ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਜੋੜ ਮੇਲ ਦਾ ਸ੍ਰੀ ਫਤਿਹਗੜ੍ਹ ਸਾਹਿਬ ਵਿੱਚ ਅੱਜ ਅੱਜ ਦੂਜਾ ਦਿਨ ਹੈ। ਤੜਕਸਾਰ ਤੋਂ ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਨਤਮਸਤਕ ਹੋਣ ਲਈ ਪਹੁੰਚ ਰਹੀਆਂ ਹਨ। ਦਸਮੇਸ਼ ਪਿਤਾ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਾਰ ਸਿੰਘ ਤੇ ਬਾਬਾ ਫਤਿਹ ਸਿੰਘ, ਜਿਨ੍ਹਾਂ ਦੀ ਉਮਰ ਸਿਰਫ 5 ਸਾਲ ਤੇ ਸੱਤ ਸਾਲ ਸੀ, ਜਿਸ ਉਮਰ ਬੱਚੇ ਸਿਰਫ ਖੇਡਣਾ ਜਾਣਦੇ ਹਨ, ਉਸ ਵੇਲੇ ਦੋਵੇਂ ਨਿੱਕੀਆਂ ਜਿੰਦਾਂ ਨੇ ਨੇ ਨਿਡਰਤਾ ਤੇ ਬਹਾਦਰੀ ਨਾਲ ਉਹ ਸ਼ਹਾਦਤ ਦਿੱਤੀ, ਜਿਸ ਨੂੰ ਸੁਣ ਕੇ ਅੱਜ ਵੀ ਰੂਹ ਕੰਬ ਉਠਦੀ ਹੈ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਿੱਖ ਇਤਿਹਾਸ ਦਾ ਉਹ ਨਾਂ ਹਨ, ਜਿਨ੍ਹਾਂ ਨੇ ਪਹਿਲਾਂ ਆਪਣੇ ਪਿਤਾ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਹਿੰਦੂ ਧਰਮ ਰੱਖਿਆ ਲਈ ਸ਼ਹਾਦਤ ਲਈ ਤੋਰਿਆ ਤੇ ਸਮਾਂ ਆਉਣ ‘ਤੇ ਆਪਣੇ ਚਾਰੇ ਪੁੱਤਰ ਵੀ ਧਰਮ ਲਈ ਵਾਰ ਦਿੱਤੇ। ਚਾਰੇ ਸਾਹਿਬਜ਼ਾਦਿਆਂ ਨੇ ਵੀ ਸ਼ਹੀਦ ਹੋ ਕੇ ਆਪਣੇ ਪਿਤਾ ਤੇ ਦਾਦਾ ਜੀ ਦਾ ਨਾਂ ਉੱਚਾ ਕਰਦਿਆਂ ਸ਼ਹਾਦਤ ਦਾ ਜਾਮ ਪੀਤਾ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਇੱਕ ਪਾਸੇ ਮਨੁੱਖੀ ਦਰਿੰਦਗੀ ਦਾ ਘਿਨਾਉਣਾ ਚਿੱਤਰ ਪੇਸ਼ ਕਰਦੀ ਹੈ, ਦੂਜੇ ਪਾਸੇ ਸਾਹਿਬਜ਼ਾਦਿਆਂ ਦੇ ਅੰਦਰ ਜੂਝ ਮਰਨ ਅਤੇ ਸਿੱਖੀ ਸਿਦਕ ਦੀ ਭਾਵਨਾ ਦੇ ਸਿਖਰ ਨੂੰ ਪ੍ਰਗਟ ਕਰਦੀ ਹੈ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 6 ਤੇ 7 ਪੋਹ ਦੀ ਰਾਤ ਨੂੰ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਦਿੱਤਾ ਸੀ ਜਿਵੇਂ ਹੀ ਗੁਰੂ ਜੀ ਦਾ ਪਰਿਵਾਰ ਤੇ ਸਿੰਘ ਆਨੰਦਪੁਰ ਸਾਹਿਬ ਤੋਂ ਥੋੜ੍ਹਾ ਬਾਹਰ ਆਏ ਤਾਂ ਪਿੱਛੇ ਤੋਂ ਮੁਗਲਾਂ ਤੇ ਰਾਜਿਆਂ ਨੇ ਆਪਣੀਆਂ ਕਸਮਾਂ ਨੂੰ ਤੋੜਦੇ ਹੋਏ ਧੋਖੇ ਨਾਲ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਇਹ ਲੜਾਈ ਆਨੰਦਪੁਰ ਸਾਹਿਬ ਤੋਂ ਸ਼ੁਰੂ ਹੋ ਕੇ ਸਰਸਾ ਨਦੀ ਤੱਕ ਹੁੰਦੀ ਰਹੀ। ਗੁਰੂ ਜੀ ਦਾ ਪਰਿਵਾਰ ਤਿੰਨ ਹਿੱਸਿਆਂ ਵਿਚ ਵਿਛੜ ਗਿਆ। ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦੇ ਗੁਰੂ ਜੀ ਦੇ ਰਸੋਈਏ ਗੰਗੂ ਨਾਲ ਸਹੇੜੀ ਆ ਗਏ। ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਕੌਰ ਜੀ ਭਾਈ ਮਨੀ ਸਿੰਘ ਨਾਲ ਦਿੱਲੀ ਚਲੇ ਗਏ ਅਤੇ ਗੁਰੂ ਜੀ ਆਪਣੇ ਦੋ ਵੱਡੇ ਸਾਹਿਬਜ਼ਾਦਿਆਂ, ਪੰਜ ਪਿਆਰਿਆਂ ਤੇ ਕੁਝ ਕੁ ਸਿੰਘਾਂ ਨਾਲ ਚਮਕੌਰ ਸਾਹਿਬ ਦੀ ਕੱਚੀ ਗੜ੍ਹੀ ‘ਚ ਆ ਠਹਿਰੇ।
ਮੁਗਲ ਫੌਜ ਤੇ ਪਹਾੜੀ ਹਿੰਦੂ ਰਾਜਿਆਂ ਦੀ ਲਗਭਗ 10 ਲੱਖ ਫੌਜ ਇਕੱਠੀ ਹੋ ਕੇ ਚਮਕੌਰ ਸਾਹਿਬ ਆ ਪੁੱਜੀ। ਗੁਰੂ ਜੀ ਕੋਲ ਸਿਰਫ 40 ਸਿੰਘ ਹੀ ਸਨ। ਗੁਰੂ ਜੀ ਨੇ ਸਾਰਿਆਂ ਨੂੰ ਇੱਕ ਥਾਂ ‘ਤੇ ਇਕੱਠੇ ਹੋ ਕੇ ਉਨ੍ਹਾਂ ਨੂੰ ਵੱਖ-ਵੱਖ ਜਥੇ ਬਣਾ ਕੇ ਲੜਾਈ ਕਰਨ ਦਾ ਹੁਕਮ ਦਿੱਤਾ ਅਤੇ ਗੜ੍ਹੀ ‘ਚ ਥਾਂ-ਥਾਂ ‘ਤੇ ਮੋਰਚੇ ਲਗਾ ਦਿੱਤੇ ਗਏ। ਗੁਰੂ ਜੀ ਨੇ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਨੂੰ ਤਿਆਰ ਕੀਤਾ। ਗੁਰੂ ਜੀ ਦੇ ਪੰਜ ਪਿਆਰਿਆਂ ‘ਚੋਂ ਭਾਈ ਮੋਹਕਮ ਸਿੰਘ ਬਾਬਾ ਅਜੀਤ ਸਿੰਘ ਜੀ ਨੂੰ ਲੈ ਕੇ ਗੜ੍ਹੀ ਤੋਂ ਬਾਹਰ ਨਿਕਲੇ ਤੇ ਦੁਸ਼ਮਣ ਦੀ ਫੌਜ ‘ਤੇ ਹਮਲਾ ਕਰ ਦਿੱਤਾ। ਇਨ੍ਹਾਂ ਦੋਵਾਂ ਨੇ ਦੁਸ਼ਮਣ ਦੀ ਫੌਜ ‘ਤੇ ਹਮਲਾ ਕਰ ਦਿੱਤਾ। ਵਜ਼ੀਰ ਖਾਨ ਜੋ ਕਿ ਮੁਗਲਾਂ ਦਾ ਜਰਨੈਲ ਸੀ, ਨੇ ਸਾਹਿਬਜ਼ਾਦੇ ਅਜੀਤ ਸਿੰਘ ਨੂੰ ਘੇਰ ਲਿਆ। ਬਾਬਾ ਜੀ ਨੇ ਘੇਰੇ ‘ਚ ਵੀ ਹਜ਼ਾਰਾਂ ਦੁਸ਼ਮਣਾਂ ਨੂੰ ਮੌਤ ਦੇ ਘਾਟ ਉਤਾਰਦੇ ਹੋਏ ਸ਼ਹੀਦੀ ਦਾ ਜਾਮ ਪੀ ਲਿਆ।
ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਕੇ ਸਰਹਿੰਦ ਸੂਬਾ ਵਜ਼ੀਰ ਖਾਨ ਕੋਲ ਲਿਆਂਦਾ ਗਿਆ। ਇਥੇ ਉਨ੍ਹਾਂ ਨੂੰ 3 ਦਿਨ 2 ਰਾਤਾਂ ਠੰਡੇ ਬੁਰਜ ‘ਚ ਕੈਦ ਕਰਨ ਲਈ ਕਿਹਾ ਗਿਆ ਤੇ ਉਨ੍ਹਾਂ ਨੂੰ ਇਸਲਾਮ ਕਬੂਲ ਕਰਨ ਲਈ ਕਈ ਤਰ੍ਹਾਂ ਦੇ ਲਾਲਚ ਵੀ ਦਿੱਤੇ ਗਏ ਪਰ ਸਾਹਿਬਜ਼ਾਦਿਆਂ ਨੇ ਆਪਣਾ ਧਰਮ ਨੂੰ ਤਿਆਗਣਾ ਕਬੂਲ ਨਹੀਂ ਕੀਤਾ। 2 ਦਿਨ ਉਨ੍ਹਾਂ ਨੂੰ ਕਚਹਿਰੀ ‘ਚ ਪੇਸ਼ ਕੀਤਾ ਗਿਆ ਪਰ ਸਾਹਿਬਜ਼ਾਦੇ ਨਹੀਂ ਮੰਨੇ। ਵਜ਼ੀਰ ਖਾਨ ਨੇ ਸਾਹਿਬਜ਼ਾਦਿਆਂ ਨੂੰ ਜਿਊਂਦੇ ਹੀ ਦੀਵਾਰਾਂ ‘ਚ ਚਿੰਨਵਾ ਕੇ ਸ਼ਹੀਦ ਕਰਨ ਦਾ ਹੁਕਮ ਜਾਰੀ ਕਰਵਾ ਦਿੱਤਾ, ਇਸ ਦੇ ਬਾਵਜੂਦ ਦੋਵੇਂ ਸਾਹਿਬਜ਼ਬਾਦੇ ਜ਼ਰਾ ਨਾ ਡੋਲੇ।
ਇਹ ਵੀ ਪੜ੍ਹੋ : ‘ਨਿੱਕੀਆਂ ਜਿੰਦਾਂ ਵੱਡੇ ਸਾਕੇ’- PM ਮੋਦੀ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕੀਤਾ ਯਾਦ
ਸਾਹਿਬਜ਼ਾਦਿਆਂ ਨੂੰ ਵਜ਼ੀਰ ਖਾਨ ਦਾ ਹੁਕਮ ਮਿਲਣ ‘ਤੇ 13 ਪੋਹ (26 ਦਸੰਬਰ) ਨੂੰ ਦੀਵਾਰਾਂ ‘ਚ ਚਿਣਵਾ ਦਿੱਤਾ ਗਿਆ ਤੇ ਜਦੋਂ ਸਾਹਿਬਜ਼ਾਦੇ ਦੀਵਾਰਾਂ ‘ਚ ਬੇਹੋਸ਼ ਹੋ ਗਏ ਤਾਂ ਉਨ੍ਹਾਂ ਨੂੰ ਬਾਹਰ ਕੱਢ ਕੇ ਸ਼ਹੀਦ ਕਰ ਦਿੱਤਾ ਗਿਆ। ਜਿਸ ਵੇਲੇ ਮਾਤਾ ਗੁਜਰੀ ਜੀ ਨੂੰ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਪਤਾ ਲਗਾ ਤਾਂ ਉਹ ਵੀ ਅਕਾਲ ਪੁਰਖ ਦੇ ਚਰਨਾਂ ‘ਚ ਜਾ ਬਿਰਾਜੇ। ਇਹ ਨਿੱਕੇ ਉਮਰੇ ਇੰਨੀ ਵੱਡੀ ਸ਼ਹਾਦਤ ਦੇ ਕੇ ਇਤਿਹਾਸ ਵਿਚ ਆਪਣਾ ਨਾਂ ਅਮਰ ਕਰ ਗਏ। ਦਸਮੇਸ਼ ਪਿਤਾ ਦੇ ਇਨ੍ਹਾਂ ਮਾਸੂਮ ਪਰ ਬਹਾਦਰ ਜਿੰਦਾਂ ਨੂੰ ਕੋਟਿ-ਕੋਟਿ ਪ੍ਰਣਾਮ ਕਰਦੇ ਹਾਂ।
ਵੀਡੀਓ ਲਈ ਕਲਿੱਕ ਕਰੋ -: