Guru Nanak Dev Ji reading: ਗੁਰੂ ਨਾਨਕ ਦੇਵ ਜੀ ਦੇ ਸੱਤ ਸਾਲ ਦੇ ਹੋਣ ਤੇ ਪਿਤਾ ਕਾਲੂ ਜੀ ਪੰਡਿਤ ਜੀ ਕੋਲ ਗਏ ਕਿ ਨਾਨਕ ਨੂੰ ਪੜਾਉਣਾ ਹੈ ਆਪ ਕੋਈ ਮਹੂਰਤ ਦੇਖੋ। ਪੰਡਿਤ ਜੀ ਨੇ ਪੱਤ੍ਰੀ ਸੋਧਕੇ ਆਖਿਆ ਅੱਜ ਦਾ ਮਹੂਰਤ ਭਲਾ ਹੈ ਮੱਘਰ ਮਹੀਨਾ ਪੰਚਮੀ ਤਿੱਥੀ ਹੈ ਵੀਰਵਾਰ ਰੋਹਨੀ ਨਛੱਤ੍ਰ ਹੈ । ਤਾਂ ਕਾਲੂ ਜੀ ਕੇਸਰ ,ਸੁਪਾਰੀ ,ਚਾਵਲ ਅਤੇ ਪ੍ਰਸ਼ਾਦ ਅਤੇ ਗੁਰੂ ਨਾਨਕ ਜੀ ਨੂੰ ਨਾਲ ਲੈ ਕੇ ਆਏ । ਪਿਤਾ ਕਾਲੂ ਜੀ ਕਿਹਾ ਪੁੱਤਰ ਨਾਨਕ ਤੂੰ ਪਾਂਧੇ ਕੋਲ ਬੈਠ ਅਤੇ ਪੜ । ਗੁਰੂ ਜੀ ਕਿਹਾ ਭਲਾ ਪਿਤਾ ਜੀ । ਪਾਂਧੇ ਨੇ ਗਨੇਸ਼ ਜੀ ਮਨਾ ਕੇ ਪ੍ਰਸ਼ਾਦ ਵਰਤਾਇਆ ਤੇ ਪੈਂਤੀ ਲਿਖ ਦਿੱਤੀ । ਗੁਰੂ ਜੀ ਸਾਰਾ ਦਿਨ ਪੜੇ ਅਤੇ ਰਾਤ ਪਈ ਘਰ ਪਹੁੰਚੇ । ਘਰ ਪਹੁੰਚਦਿਆ ਮਾਤਾ ਜੀ ਨੇ ਲਾਡ ਲਡਾਇਆ ਅਤੇ ਪ੍ਰਸ਼ਾਦਾ ਦਿੱਤਾ ।
ਸਵੇਰੇ ਮਾਤਾ ਜੀ ਨੇ ਗੁਰੂ ਨਾਨਕ ਜੀ ਨੂੰ ਇਸਨਾਨ ਕਰਵਾ ਕੇ ਤਿਆਰ ਕਰਕੇ ਪ੍ਰਸ਼ਾਦਾ ਛਕਾਇਆ । ਫਿਰ ਗੁਰੂ ਨਾਨਕ ਜੀ ਪਿਤਾ ਜੀ ਦੇ ਨਾਲ ਪਾਂਧੇ ਵੱਲ ਚੱਲ ਪਏ। ਪਾਂਧੇ ਕੋਲ ਪਹੁੰਚੇ ਤਾਂ ਪਾਂਧੇ ਫਿਰ ਪੱਟੀ ਲਿਖ ਦਿੱਤੀ । ਗੁਰੂ ਨਾਨਕ ਜੀ ਕਿਹਾ ਤੁਸੀ ਆਪ ਕੁਝ ਪੜੇ ਹੋ ਜੋ ਮੈਨੂੰ ਪੜਾ ਰਹੇ ਹੋ ? ਪਾਂਧੇ ਆਖਿਆ ਹਾਂ ਬਿਲਕੁਲ ਮੈਂ ਸਭ ਕੁਝ ਪੜਿਆ ਹਾਂ ਜਮਾਂ ਖਰਚ ,ਲੈਣਾ ਦੇਣਾ , ਮਿਣਤੀ ਗਿਣਤੀ ਹੋਰ ਗਾਇਤ੍ਰੀ ਤਰਪਣ , ਸੰਧਿਆ ਬੇਦ ਪਾਠ ਸਭ ਕੁਝ ਪੜਿਆਂ ਹਾਂ । ਤਾਂ ਗੁਰੂ ਜੀ ਆਖਿਆ ਪਾਂਧਾ ਜੀ ਇਹ ਸਭ ਪੜਨ ਨਾਲ ਗੱਲ ਚ ਫਾਹਾ ਪੈਂਦਾ ਹੈ ਇਹ ਜੋ ਪੜਣਾ ਹੈ ਸਭ ਬਾਦ ਹੈ । ਪਾਂਧੇ ਆਖਿਆ ਹੋਰ ਕਿਹੜਾ ਪੜਨਾ ਹੈ ਜਿਸ ਕਰਕੇ ਫਾਹੇ ਨਾ ਪੈਣ ਜੇ ਜਾਣਦਾ ਹੈ ਤਾਂ ਸਾਨੂੰ ਸੁਣਾ ਅਤੇ ਸਾਰਾ ਸੰਸਾਰ ਤਾਂ ਇਹੋ ਹੀ ਪੜਦਾ ਹੈ।