੀ ਮੈਨੂੰ ਸ਼ਬਦ ਸੁਣਾਓ ਜੋ ਉਸ ਵੇਲੇ ਕਿਆ ਸ਼ਬਦ ਲੈ ਕਰ ਜਨਮਿਆ ਹੈ ਅਤੇ ਵਕਤ ਦੱਸੋ ਕਿਸ ਵਕਤ ਜਨਮ ਲਿਆ ਹੈ। ਤਾਂ ਕਾਲੂ ਜੀ ਆਖਿਆ ਜੋ ਜਨਮ ਦੀ ਮੈਨੂੰ ਖਬਰ ਹੈ ਕਿ ਇੱਕ ਘੜੀ ਤੇ ਦੋ ਪਹਿਰ ਰਾਤ ਬੀਤੀ ਤਦ ਜਨਮ ਲਿਆ ਹੈ ਅਤੇ ਸ਼ਬਦ ਦੀ ਮੈਨੂੰ ਖਬਰ ਨਹੀ , ਦੌਲਤਾਂ ਦਾਈ ਨੂੰ ਪਤਾ ਹੋਏਗਾ। ਦੌਲਤਾਂ ਦਾਈ ਨੂੰ ਬੁਲਾਇਆ ਗਿਆ ਤੇ ਪੁਛਿਆ ਗਿਆ। ਦੌਲਤਾਂ ਦਾਈ ਆਖਿਆ ਕਿ ਮੇਰੇ ਹੱਥਾਂ ਵਿੱਚ ਕਈ ਬਾਲਕ ਜਨਮੇ ਹਨ ਪਰ ਇਸ ਤਰਾਂ ਕੋਈ ਨਹੀ ਜਨਮਿਆ ਇਸ ਬਾਲਕ ਦੀ ਮੈਨੂੰ ਵੱਡੀ ਹੈਰਾਨੀ ਲੱਗ ਰਹੀ ਹੈ।